ਅਨਮੋਲ ਨਾਰੰਗ ਅਮਰੀਕੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਮਹਿਲਾ ਸਿੱਖ ਬਣੀ

ਵਾਸ਼ਿੰਗਟਨ, 17 ਜੂਨ – 23 ਸਾਲਾ ਅਨਮੋਲ ਨਾਰੰਗ ਨੇ ਵੈਸਟ ਪੁਆਇੰਟ ਵਿਖੇ ਅਮਰੀਕਾ ਦੀ ਮਸ਼ਹੂਰ ਯੂਨਾਈਟਿਡ ਸਟੇਟ ਮਿਲਟਰੀ ਅਕੈਡਮੀ ਵਿੱਚੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਲੈਫ਼ਟੀਨੈਂਟ ਬਣ ਗਈ ਹੈ। ਜੌਰਜੀਆ ਦੇ ਰੋਜ਼ਵੈੱਲ ਵਿੱਚ ਜਨਮੀ ਅਤੇ ਪੱਲੀ ਅਨਮੋਲ ਨਾਰੰਗ ਸੈਕਿੰਡ ਲੈਫ਼ਟੀਨੈਂਟ ਬਣ ਗਈ ਹੈ ਤੇ ਅਜਿਹਾ ਕਰਕੇ ਉਸ ਨੇ ਇਤਿਹਾਸ ਸਿਰਜ ਦਿੱਤਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 13 ਜੂਨ ਨੂੰ 1110 ਗ੍ਰੈਜੂਏਟਾਂ ਨੂੰ ਸੰਬੋਧਿਤ ਕੀਤਾ, ਜਿਨ੍ਹਾਂ ਵਿੱਚ ਅਨਮੋਲ ਨਾਰੰਗ ਵੀ ਸ਼ਾਮਲ ਸੀ। ਉਸ ਨੇ ਕਿਹਾ, “ਇਹ ਇਕ ਕਮਾਲ ਦਾ ਅਹਿਸਾਸ ਤੇ ਤਜਰਬਾ ਹੈ।” ਨਾਰੰਗ ਨੇ ਸੀਐੱਨਐੱਨ ਨੂੰ ਦੱਸਿਆ ਹੈ ਉਹ ਅਮਰੀਕਾ ਵਿੱਚ ਆਪਣੇ ਪਰਿਵਾਰ ਦੀ ਦੂਜੀ ਪੀੜ੍ਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਅਤੇ ਦੋਸਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਸੀ ਪਰ ਉਹ ਇਸ ਨੂੰ ਆਨਲਾਈਨ ਦੇਖ ਸਕਦੇ ਸਨ। ਅਨਮੋਲ ਨੇ ਦੱਸਿਆ ਕਿ ਉਸ ਨੂੰ ਪਰਿਵਾਰ ਤੋਂ ਪੂਰੀ ਹਮਾਇਤ ਤੇ ਹੌਸਲਾ ਮਿਲਿਆ।
ਵੈਸਟ ਪੁਆਇੰਟ ਤੋਂ ਪਰਮਾਣੂ ਇੰਜੀਨੀਅਰਿੰਗ ਦੀ ਗ੍ਰੈਜੂਏਟ ਡਿਗਰੀ ਕਰਨ ਤੋਂ ਪਹਿਲਾਂ ਅਨਮੋਲ ਨੇ ਜੌਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਇੱਕ ਵਰ੍ਹੇ ਦੀ ਅੰਡਰ-ਗ੍ਰੈਜੂਏਟ ਪੜ੍ਹਾਈ ਕੀਤੀ। ਉਹ ਹਵਾਈ ਰੱਖਿਆ ਦੇ ਖੇਤਰ ਵਿੱਚ ਕੈਰੀਅਰ ਬਣਾਉਣ ਦੀ ਇੱਛੁਕ ਹੈ। ਅਨਮੋਲ ਨੇ ਦੱਸਿਆ, “ਵੈਸਟ ਪੁਆਇੰਟ ਤੋਂ ਗਰੈਜੂਏਟ ਡਿਗਰੀ ਕਰਨ ਦਾ ਸੁਪਨਾ ਪੂਰਾ ਹੋਣ ‘ਤੇ ਮੈਂ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਕਰ ਰਹੀ ਹਾਂ। ਮੇਰੇ ਭਾਈਚਾਰੇ ਦਾ ਵਿਸ਼ਵਾਸ ਅਤੇ ਸਹਿਯੋਗ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੀ ਮੰਜ਼ਿਲ ਪਾ ਕੇ ਹੋਰ ਸਿੱਖ ਅਮਰੀਕੀਆਂ ਨੂੰ ਇਹ ਦਿਖਾ ਸਕੀ ਹਾਂ ਕਿ ਜੇਕਰ ਇਨਸਾਨ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋਵੇ ਤਾਂ ਕੋਈ ਵੀ ਕੈਰੀਅਰ ਅਸੰਭਵ ਨਹੀਂ ਹੈ”। ਅਨਮੋਲ ਨਾਰੰਗ ਵੱਲੋਂ ਓਕਲਾਹੋਮਾ ਦੇ ਫੋਰਟ ਸਿੱਲ ਤੋਂ ਆਪਣਾ ਬੇਸਿਕ ਆਫ਼ੀਸਰ ਲੀਡਰਸ਼ਿਪ ਕੋਰਸ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਜਨਵਰੀ ਵਿੱਚ ਆਪਣੀ ਪਹਿਲੀ ਤਾਇਨਾਤੀ ਲਈ ਜਪਾਨ ਦੇ ਓਕੀਨਾਵਾ ਵਿੱਚ ਜਾਵੇਗੀ।