ਅਮਰੀਕਾ ‘ਚ ਪਹਿਲੇ ਵਿਸ਼ਵ ਯੁੱਧ ਨਾਲੋਂ ਜ਼ਿਆਦਾ ਮੌਤਾਂ

ਵਾਸ਼ਿੰਗਟਨ 20 ਜੂਨ (ਹੁਸਨ ਲੜੋਆ ਬੰਗਾ) – ਅਮਰੀਕਾ ‘ਚ ਅੱਜ ਤੱਕ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1,21,407 ਹੋ ਗਈ ਹੈ। ਇਹ ਗਿਣਤੀ ਪਹਿਲੇ ਵਿਸ਼ਵ ਯੁੱਧ ‘ਚ ਮਾਰੇ ਗਏ ਅਮਰੀਕਨਾਂ ਨਾਲੋਂ ਵਧ ਗਈ ਹੈ। ਪਹਿਲੇ ਵਿਸ਼ਵ ਯੁੱਧ ‘ਚ 1,16,516 ਅਮਰੀਕਨ ਮਾਰੇ ਗਏ ਸਨ। ਇਸ ਸਮੇਂ ਕੋਰੋਨਾਵਾਇਰਸ ਨਾਲ ਪੀੜਤ ਅਮਰੀਕਨਾਂ ਦੀ ਗਿਣਤੀ 22,97,190 ਹੈ ਜਦ ਕਿ 9,56,061 ਮਰੀਜ਼ ਠੀਕ ਹੋਏ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ‘ਚ ਵੱਡੀ ਪੱਧਰ ਉੱਪਰ ਸੁਧਾਰ ਹੋਇਆ ਹੈ। ਇਹ ਦਰ ਵਧ ਕੇ 89% ਹੋ ਗਈ ਹੈ। ਇਹ ਖ਼ਬਰ ਰਾਹਤ ਦੇਣ ਵਾਲੀ ਹੈ ਕਿ ਪਿਛਲੇ ਦਿਨਾਂ ਦੌਰਾਨ ਕੋਰੋਨਾਵਾਇਰਸ ਨਾਲ ਮੌਤਾਂ ਦੀ  ਗਿਣਤੀ ਘਟ ਕੇ 500 ਤੋਂ ਹੇਠਾਂ ਆ ਗਈ ਹੈ। ਹਾਲਾਂ ਕਿ ਨਵੇਂ ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਪਰ ਨਿਊਯਾਰਕ, ਨਿਊਜਰਸੀ, ਮਾਸਾਚੂਸੈਟਸ, ਇਲੀਨੋਇਸ ਤੇ ਪੈਨਸਿਲਵਾਨੀਆ ਵਰਗੇ ਰਾਜ ਜਿੱਥੇ ਸਭ ਤੋਂ ਵਧ ਮੌਤਾਂ ਹੋਈਆਂ ਹਨ, ਵਿਚ ਕੋਰੋਨਾਵਾਇਰਸ ਫੈਲਣ ਦੀ ਰਫ਼ਤਾਰ ਮੱਧਮ ਗਈ ਹੈ।
ਕੁਝ ਅਮਰੀਕਨ ਮੇਰੇ ਵਿਰੋਧ ਵਿਚ ਮਾਸਕ ਪਾਉਂਦੇ ਹਨ – ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਕੁਝ ਲੋਕ ਮੇਰੇ ਵਿਰੋਧ ‘ਚ ਮਾਸਕ ਪਾਉਂਦੇ ਹਨ ਨਾ ਕਿ ਉਹ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਜਿਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਸਕ ਪਾਉਣ ਵਾਲੇ ਲੋਕ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਮੈਨੂੰ ਪਸੰਦ ਨਹੀਂ ਕਰਦੇ। ਰਾਸ਼ਟਰਪਤੀ ਟਰੰਪ ਜੋ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਸੈਂਟਰ (ਸੀ.ਡੀ.ਸੀ) ਦੀ ਸਲਾਹ ਦੇ ਉਲਟ ਮਾਸਕ ਨਹੀਂ ਪਾਉਂਦੇ, ਨੇ ਕਿਹਾ ਕਿ ਉਸ ਦੇ ਮਾਸਕ ਮੁੱਦੇ ‘ਤੇ ਲੋਕ ਚਰਚਾ ਕਰਦੇ ਹਨ। ਵਾਲ ਸਟਰੀਟ ਜਰਨਲ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ”ਲੋਕ ਆਪਣੀਆਂ  ਉਂਗਲਾਂ ਮਾਸਕ ਉੱਪਰ ਫੇਰਦੇ ਹਨ ਤੇ ਫਿਰ ਉਸ ਨੂੰ ਲਾਹ ਦਿੰਦੇ ਹਨ। ਤਦ ਉਹ ਆਪਣੀਆਂ ਉਂਗਲਾਂ ਨਾਲ , ਨੱਕ , ਮੂੰਹ ਤੇ ਅੱਖਾਂ ਨੂੰ ਛੂੰਹਦੇ ਹਨ। ਬਾਅਦ ‘ਚ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਵਾਇਰਸ ਦੀ ਲਪੇਟ ‘ਚ ਕਿਸ ਤਰਾਂ ਆ ਗਏ।” ਸੀ.ਡੀ.ਸੀ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਗਰੌਸਰੀ ਸਟੋਰਾਂ ਤੇ ਹੋਰ ਭੀੜ ਵਾਲੀਆਂ ਥਾਵਾਂ ‘ਤੇ ਜਿੱਥੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਸੰਭਵ ਨਾ ਹੋਵੇ, ਮਾਸਕ ਪਾਉਣ ਦੀ ਸਿਫ਼ਾਰਿਸ਼ ਕੀਤੀ ਹੋਈ ਹੈ ਤੇ ਉਸ ਨੇ ਆਪਣੀ ਇਸ ਸਲਾਹ ਨੂੰ ਵਾਰ ਵਾਰ ਦੁਹਰਾਇਆ ਹੈ।