ਅਮਰੀਕਾ ‘ਚ ਕੋਰੋਨਾਵਾਇਰਸ ਨਾਲ 1015 ਹੋਰ ਮੌਤਾਂ, ਪੀੜਤਾਂ ਦੀ ਗਿਣਤੀ 18 ਲੱਖ ਤੋਂ ਟੱਪੀ

ਕੈਲੀਫੋਰਨੀਆ 31 ਮਈ (ਹੁਸਨ ਲੜੋਆ ਬੰਗਾ) – ਕੋਰੋਨਾਵਾਇਰਸ ਕਾਰਨ ਹਾਲਾਂ ਕਿ ਮੌਤਾਂ ਦੀ ਗਿਣਤੀ ਘਟ ਰਹੀ ਹੈ ਪਰ ਨਵੇਂ ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ 960 ਹੋਰ ਮਰੀਜ਼ ਦਮ ਤੋੜ ਗਏ ਹਨ ਜਿਨ੍ਹਾਂ ਨਾਲ ਮੌਤਾਂ ਦੀ ਕੁੱਲ ਗਿਣਤੀ 1,05,557 ਹੋ ਗਈ ਹੈ। 23,290 ਨਵੇਂ ਕੋਰੋਨਾ ਪੀੜਤ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਏ ਹਨ। ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 18,16,820 ਹੋ ਗਈ ਹੈ। 15669 ਹੋਰ ਮਰੀਜ਼ ਠੀਕ ਹੋਏ ਹਨ। ਠੀਕ ਹੋਏ ਮਰੀਜ਼ਾਂ ਦੀ ਕੁਲ ਗਿਣਤੀ 5,35,238 ਹੋ ਗਈ ਹੈ। ਸਿਹਤਮੰਦ ਹੋਣ ਦੀ ਦਰ 1% ਵੱਧ ਕੇ 84% ਹੋ ਗਈ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਾਲਾਂ ਕਿ ਮੌਤਾਂ ਘਟ ਰਹੀਆਂ ਹਨ ਪਰ ਅਜੇ ਹਾਲਤ ਬਹੁਤ ਨਾਜ਼ੁਕ ਹੈ। ਨਵੇਂ ਮਰੀਜ਼ ਆਉਣੇ ਰੁਕ ਨਹੀਂ ਰਹੇ ਜਿਸ ਦਾ ਅਰਥ ਹੈ ਕਿ ਕੋਰੋਨਾਵਾਇਰਸ ਦਾ ਫੈਲਣਾ ਅਜੇ ਜਾਰੀ ਹੈ।