ਅਫ਼ਗਾਨਿਸਤਾਨ ਵਿੱਚ ਗੁਰਦੁਆਰੇ ਉੱਤੇ ਆਤਮਘਾਤੀ ਹਮਲਾ 25 ਸਿੱਖ ਸ਼ਰਧਾਲੂਆਂ ਦੀ ਮੌਤ

ਕਾਬਲ, 26 ਮਾਰਚ – 25 ਮਾਰਚ ਦਿਨ ਬੁੱਧਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਵਿੱਚ ਸਥਿਤ ਇੱਕ ਗੁਰਦੁਆਰੇ ਉੱਤੇ ਭਾਰੀ ਹਥਿਆਰਾਂ ਨਾਲ ਲੈਸ ਇੱਕ ਆਤਮਘਾਤੀ ਹਮਲਾਵਰ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਘੱਟ ਤੋਂ ਘੱਟ 25 ਆਦਮੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਇਸ ਅਸ਼ਾਂਤ ਦੇਸ਼ ਵਿੱਚ ਘੱਟਗਿਣਤੀਆਂ ਉੱਤੇ ਹੁਣ ਤੱਕ ਹੋਏ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਹੈ । ਅਫ਼ਗਾਨਿਸਤਾਨ ਦੇ ਪੂਰਵ ‘ਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀ ਸਮੂਹ ਇਸਲਾਮਿਕ ਸਟੇਟ (ਆਈਐੱਸ) ਨੇ ਸ਼ੋਰ ਬਾਜ਼ਾਰ ਇਲਾਕੇ ਵਿੱਚ ਸਥਿਤ ਗੁਰਦੁਆਰੇ ਉੱਤੇ ਹੋਏ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਗੁਰਦੁਆਰੇ ਉੱਤੇ ਇਹ ਹਮਲਾ ਸਵੇਰੇ ਕਰੀਬ 7.45 ਵਜੇ (ਮੁਕਾਮੀ ਸਮੇਂ ਅਨੁਸਾਰ) ਹੋਇਆ ਜਦੋਂ ਗੁਰਦੁਆਰੇ ਦੇ ਅੰਦਰ ਕਰੀਬ 150 ਸਿੱਖ ਸ਼ਰਧਾਲੂ ਸਨ। ਗ੍ਰਹਿ ਮੰਤਰਾਲੇ ਨੇ ਇੱਕ ਬੰਦੂਕਧਾਰੀ ਦੁਆਰਾ ਕੀਤੇ ਗਏ ਹਮਲੇ ਉੱਤੇ ਕੀਤੇ ਗਏ ਇੱਕ ਟਵੀਟ ਵਿੱਚ ਕਿਹਾ ਕਿ, “ਬਦਕਿਸਮਤੀ ਨਾਲ 25 ਨਾਗਰਿਕ ਮਾਰੇ ਗਏ ਅਤੇ 8 ਹੋਰ ਜ਼ਖ਼ਮੀ ਹੋ ਗਏ”। ਇਸ ਬੰਦੂਕਧਾਰੀ ਨੂੰ ਅਫ਼ਗਾਨ ਬਲਾਂ ਨੇ ਮਾਰ ਗਿਰਾਇਆ। ਉਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਗੁਰਦੁਆਰੇ ਵਿੱਚ ਫਸੇ 80 ਲੋਕਾਂ ਨੂੰ ਬਾਹਰ ਕੱਢਿਆ।
ਕਾਬਲ ਵਿੱਚ ਪੁਲਿਸ ਨੇ ਕਿਹਾ ਕਿ ਗੁਰਦੁਆਰੇ ‘ਚੋਂ ਘੱਟ ਤੋਂ ਘੱਟ 11 ਬੱਚੀਆਂ ਨੂੰ ਬਚਾਇਆ ਗਿਆ। ਸਿੱਖ ਆਗੂ ਨਰਿੰਦਰ ਸਿੰਘ ਖਾਲਸਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਇਹ ਹਮਲਾ ਹੋਇਆ ਤਦ ਗੁਰਦੁਆਰੇ ਦੇ ਅੰਦਰ ਕਰੀਬ 150 ਲੋਕ ਸਨ।
ਅਫ਼ਗਾਨਿਸਤਾਨ ਵਿੱਚ ਸਿੱਖ ਇਸ ਤੋਂ ਪਹਿਲਾਂ ਵੀ ਇਸਲਾਮੀ ਅਤਿਵਾਦੀਆਂ ਦੇ ਹਮਲਿਆਂ ਦਾ ਨਿਸ਼ਾਨਾ ਬਣ ਚੁੱਕੇ ਹਨ। ਜੁਲਾਈ 2018 ਵਿੱਚ ਆਈਐਸਆਈਐਸ ਦੇ ਅਤਿਵਾਦੀਆਂ ਨੇ ਪੂਰਵੀ ਸ਼ਹਿਰ ਜਲਾਲਾਬਾਦ ਵਿੱਚ ਸਿੱਖ ਅਤੇ ਹਿੰਦੂਆਂ ਦੇ ਸਮੂਹ ਉੱਤੇ ਹਮਲਾ ਕੀਤਾ ਸੀ ਜਿਸ ਵਿੱਚ 19 ਲੋਕ ਮਾਰੇ ਗਏ ਸਨ ਅਤੇ 20 ਹੋਰ ਜ਼ਖ਼ਮੀ ਹੋ ਗਏ ਸਨ। ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਅਵਤਾਰ ਸਿੰਘ ਖਾਲਸਾ ਵੀ ਸ਼ਾਮਿਲ ਸਨ ਜੋ ਅਫ਼ਗਾਨਿਸਤਾਨ ਦੇ ਸਭ ਤੋਂ ਪ੍ਰਸਿੱਧ ਸਿੱਖ ਸਿਆਸਤਦਾਨਾਂ ਵਿੱਚੋਂ ਇੱਕ ਸਨ।