ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਕਾਰਣ 15 ਮੌਤਾਂ ਤੇ ਲਗਭਗ 40 ਲੋਕ ਲਾਪਤਾ

ਸ੍ਰੀਨਗਰ, 8 ਜੁਲਾਈ – ਜੰਮੂ ਕਸ਼ਮੀਰ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਲਾਗੇ ਬੱਦਲ ਫਟਣ ਨਾਲ ਕਰੀਬ 15 ਲੋਕਾਂ ਦੀ ਮੌਤ ਹੋ ਗਈ ਹੈ। ਕਰੀਬ 40 ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸੇ ਦੌਰਾਨ ਪੰਜ ਲੋਕਾਂ ਨੂੰ ਬਚਾਇਆ ਵੀ ਗਿਆ ਹੈ। ਬੱਦਲ ਫਟਣ ਕਾਰਣ ਆਏ ਹੜ੍ਹ ਨਾਲ ਕਰੀਬ 25 ਟੈਂਟਾਂ ਦਾ ਨੁਕਸਾਨ ਹੋਇਆ ਹੈ ਤੇ ਉੱਥੇ ਲੱਗੇ ਲੰਗਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਦਲ ਸ਼ਾਮ ਕਰੀਬ 5.30 ਵਜੇ ਫਟਿਆ ਤੇ ਉਸ ਵੇਲੇ ਭਰਵੀਂ ਬਾਰਸ਼ ਹੋ ਰਹੀ ਸੀ। ਬੱਦਲ ਫਟਣ ਕਾਰਣ ਆਏ ਹੜ੍ਹ ਦੇ ਪਾਣੀ ਨੇ ਅਮਰਨਾਥ ਧਾਮ ਦੇ ਬੇਸ ਕੈਂਪ ਉੱਤੇ ਮਾਰ ਕੀਤੀ ਹੈ। ਉੱਥੇ ਕਰੀਬ 25 ਟੈਂਟ ਲੱਗੇ ਹੋਏ ਸਨ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਸੀ। ਫ਼ੌਜ ਤੇ ਆਈਟੀਬੀਪੀ ਵੱਲੋਂ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ।
ਐੱਨਡੀਆਰਐਫ ਦੀ ਟੀਮ ਤੇ ਫ਼ੌਜ ਵੱਲੋਂ ਫਸੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਐੱਨਡੀਆਰਐਫ ਦੀਆਂ ਹੋਰ ਟੀਮਾਂ ਵੀ ਮੌਕੇ ਉੱਤੇ ਭੇਜੀਆਂ ਜਾ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਘਟਨਾ ਉੱਤੇ ਦੁੱਖ ਜ਼ਾਹਿਰ ਕਰਦਿਆਂ ਹਾਦਸੇ ਬਾਰੇ ਜਾਣਕਾਰੀ ਲਈ ਹੈ। ਖ਼ਬਰਾਂ ਹਨ ਕਿ ਇੱਕ ਲੱਖ ਤੋਂ ਵੱਧ ਸ਼ਰਧਾਲੂ ਹੁਣ ਤੱਕ ਅਮਰਨਾਥ ਯਾਤਰਾ ਕਰ ਚੁੱਕੇ ਹਨ।