ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣੇ

ਨਵੀਂ ਦਿੱਲੀ – 11 ਦਸੰਬਰ ਨੂੰ 47 ਸਾਲਾ ਰਾਹੁਲ ਗਾਂਧੀ ਸਰਬਸੰਮਤੀ ਨਾਲ ਕਾਂਗਰਸ ਦੇ ਪ੍ਰਧਾਨ ਚੁਣ ਲਏ ਗਏ। ਇਸ ਦੀ ਜਾਣਕਾਰੀ ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮੁੱਲਾਪੱਲੀ ਰਾਮਾਚੰਦਰਨ ਨੇ ਦਿੱਤੀ। ਗੌਰਤਲਬ ਹੈ ਕਿ ਨਹਿਰੂ ਗਾਂਧੀ ਪਰਿਵਾਰ ਦੇ ਵੰਸ਼ਜ ਰਾਹੁਲ ਇਸ ਦੌੜ ਵਿੱਚ ਇਕੱਲੇ ਉਮੀਦਵਾਰ ਸੀ। ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਦੀ ਥਾਂ ਲੈਣਗੇ ਜੋ 19 ਸਾਲ ਤਕ ਕਾਂਗਰਸ ਦੇ ਪ੍ਰਧਾਨ ਰਹੇ। ਰਾਹੁਲ ਨੂੰ ਜਨਵਰੀ 2013 ਵਿੱਚ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟਰ ‘ਤੇ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ। ਉਹ ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਸੰਭਾਲ ਲੈਣਗੇ। ਜ਼ਿਕਰਯੋਗ ਹੈ ਕਿ 135 ਸਾਲ ਪੁਰਾਣੀ ਪਾਰਟੀ ਦੀ ਅਗਵਾਈ ਕਰਨ ਵਾਲੇ 15 ਆਗੂਆਂ ਵਿਚੋਂ 4 ਜਣੇ ਗਾਂਧੀ ਨਹਿਰੂ ਪਰਿਵਾਰ ਨਾਲ ਸਬੰਧਿਤ ਹਨ ਅਤੇ ਰਾਹੁਲ ਗਾਂਧੀ ੫ਵੇਂ ਸ਼ਖ਼ਸ ਹਨ ਜੋ ਕਾਂਗਰਸ ਦੀ ਕਮਾਨ ਸੰਭਾਲਣਗੇ।