ਹੁਣ ਸਭ ਨੂੰ 16 ਮਈ ਦੀ ਉਡੀਕ…..!

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ ਵਿੱਚ 16ਵੀਂ ਲੋਕ ਸਭਾ ਦੇ ਗਠਨAmarjit Saini
ਦੀ ਤਿਆਰੀਆਂ ਕੰਢੇ ‘ਤੇ ਹੀ ਹੈ, ਦੇਸ਼ ਵਿੱਚ 7 ਅਪ੍ਰੈਲ ਤੋਂ ਲੋਕ ਸਭਾ ਦੀਆਂ 543 ਸੀਟਾਂ ‘ਤੇ ਵੋਟਾਂ
ਪੈਣ ਦਾ ਸ਼ੁਰੂ ਹੋਇਆ ਅਮਲ ਹੁਣ ਨੌਵੇਂ ਤੇ ਆਖ਼ਰੀ ਪੜਾਅ ਦੇ ਨਾਲ ਸਮਾਪਤ ਹੋਣ ਜਾ ਰਿਹਾ ਹੈ।
ਦੇਸ਼ ਤੇ ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਭਾਰਤੀਆਂ ਅਤੇ ਪੂਰੀ ਦੁਨੀਆ ਨੂੰ 16 ਮਈ ਦੀ ਉਡੀਕ ਹੈ
ਕਿ ਇਨ੍ਹਾਂ ਚੋਣਾਂ ਦੌਰਾਨ ਦੇਸ਼ ਦੇ ਲੋਕਾਂ ਨੇ ਜਮਹੂਰੀ ਹੱਕ ਦੀ ਵਰਤੋਂ ਕਰਦੇ ਹੋਏ ਕਿਹੜੇ ਸਿਆਸੀ
ਦਲ ਨੂੰ ਸਰਕਾਰ ਬਨਾਉਣ ਦਾ ਮੌਕਾ ਦਿੱਤਾ ਹੈ। ਕਿਉਂਕਿ 16 ਮਈ ਨੂੰ ਆਉਣ ਵਾਲੇ ਚੋਣਾਂ ਦੇ
ਨਤੀਜਿਆਂ ਨਾਲ ਹੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦਾ ਮੁਕੰਮਲ
ਅੰਤ ਹੋ ਜਾਣਾ ਅਤੇ ਉਨ੍ਹਾਂ ਦੀ ਥਾਂ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਲਈ ਜੋੜ-ਤੋੜ ਸ਼ੁਰੂ ਹੋ ਜਾਣੀ
ਹੈ। ਹੁਣ ਤੱਕ ਅੱਠਵੇਂ ਪੜਾਅ ਦੌਰਾਨ 502 ਸੀਟਾਂ ਲਈ ਵੋਟਾਂ ਪੈ ਚੁੱਕੀਆਂ ਹਨ ਅਤੇ 12 ਮਈ ਨੂੰ
ਆਖ਼ਰੀ ਨੌਵੇਂ ਪੜਾਅ ਲਈ 41 ਸੀਟਾਂ ਲਈ ਵੋਟਾਂ ਪੈਣੀਆਂ ਰਹਿੰਦਿਆਂ ਹਨ, ਜਿਸ ਵਿੱਚ ਪ੍ਰਮੁੱਖ
ਤੌਰ ‘ਤੇ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ, ਆਪ ਦੇ ਮੁੱਖੀ ਅਰਵਿੰਦ ਕੇਜ਼ਰੀਵਾਲ ਅਤੇ ਹੋਰਾਂ
ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ। ਹੁਣ ਚੋਣਾਂ ਲਗਭਗ ਸਮਾਪਤ ਹੋਣ ਕੰਢੇ ਹੈ ਤੇ ਆਮ ਲੋਕਾਂ ਵਿੱਚ ਚਰਚਾਵਾਂ ਜ਼ੋਰ ਫੜ ਰਹੀਆਂ
ਹਨ ਕਿ ਕਿਹੜੀ ਸਿਆਸੀ ਪਾਰਟੀਆਂ ਮਿਲ ਕੇ ਸਰਕਾਰ ਬਣਾਉਣਗੀਆਂ। ਜਿਸ ਕਿਸੇ ਨਾਲ ਵੀ ਗੱਲ ਕਰ ਲਵੋ ਉਹ ਇਹ
ਕਹਿੰਦਾ ਹੀ ਸੁਣਦਾ ਹੈ ਕਿ ਫਲਾਣੀ ਪਾਰਟੀਆਂ ਨੂੰ ਬਹੁਮਤ ਮਿਲੇਗਾ ਤੇ ਕੋਈ ਕਹਿੰਦਾ ਫਲਾਣੀ ਪਾਰਟੀਆਂ ਮਿਲ ਕੇ ਸਰਕਾਰ
ਬਣਾਉਣਗੀਆਂ। ਵੈਸੇ ਧਿਆਨ ਨਾਲ ਵੇਖੀਏ ਜਾਂ ਵਿਦਵਾਨਾਂ ਦੀ ਰਾਏ ਸੁਣੀਏ ਤਾਂ ਕੋਈ ਵੀ ਸਪਸ਼ਟ ਕਹਿਣ ਨੂੰ ਤਿਆਰ ਨਹੀਂ
ਹੈ ਕਿ ਕਿਸ ਦੀ ਸਰਕਾਰ ਬਣੇਗੀ ਹਾਂ ਇਕ ਗੱਲ ਤਾਂ ਜ਼ਰੂਰ ਹੈ ਕਿ ਜਿਸ ਕਿਸੇ ਪਾਰਟੀ ਨਾਲ ਜਿਸ ਦਾ ਲਗਾਓ ਹੈ ਉਹ ਉਸ
ਦੀ ਸਰਕਾਰ ਬਣਨ ਦੀ ਗੱਲ ਵਧੇਰੇ ਜ਼ੋਰ ਨਾਲ ਕਰਦਾ ਹੈ। ਇਸ ਵਾਰ ਦੇ ਨਤੀਜਿਆਂ ਦੇ ਹਾਲਾਤ ਪਹਿਲਾਂ ਵਾਂਗ ਨਹੀਂ ਹੈ। ਇਸ
ਵਾਰ ਦੀਆਂ ਚੋਣਾਂ ਵਿੱਚ ਪ੍ਰਮੁੱਖ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ, ਤੀਜੇ ਮੋਰਚੇ ਦੇ ਨਾਲ ਆਮ ਆਦਮੀ ਪਾਰਟੀ ਦਾ
ਚੋਣਾਂ ਵਿੱਚ ਕੁੱਦਣਾ ਬੜਾ ਹੀ ਦਿਲਚਸਪ ਮੁਕਾਬਲਾ ਬਣਾਈ ਬੈਠਾ ਹੈ ਜੇ ਇਸ ‘ਆਪ’ ਦਾ ਜਾਦੂ ਚਲਦਾ ਹੈ ਤਾਂ ਸਾਰੀਆਂ ਹੀ
ਪ੍ਰਮੁੱਖ ਪਾਰਟੀਆਂ ਨੂੰ ਫ਼ਿਕਰਾਂ ਪੈ ਜਾਣੀਆਂ ਹਨ। ਜੋ ਉਨ੍ਹਾਂ ਦੀ ਹਾਲਤ ਵੇਖ ਕੇ ਲਗਦਾ ਹੈ ਕਿ ਜੋ ਪਾਰਟੀਆਂ ਪਹਿਲਾਂ ‘ਆਪ’
ਪਾਰਟੀ ਨੂੰ ਕੋਈ ਬਹੁਤਾ ਮਹੱਤਵ ਨਹੀਂ ਦਿੰਦੇ ਸਨ ਪਰ ਹੁਣ ਆਪਣੇ ਸਿਆਸੀ ਜੋੜ ਤੋੜ ਵਿੱਚ ਹੋਣ ਵਾਲੇ ਨੁਕਸਾਨ ਲਈ ਉਸ
ਨਾਲ ਵੀ ਜਮ੍ਹਾ ਘੱਟਾ ਕਰ ਰਹੇ ਹਨ। ਚੋਣਾਂ ਤਾਂ ਪਹਿਲਾਂ ਵੀ ਹਾਈਟੈੱਕ ਢੰਗ ਤਰੀਕੇ ਨਾਲ ਹੋਈ ਸਨ ਪਰ ਇਸ ਵਾਰ ਜੋ ਰੰਗ
ਸੋਸ਼ਲ ਨੈੱਟਵਰਕਿੰਗ ਸਾਈਟਾਂ ਨੇ ਬੰਨ੍ਹਿਆਂ ਉਹ ਪਹਿਲਾਂ ਕਿਧਰੇ ਵੀ ਨਜ਼ਰ ਨਹੀਂ ਆਈਆ। ਇਸ ਨਾਲ ਇਹ ਗੱਲ ਸਾਫ਼ ਹੁੰਦੀ
ਹੈ ਕਿ ਹੁਣ ਵਾਕਈ ਜ਼ਮਾਨਾ ਤਕਨਾਲੋਜੀ ਦਾ ਹੈ ਤੇ ਇਨ੍ਹਾਂ ਨੈੱਟਵਰਕਿੰਗ ਸਾਈਟਾਂ ਦੇ ਰਾਹੀ ਪ੍ਰਚਾਰ ਨੂੰ ਭਰਵਾਂ ਹੁੰਗਾਰਾ ਮਿਲਿਆ
ਹੈ। ਦੇਸ਼-ਵਿਦੇਸ਼ਾਂ ਵਿੱਚ ਬੈਠਿਆਂ ਆਮ ਲੋਕਾਂ ਨੇ ਅਜਿਹਾ ਪ੍ਰਚਾਰ ਪਹਿਲਾਂ ਕਦੀ ਨਹੀਂ ਕੀਤਾ। ਇਹ ਪ੍ਰਚਾਰ ਹੁਣ ਕੀ ਰੰਗ ਲੈ
ਕਿ ਆਉਂਦਾ ਹੈ ਇਹ ਤਾਂ ਗਿਣਤੀ ਵਾਲੇ ਦਿਨ ਦਾ ਸਮਾਂ ਹੀ ਦੱਸੇਗਾ। ਪਰ ਮਜ਼ੇ ਦੀ ਗੱਲ ਇਹ ਵੀ ਹੈ ਕਿ ਇਸ ਵਾਰ ਦੀਆਂ
ਚੋਣਾਂ ‘ਚ ਵੋਟਾਂ ਦਾ ਫੀਸਦੀ (%) ਕਮਾਲ ਦਾ ਵਧਿਆ ਹੈ। 7 ਮਈ ਨੂੰ 7 ਸੂਬਿਆਂ ਦੀਆਂ 64 ਸੀਟਾਂ ਲਈ ਪਇਆਂ ਵੋਟਾਂ ਵਿੱਚ
ਲੋਕ ਨੇ 82 ਫੀਸਦੀ ਦੇ ਲਗਭਗ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ, ਇਸੇ ਤਰ੍ਹਾਂ ਪਈਆਂ ਵੋਟਾਂ ਦੇ ਹਰ ਪੜਾਅ
ਵਿੱਚ ਲਗਭਗ ਹਰ ਸੂਬੇ ਵਿੱਚ ਵੋਟ ਫੀਸਦੀ ਵਧੀ ਹੈ। 8ਵੇਂ ਪੜਾਅ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ 66.27 ਫੀਸਦੀ
ਰਿਕਾਰਡ ਮੱਤਦਾਨ ਦਰਜ ਕੀਤਾ ਗਿਆ ਜਿਸ ਨੇ 1984 ਦੀਆਂ ਲੋਕ ਸਭਾ ਚੋਣਾਂ ਵਿੱਚ ਹੋਏ ਸਭ ਤੋਂ ਵੱਧ 64 ਫੀਸਦੀ ਮੱਤਦਾਨ
ਨੂੰ ਵੀ ਪਿਛੇ ਛੱਡ ਦਿੱਤਾ ਹੈ। ਬਾਕੀ ਪੂਰਾ ਹਿਸਾਬ ਤਾਂ 12 ਮਈ ਨੂੰ ਹੋਣ ਵਾਲੇ ਆਖ਼ਰੀ ਪੜਾਅ ਵਿੱਚ ਪਤਾ ਲੱਗੇਗਾ ਕਿ ਇਸ
ਵਾਰ ਪਿਛਲੀ ਵਾਰੀ ਨਾਲੋਂ ਕਿੰਨੇ ਫੀਸਦੀ ਵੱਧ ਜਾਂ ਘੱਟ ਵੋਟਾਂ ਪਈਆਂ ਹਨ। ਪਰ ਜਿਸ ਕਰਕੇ ਰਾਜਨੀਤਿਕ ਮਾਹਿਰਾਂ ਨੂੰ ਕਿਸੇ
ਸਿਆਸੀ ਪਾਰਟੀ ਦੇ ਜਿੱਤ ਦਾ ਸਾਫ਼ ਅਨੁਮਾਨ ਲਾਉਣਾ ਔਖਾ ਹੋ ਗਿਆ ਹੈ। ਇਹ ਤਾਂ ਯਕੀਨੀ ਹੈ ਕਿ ਬਣਨੀ ਤਾਂ ਰਲਵੀਂ
ਮਿਲਵੀਂ ਸਰਕਾਰ ਹੀ ਹੈ, ਉਹ ਭਾਵੇਂ ਕਿਸੇ ਦੀ ਵੀ ਹੋਵੇ।
ਪੰਜਾਬ ਦੀ ਹੀ ਗੱਲ ਕਰੀਏ ਤਾਂ 30 ਅਪ੍ਰੈਲ ਨੂੰ 6ਵੇਂ ਦੌਰਾਨ ਸੂਬੇ ਦੇ 13 ਸੀਟਾਂ ਲਈ ਵੋਟਾਂ ਪਈਆਂ। ਸੂਬੇ ਦੇ ਲੋਕਾਂ
ਨੇ ਜਮਹੂਰੀ ਹੱਕ ਦੀ ਵਰਤੋਂ ਕਰਦੇ ਹੋਏ 70.39 ਫੀਸਦੀ ਵੋਟਾਂ ਪਾਈਆਂ। ਜਦੋਂ ਕਿ ਸਾਲ 2009 ਵਿੱਚ ਹੋਈਆਂ ਚੋਣਾਂ ਦੌਰਾਨ
70.1 ਫੀਸਦੀ ਵੋਟਾਂ ਪਈਆਂ ਸਨ। ਪੰਜਾਬ ‘ਚ ਸੰਗਰੂਰ ਲੋਕ ਸਭਾ ਹਲਕੇ ਵਿੱਚ ਸਭ ਤੋਂ ਜ਼ਿਆਦਾ ਤੇ ਹੁਸ਼ਿਆਰਪੁਰ ‘ਚ ਸਭ
ਤੋਂ ਘੱਟ ਵੋਟਾਂ ਪਈਆਂ। ਖ਼ਾਸ ਗੱਲ ਇਹ ਵੀ ਹੈ ਕਿ ਜਿੱਥੇ ਇਸ ਵਾਰ ਸੂਬੇ ਭਰ ਵਿੱਚ ਵੱਖ ਵੱਖ ਥਾਵਾਂ ‘ਤੇ ਹੋਈਆਂ ਝੜਪਾਂ ‘ਚ
ਪੁਲੀਸ ਨੇ ਕੁੱਲ 4 ਮਾਮਲੇ ਦਰਜ ਕੀਤੇ ਹਨ। ਜਦੋਂ ਕਿ 2009 ਦੀਆਂ ਚੋਣਾਂ ਦੌਰਾਨ 44 ਪੁਲਿਸ ਕੇਸ ਦਰਜ ਹੋਏ ਸਨ।
ਗੌਰਤਲਬ ਹੈ ਕਿ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ‘ਤੇ ਹਾਕਮ ਸ਼੍ਰੋਮਣੀ ਅਕਾਲੀ
ਦਲ ਦੇ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਸੀ ਜੋ ਨਿੰਦਣਯੋਗ ਕਾਰਵਾਈ ਕਹੀ ਜਾ ਸਕਦੀ ਹੈ।
ਸੂਬੇ ਦਾ ਵੋਟ ਫੀਸਦੀ ਵੇਖੀਏ ਤਾਂ ਬਠਿੰਡਾ ‘ਚ 72 ਫੀਸਦੀ, ਅੰਮ੍ਰਿਤਸਰ ‘ਚ 70 ਫੀਸਦੀ, ਗੁਰਦਾਸਪੁਰ ਲੋਕ ਸਭਾ ਹਲਕੇ ‘ਚ
69.73 ਫੀਸਦੀ, ਸੰਗਰੂਰ ‘ਚ 74.04  ਫੀਸਦੀ, ਜਲੰਧਰ ‘ਚ 68 ਫੀਸਦੀ, ਹੁਸ਼ਿਆਰਪੁਰ ‘ਚ 65 ਫੀਸਦੀ, ਆਨੰਦਪੁਰ ਸਾਹਿਬ
‘ਚ 70 ਫੀਸਦੀ, ਲੁਧਿਆਣਾ ‘ਚ 70 ਫੀਸਦੀ, ਫ਼ਤਿਹਗੜ੍ਹ ਸਾਹਿਬ ‘ਚ 71 ਫੀਸਦੀ, ਫ਼ਰੀਦਕੋਟ ‘ਚ 71 ਫੀਸਦੀ, ਫ਼ਿਰੋਜ਼ਪੁਰ
‘ਚ 71 ਫੀਸਦੀ, ਪਟਿਆਲਾ ‘ਚ 71.31 ਫੀਸਦੀ ਅਤੇ ਖਡੂਰ ਸਾਹਿਬ ‘ਚ 68 ਫੀਸਦੀ ਵੋਟਾਂ ਪਈਆਂ। ਜਿਸ ਨਾਲ ਕੁੱਲ 253
ਉਮੀਦਵਾਰ ਦਾ ਭਵਿੱਖ ਮਸ਼ੀਨਾਂ ‘ਚ ਬੰਦ ਹੋ ਗਿਆ। ਜਿਨ੍ਹਾਂ ਪ੍ਰਮੁੱਖ ਸਿਆਸੀ ਆਗੂਆਂ ਦੇ ਭਵਿੱਖ ਦਾ ਫ਼ੈਸਲਾ ਮਸ਼ੀਨਾਂ ਵਿੱਚ ਬੰਦ
ਪਿਆ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਰਾਜ ਸਭਾ ਵਿੱਚ ਵਿਰੋਧੀ
ਧਿਰ ਦੇ ਨੇਤਾ ਅਰੁਣ ਜੇਤਲੀ, ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ
ਹਰਸਿਮਰਤ ਕੌਰ ਬਾਦਲ, ਕਾਮੇਡੀਅਨ ਭਗਵੰਤ ਮਾਨ, ਸਾਬਕਾ ਮੰਤਰੀ ਅੰਬਿਕਾ ਸੋਨੀ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ,
ਮਨਪ੍ਰੀਤ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ ਦੇ ਦੀਪ ਇੰਦਰ ਸਿੰਘ ਢਿੱਲੋਂ,
ਕਾਂਗਰਸ ਦੇ ਵਿਜੇ ਇੰਦਰ ਸਿੰਗਲਾ, ਬਾਲੀਵੁੱਡ ਅਦਾਕਾਰ ਵਿਨੋਦ ਖੰਨਾ, ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ ਦੇ ਮਨਪ੍ਰੀਤ ਸਿੰਘ
ਇਯਾਲੀ, ਕਾਂਗਰਸ ਦੇ ਰਵਨੀਤ ਸਿੰਘ ਬਿੱਟੂ, ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ, ਐੱਚ. ਐੱਸ. ਫੂਲਕਾ, ਸੁਨੀਲ ਜਾਖੜ,
ਸੁੱਚਾ ਸਿੰਘ ਛੋਟੇਪੁਰ ਆਦਿ ਹਨ। ਚੋਣਾਂ ਦੇ ਪ੍ਰਚਾਰ ਦੌਰਾਨ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਸੰਗਰੂਰ, ਗੁਰਦਾਸਪੁਰ, ਹਲਕੇ
ਜ਼ਿਆਦਾ ਸੁਰਖ਼ੀਆਂ ਤੇ ਚਰਚਾ ਵਿੱਚ ਰਹੇ ਸਨ। ਹੁਣ ਸਾਨੂੰ ਸਾਰਿਆਂ ਦੀ ੧੬ ਮਈ ਦੀ ਉਡੀਕ ਹੈ ਜਿਸ ਦਿਨ ਦੇਸ਼ ਦੀਆਂ ਸਿਆਸੀ
ਪਾਰਟੀਆਂ ਦਾ ਆਮ ਲੋਕਾਂ ਦੇ ਵੋਟ ਦੇ ਹੱਲ ਰਾਹੀ ਕੀਤਾ ਲੇਖਾ-ਜੋਖਾ ਸਾਡੇ ਸਾਰਿਆਂ ਦੇ ਸਾਹਮਣੇ ਆਉਣਾ ਹੈ।
-ਅਮਰਜੀਤ ਸਿੰਘ, ਐਡੀਟਰ, Email: [email protected]