ਅਪਰੇਸ਼ਨ ਕਾਵੇਰੀ: 360 ਭਾਰਤੀ ਜਦਾਹ ਤੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਵਤਨ ਪਰਤੇ

ਨਵੀਂ ਦਿੱਲੀ/ਸੂਡਾਨ, 26 ਅਪ੍ਰੈਲ – ਸੂਡਾਨ ’ਚੋਂ ਸੁਰੱਖਿਅਤ ਕੱਢੇ ਗਏ 360 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਜਹਾਜ਼ ਅੱਜ ਦੇਰ ਸ਼ਾਮ ਜਦਾਹ ਤੋਂ ਇੱਥੇ ਹਵਾਈ ਅੱਡੇ ’ਤੇ ਪਹੁੰਚਿਆ। ਸੁਰੱਖਿਅਤ ਵਤਨ ਪਰਤੇ ਭਾਰਤੀਆਂ ਦੇ ਚਿਹਰੇ ’ਤੇ ਖੁਸ਼ੀ ਸੀ। ਇਸ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਦੇ ਦੋ ਫ਼ੌਜੀ ਮਾਲਵਾਹਕ ਜਹਾਜ਼ਾਂ ਨੇ ਸੂਡਾਨ ’ਚੋਂ 250 ਤੋਂ ਜ਼ਿਆਦਾ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ।
ਹਿੰਸਾਗ੍ਰਸਤ ਮੁਲਕ ’ਚੋਂ ਜਲ ਸੈਨਾ ਦੇ ਬੇੜੇ ਆਈਐੱਨਐੱਸ ਸੁਮੇਧਾ ਨੇ ਮੰਗਲਵਾਰ ਨੂੰ 278 ਨਾਗਰਿਕਾਂ ਨੂੰ ਬਚਾਇਆ ਸੀ। ਸਰਕਾਰੀ ਅੰਕੜੇ ਮੁਤਾਬਕ ਹੁਣ ਤੱਕ ਸੂਡਾਨ ’ਚੋਂ ਕਰੀਬ 530 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ।
ਭਾਰਤ ਨੇ ‘ਅਪਰੇਸ਼ਨ ਕਾਵੇਰੀ’ ਮਿਸ਼ਨ ਤਹਿਤ ਜਦਾਹ ’ਚ ਟਰਾਂਜ਼ਿਟ ਸਹੂਲਤ ਕੇਂਦਰ ਬਣਾਇਆ ਹੋਇਆ ਹੈ ਜਿਥੇ ਭਾਰਤੀਆਂ ਨੂੰ ਸੂਡਾਨ ’ਚੋਂ ਕੱਢ ਕੇ ਲਿਆਂਦਾ ਜਾ ਰਿਹਾ ਹੈ। ਹਵਾਈ ਸੈਨਾ ਦਾ ਸੀ130ਜੇ ਮਾਲਵਾਹਕ ਜਹਾਜ਼ ਹੋਰ ਭਾਰਤੀਆਂ ਨੂੰ ਕੱਢਣ ਲਈ ਸੂਡਾਨ ਬੰਦਰਗਾਹ ’ਤੇ ਉਤਰਿਆ ਸੀ। ਇਸ ਮਗਰੋਂ ਇਕ ਹੋਰ ਜਹਾਜ਼ ਉਥੇ ਪਹੁੰਚਿਆ ਸੀ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਮੁਤਾਬਕ ਪਹਿਲਾ ਸੀ130ਜੇ ਜਹਾਜ਼ 121 ਅਤੇ ਦੂਜਾ ਜਹਾਜ਼ 135 ਭਾਰਤੀਆਂ ਨੂੰ ਲੈ ਕੇ ਜਦਾਹ ਪਹੁੰਚਿਆ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਅਪਰੇਸ਼ਨ ਕਾਵੇਰੀ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਨੇ ਸੂਡਾਨ ’ਚੋਂ ਕੱਢੇ ਜਾ ਰਹੇ ਭਾਰਤੀਆਂ ਦੀ ਸਹੂਲਤ ਲਈ ਸਾਊਦੀ ਅਰਬ ਦੇ ਸ਼ਹਿਰ ਜਦਾਹ ’ਚ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਮਿਸ਼ਨ ਦੀ ਦੇਖ-ਰੇਖ ਲਈ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਜਦਾਹ ਪਹੁੰਚ ਗਏ ਹਨ। ਭਾਰਤ ਵੱਲੋਂ ਜਦਾਹ ਤੋਂ ਭਾਰਤੀਆਂ ਨੂੰ ਹਵਾਈ ਫ਼ੌਜ ਦੇ ਜਹਾਜ਼ ’ਚ ਵਤਨ ਲਿਆਂਦਾ ਜਾਵੇਗਾ।