ਆਈ. ਆਰ. ਡੀ. ਨੇ ਨਵੇਂ ਟੈਲੀਫ਼ੋਨ ਘੁਟਾਲੇ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ

IRD-logo1ਆਕਲੈਂਡ, 23 ਜੁਲਾਈ (ਕੂਕ ਸਮਾਚਾਰ) – 22 ਜੁਲਾਈ ਨੂੰ ਇਨਲੈਂਡ ਰੈਵੀਨਿਊ ਡਿਪਾਰਟਮੈਂਟ (ਆਈ. ਆਰ. ਡੀ.) ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਭਰ ‘ਚੋਂ ਸ਼ਿਕਾਇਤਾਂ ਮਿਲ ਰਹੀਆ ਹਨ ਕਿ ਆਰੀ. ਆਰ. ਡੀ. ਦਾ ਨਾਮ ਵਰਤ ਕੇ ਜਾਲ੍ਹਸਾਜ਼ ਲੋਕ ਪੈਸੇ ਲਈ ਦੇਸ਼ ਦੇ ਆਮ ਲੋਕਾਂ ਨੂੰ ਆਈ. ਆਰ. ਡੀ. ਦੇ 0800 ਤੋਂ ਫ਼ੋਨ ਕਾਲ ਕਰਕੇ ਨਿਸ਼ਾਨਾ ਬਣਾ ਰਹੇ ਹੈ। ਇਨ੍ਹਾਂ ਜਾਲ੍ਹਸਾਜ਼ਾਂ ਵੱਲੋਂ ਆਮ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਇੰਨੇ ਪੈਸਿਆਂ ਦਾ ਭੁਗਤਾਨ ਹੁਣੇ ਕਰੋ ਜੇ ਨਹੀਂ ਕਰੋਗੇ ਤਾਂ ਦੇਸ਼ ਨਿਕਾਲਾ (ਡਿਪੋਰਟ) ਅਤੇ ਜੇਲ੍ਹ ਭੇਜਣ ਦੇ ਵੀ ਡਰਾਵੇ ਦਿੱਤੇ ਜਾ ਰਹੇ ਹਨ। ਆਈ. ਆਰ. ਡੀ. ਨੇ ਇਨ੍ਹਾਂ ਧੋਖੇਬਾਜ਼ਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਆਈ. ਆਰ. ਡੀ. ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਜਿਹੀ ਫ਼ੋਨ ਕਾਲਾਂ ਨਹੀਂ ਕੀਤੀਆਂ ਜਾ ਰਹੀਆਂ ਹਨ।
ਗੌਰਤਲਬ ਹੈ ਕਿ ਧੋਖੇਬਾਜ਼ਾਂ ਵੱਲੋਂ ਕਿਹਾ ਜਾਂਦਾ ਹੈ ਕਿ 30 ਮਿੰਟ ਦੇ ਅੰਦਰ ਤੁਸੀਂ ਐਨ ਜ਼ੈੱਡ ਪੋਸਟ ਉੱਪਰ ਜਾ ਕੇ Prezzie (ਪ੍ਰੀਜ਼ੀ) ਕਾਰਡ ਰਾਹੀ ਪੈਸੇ ਪਾ ਕੇ ਉਸ ਦਾ ਰਸੀਦੀ ਨੰਬਰ ਉਨ੍ਹਾਂ ਨੂੰ ਦਿਓ। ਧੋਖੇਬਾਜ਼ਾਂ ਵੱਲੋਂ ਧਮਕਾਇਆ ਜਾ ਰਿਹਾ ਹੈ ਕਿ ਜੇ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਤੁਹਾਡੇ ਵਿਰੁੱਧ ਅਦਾਲਤੀ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਦੇਸ਼ ਨਿਕਾਲਾ (ਡਿਪੋਰਟ) ਦੇ ਨਾਲ-ਨਾਲ ਜੇਲ੍ਹ ਭੇਜਣ ਦਾ ਵੀ ਕਹਿ ਰਹੇ ਹਨ। ਜ਼ਿਕਰਯੋਗ ਹੈ ਕਿ ਉਹ ਧੋਖੇਬਾਜ਼ ਇੰਨੇ ਸ਼ਾਤਰ ਹਨ ਕਿ ਉਹ ਤੁਹਾਡੀ ਭਾਸ਼ਾ (ਯਾਨੀ ਕਿਸੇ ਵੀ ਭਾਸ਼ਾ) ਵਿੱਚ ਵੀ ਗੱਲ ਕਰਨ ਲੱਗ ਜਾਂਦੇ ਹਨ ਅਤੇ ਜੇ ਜ਼ਿਆਦਾ ਕਹੋ ਤਾਂ ਗਾਲੀ ਗਲੋਚ ਤੱਕ ਵੀ ਆ ਜਾਂਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਫ਼ੋਨ ਹੋਲਡ ਕੀਤਾ ਹੈ ਤੇ ਪੈਸੇ ਪੋਸਟ ਸ਼ਾਪ ‘ਤੇ ਜਾ ਪਾਓ ਤੇ ਸਾਨੂੰ ਦੱਸੋ, ਉਹ ਤੁਹਾਡਾ ਫ਼ੋਨ ਤੱਕ ਹੋਲਡ ਕਰ ਦਿੰਦੇ ਹਨ।
ਆਈ. ਆਰ. ਡੀ. ਦਾ ਕਹਿਣਾ ਹੈ ਕਿ ਤੁਸੀਂ ਇਨ੍ਹਾਂ ਧੋਖੇਬਾਜ਼ਾਂ ਤੋਂ ਸੁਚੇਤ ਰਹੋ ਅਤੇ ਉਨ੍ਹਾਂ ਨੂੰ ਆਪਣੀ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਨਾ ਦਿਓ। ਜੇ ਅਜਿਹੇ ਫ਼ੋਨ ਕਾਲ ਆਉਂਦੀ ਹੈ ਕਿ ਤੁਸੀਂ ਉਨ੍ਹਾਂ ਨਾਲ ਬਹੁਤੀ ਗੱਲਬਾਤ ਨਾ ਕਰੋ ਅਤੇ ਫ਼ੋਨ ਡਿਸਕਨੈੱਕਟ ਕਰ ਦਿਓ।
ਆਈ. ਆਰ. ਡੀ. ਦਾ ਕਹਿਣਾ ਹੈ ਕਿ ਇਹ ਸਾਈਬਰ ਕ੍ਰਾਈਮ ਹੈ ਅਤੇ ਇਸ ਵਿੱਚ ਪੁਲਿਸ ਦੇ ਨਾਲ-ਨਾਲ ਸਾਈਬਰ ਕ੍ਰਾਈਮ ਵਿਭਾਗ ਦੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ ਇਨ੍ਹਾਂ ਧੋਖੇਬਾਜ਼ਾਂ ਦਾ ਜਲਦੀ ਤੋਂ ਜਲਦੀ ਪਤਾ ਲੱਗ ਸੱਕੇ।