ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ

Kanwajit9 ਮਾਰਚ ਦੇ ਅੰਕ ਲਈ ਬਰਸੀ ਤੇ ਵਿਸ਼ੇਸ਼
ਹਰ ਸਿਆਸੀ ਪਾਰਟੀ ਅਤੇ ਅਦਾਰੇ ਵਿੱਚ ਕੋਈ ਇੱਕ ਵਿਅਕਤੀ ਅਜਿਹਾ ਹੁੰਦਾ ਹੈ, ਜਿਸ ਕੋਲ ਹਰ ਸਮੱਸਿਆ ਨਾਲ ਨਿਪਟਣ ਦਾ ਨੁਸਖ਼ਾ ਹੁੰਦਾ ਹੈ, ਜਾਂ ਇਉਂ ਕਹਿ ਲਵੋ ਕਿ ਉਸ ਸਮੱਸਿਆ ਨੂੰ ਹੱਲ ਕਰਨ ਦੀ ਉਸ ਵਿਅਕਤੀ ਵਿੱਚ ਕਾਬਲੀਅਤ ਹੁੰਦੀ ਹੈ। ਅਜਿਹੇ ਵਿਅਕਤੀ ਸਾਧਾਰਨ ਕਿਸਮ ਦੇ ਨਹੀਂ ਹੁੰਦੇ, ਉਨ੍ਹਾਂ ਦਾ ਵਿਅਕਤਿਤਵ ਵਿਲੱਖਣ ਹੁੰਦਾ ਹੈ। ਅਕਾਲੀ ਦਲ ਵਿੱਚ ਇਕ ਅਜਿਹਾ ਧਰਮ ਨਿਰਪੱਖ ਅਤੇ ਸਰਬਤ ਦਾ ਭਲਾ ਕਰਨ ਵਾਲਾ ਟਕਸਾਲੀ ਪਰਿਵਾਰ ਐਡਵੋਕੇਟ ਦਾਰਾ ਸਿੰਘ ਦਾ ਹੈ, ਜਿਹੜਾ ਅਕਾਲੀ ਸਿਆਸਤ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਦਾਰਾ ਸਿੰਘ ਐਡਵੋਕੇਟ ਅਜਿਹਾ ਵਿਅਕਤੀ ਸੀ ਜਿਸ ਤੋਂ ਵੱਡੇ ਵੱਡੇ ਸਿਆਸੀ ਨੇਤਾ ਸਿਆਸੀ ਸਲਾਹ ਅਤੇ ਆਰਥਿਕ ਮਦਦ ਲੈ ਕੇ ਸਿਆਸਤ ਕਰਦੇ ਸਨ। ਉਨ੍ਹਾਂ ਵਿੱਚ ਹਰਕਿਸ਼ਨ ਸਿੰਘ ਸੁਰਜੀਤ ਅਤੇ ਗਿਆਨੀ ਜ਼ੈਲ ਸਿੰਘ ਦੇ ਨਾਂ ਵਰਨਣਯੋਗ ਹਨ। ਸੁਰਜੀਤ ਸਿੰਘ ਬਰਨਾਲਾ ਅਤੇ ਜਸਦੇਵ ਸਿੰਘ ਸੰਧੂ ਨੇ ਵੀ ਸਿਆਸੀ ਗੁੜ੍ਹਤੀ ਦਾਰਾ ਸਿੰਘ ਤੋਂ ਲਈ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਸਪੁੱਤਰ ਕੈਪਟਨ ਕੰਵਲਜੀਤ ਸਿੰਘ ਇਮਾਨਦਾਰ ਅਤੇ ਵਿਦਵਾਨ ਸਿਆਸਤਦਾਨ ਦੇ ਤੌਰ ‘ਤੇ ਹਰਫ਼ਨ-ਮੌਲਾ ਸਾਬਤ ਹੋਇਆ। ਅਕਾਲੀ ਦਲ ਬਾਦਲ ਨੂੰ ਕਿਸੇ……… ਵੀ ਸਮੇਂ ਜਦੋਂ ਕਿਸੇ ਗੁੰਝਲਦਾਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਸ ਦੇ ਸੰਕਟ ਮੋਚਨ ਲਈ ਹਮੇਸ਼ਾ ਕੈਪਟਨ ਕੰਵਲਜੀਤ ਸਿੰਘ ਦੀ ਸਲਾਹ ਲਈ ਜਾਂਦੀ ਸੀ। ਸਲਾਹ ਹਮੇਸ਼ਾ ਮੰਨੀ ਵੀ ਜਾਂਦੀ ਸੀ ਕਿਉਂਕਿ ਪਾਰਟੀ ਵਿੱਚ ਕੈਪਟਨ ਕੰਵਲਜੀਤ ਸਿੰਘ ਦੀ ਸਲਾਹ ਨੂੰ ਕੁੱਝ ਨੇਤਾਵਾਂ ਦੇ ਵਿਰੋਧ ਦੇ ਬਾਵਜੂਦ ਪੂਰਾ ਵਜ਼ਨ ਦਿੱਤਾ ਜਾਂਦਾ ਸੀ। ਸਲਾਹ ਲੈਣ ਲਈ ਨੇਤਾ ਸਵੇਰੇ 4-00 ਵਜੇ ਕੈਪਟਨ ਦਾ ਦਰਵਾਜਾ ਖੜਕਾ ਦਿੰਦੇ ਸਨ। ਮੈਨੂੰ ਆਪਣੀ ਸਰਕਾਰ ਨੌਕਰੀ ਸਮੇਂ ਕੈਪਟਨ ਕੰਵਲਜੀਤ ਸਿੰਘ ਨਾਲ ਬਹੁਤ ਹੀ ਨੇੜੇ ਰਹਿ ਕੇ ਕੰਮ ਕਰਨ ਦਾ ਮਾਣ ਪ੍ਰਾਪਤ ਰਿਹਾ ਹੈ। ਮੈਂ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਅਤੇ ਸੂਝ ਦਾ ਕਾਇਲ ਰਿਹਾ ਹਾਂ, ਉਹ ਹਰ ਗੱਲ ਨੂੰ ਨਾਪ ਤੋਲ ਕੇ ਸਿਆਣਪ ਨਾਲ ਵਿਚਾਰਦੇ ਸਨ। ਉਨ੍ਹਾਂ ਕੋਲ ਹਰ ਸੰਜੀਦਾ ਤੋਂ ਸੰਜੀਦਾ ਮਸਲੇ ਦਾ ਸਰਬ ਪ੍ਰਮਾਣਿਤ ਹੱਲ ਕਰਨ ਦਾ ਸਲੀਕਾ ਹੁੰਦਾ ਸੀ। ਕਈ ਮੌਕਿਆਂ ‘ਤੇ ਜਦੋਂ ਕੈਪਟਨ ਕੰਵਲਜੀਤ ਸਿੰਘ ਦੀ ਸਲਾਹ ਨੂੰ ਅਣਡਿੱਠ ਕੀਤਾ ਜਾਂਦਾ ਸੀ ਤਾਂ ਅਕਾਲੀ ਦਲ ਨੂੰ ਉਸ ਸਮੱਸਿਆ ਵਿੱਚ ਉਲਝਦਿਆਂ ਮੈਂ ਖ਼ੁਦ ਆਪਣੇ ਅੱਖੀਂ ਵੇਖਿਆ ਹੈ। ਅਕਾਲੀ ਦਲ ਨੂੰ ਕਈ ਵਾਰੀ ਮੂੰਹ ਦੀ ਖਾਣੀ ਪਈ ਹੈ, ਜਦੋਂ ਕੈਪਟਨ ਕੰਵਲਜੀਤ ਦੀ ਰਾਏ ਨੂੰ ਮੰਨਿਆਂ ਨਹੀਂ ਜਾਂਦਾ ਸੀ। ਪ੍ਰੰਤੂ ਕਈ ਵਾਰ ਅਕਾਲੀ ਦਲ ਵੱਲੋਂ ਆਪਣੀ ਗ਼ਲਤੀ ਨੂੰ ਕੈਪਟਨ ਦੀ ਰਾਏ ਅਨੁਸਾਰ ਦਰੁਸਤ ਵੀ ਕਰ ਲਿਆ ਜਾਂਦਾ ਸੀ ਭਾਵੇਂ ਉਹ ਦੇਰ ਆਏ ਦਰੁਸਤ ਆਏ ਦੀ ਕਹਾਵਤ ਹੀ ਹੁੰਦੀ ਸੀ। ਜਦੋਂ ਉਸ ਦੀ ਗੱਲ ਮੰਨੀ ਨਹੀਂ ਜਾਂਦੀ ਸੀ ਤਾਂ ਉਹ ਸਾਰੀ ਸੀਨੀਅਰ ਲੀਡਰਸ਼ਿਪ ਦੇ ਸਾਹਮਣੇ ਖ਼ਤਰਨਾਕ ਨਤੀਜਿਆਂ ਦੀ ਉਡੀਕ ਕਰਨ ਦੀ ਵੰਗਾਰ ਵੀ ਦੇ ਦਿੰਦਾ ਸੀ ਪ੍ਰੰਤੂ ਜੇਕਰ ਪਾਰਟੀ ਨੇ ਕਿਸੇ ਸਿਆਸੀ ਮਜਬੂਰੀ ਕਾਰਨ ਕੈਪਟਨ ਸਾਹਿਬ ਦੀ ਸਲਾਹ ਨੂੰ ਨਾ ਮੰਨਣਾ ਹੁੰਦਾ ਤਾਂ ਉਹ ਕੈਪਟਨ ਨੂੰ ਵਿਸ਼ਵਾਸ ਵਿੱਚ ਲੈ ਕੇ ਫ਼ੈਸਲਾ ਕਰਦੇ ਸਨ। ਕੈਪਟਨ ਸਲਾਹ ਬੇਬਾਕ ਹੋ ਕੇ ਦਿੰਦਾ ਸੀ। ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ ਸੀ। ਜਦੋਂ ਕਿਸੇ ਸਿਆਸੀ ਨੇਤਾ ਉੱਪਰ ਕੋਈ ਵੀ ਇਲਜ਼ਾਮ ਲਗਦਾ ਸੀ ਤਾਂ ਕੈਪਟਨ ਕੰਵਲਜੀਤ ਸਿੰਘ ਦਲੇਰੀ ਨਾਲ ਉਸ ਨੇਤਾ ਦੇ ਅਸਤੀਫ਼ੇ ਦੀ ਮੰਗ ਕਰਦਾ ਸੀ। ਭਾਵੇਂ ਉਹ ਨੇਤਾ ਕਿਤਨਾ ਹੀ ਸੀਨੀਅਰ ਕਿਉਂ ਨਾ ਹੋਵੇ ਕਿਉਂਕਿ ਉਹ ਪਾਰਟੀ ਦੀ ਸ਼ਾਖ਼ ਤੇ ਧੱਬਾ ਨਹੀਂ ਲੱਗਣ ਦੇਣਾ ਚਾਹੁੰਦੇ ਸਨ। ਪਾਰਟੀ ਕੈਪਟਨ ਕੰਵਲਜੀਤ ਸਿੰਘ ਦੀ ਰਾਏ ਦੀ ਆੜ ਵਿੱਚ ਅਸਤੀਫ਼ਾ ਲੈ ਲੈਂਦੀ ਸੀ। ਇਸੇ ਕਰਕੇ ਉਨ੍ਹਾਂ ਨੂੰ ਅਕਾਲੀ ਦਲ ਦਾ ਸੰਕਟ ਮੋਚਨ ਕਿਹਾ ਜਾਂਦਾ ਸੀ। ਸੰਕਟ ਮੋਚਨ ਦੀ ਸੜਕ ਦੁਰਘਟਨਾ ਵਿੱਚ ਮੌਤ ਵੀ ਸ਼ੱਕ ਦੇ ਘੇਰਿਆਂ ਵਿੱਚ ਰਹੀ ਹੈ। ਇਸੇ ਕਰਕੇ ਉਸ ਦੀ ਧੜੱਲੇਦਾਰੀ ਨਾਲ ਦਿੱਤੀ ਰਾਏ ਉਸ ਦੇ ਪਰਿਵਾਰ ਉੱਪਰ ਸਿਆਸੀ ਬਿਜਲੀ ਬਣ ਕੇ ਡਿੱਗੀ ਹੈ। ਸਿਆਸੀ ਵਿਰੋਧੀਆਂ ਨੇ ਬਦਲਾ ਲੈਂਦਿਆਂ ਟਕਸਾਲੀ ਪਰਿਵਾਰ ਨੂੰ ਰੋਲ ਦਿੱਤਾ ਹੈ, ਇਸ ਵਿੱਚ ਪਰਿਵਾਰ ਨੇ ਵੀ ਸੰਜੀਦਗੀ ਤੋਂ ਕੰਮ ਨਹੀਂ ਲਿਆ ਅਤੇ ਪਰਿਵਾਰ ਖੱਖੜੀਆਂ ਖੱਖੜੀਆਂ ਹੋ ਗਿਆ ਹੈ। ਜਿਹੜਾ ਨੇਤਾ ਟਿਕਟਾਂ ਵੰਡਦਾ ਸੀ ਅੱਜ ਉਸ ਦਾ ਪਰਿਵਾਰ ਬੇਟਿਕਟ ਹੈ। ਪਰਿਵਾਰ ਆਪਣੇ ਅਸਤਿਤਵ ਲਈ 29 ਮਾਰਚ ਨੂੰ ਕੈਪਟਨ ਕੰਵਲਜੀਤ ਸਿੰਘ ਦੀ ਸਿਆਸੀ ਕਰਮ ਭੂਮੀ ਡੇਰਾ ਬਸੀ ਹਲਕੇ ਦੇ ਨਾਭਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਬਰਸੀ ਦਾ ਸਮਾਗਮ ਕਰ ਰਿਹਾ ਹੈ। ਸਿਆਸਤ ਦੀ ਚਿੱਟੀ ਚਾਦਰ ਦਾ ਰਖਵਾਲੇ ਦੀ ਯਾਦ ਤੇ ਸਿਆਸਤ ਕੀਤੀ ਜਾਵੇਗੀ।
ਲੇਖਕ- ਉਜਾਗਰ ਸਿੰਘ 
ਸਾਬਕਾ ਜਿੱਲ੍ਹਾ ਲੋਕ ਸੰਪਰਕ ਅਧਿਕਾਰੀ
E-mail : ujagarsingh48@yahoo.com