ਅਮਰੀਕਾ ਦਾ ਅਜ਼ਾਦੀ ਦਿਹਾੜਾ ਫਰਿਜਨੋ ਵਿਖੇ ਧੂੰਮ ਧਾਮ ਨਾਲ ਮਨਾਇਆ ਗਿਆ

ਘੋੜ ਸਵਾਰਾਂ ਨੇ ਚੰਗੇ ਜੌਹਰ ਵਿਖਾਏ
ਸੈਕਰਾਮੈਂਟੋ, ਕੈਲੀਫੋਰਨੀਆ, 6 ਜੁਲਾਈ ( ਹੁਸਨ ਲੜੋਆ ਬੰਗਾ) – ਅਮਰੀਕਾ ਦਾ 246ਵਾਂ ਅਜ਼ਾਦੀ ਦਿਹਾੜਾ ਜਿਥੇ ਪੂਰੀ ਅਮਰੀਕਾ ਵਿੱਚ ਵੱਖ ਵੱਖ ਢੰਗਾਂ ਨਾਲ ਬੜੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ, ਉਥੇ ਫਰਿਜਨੋ, ਕੈਲੀਫੋਰਨੀਆਂ ਚ ਅਮੈਰਕਿਨ ਫਲੈਗ ਅਤੇ ਖਾਲਸਾਈ ਝੰਡਿਆਂ ਨਾਲ ਸ਼ਿੰਗਾਰੇ ਘੋੜੇ ਅਤੇ ਫੋਰਡ ਟਰੈਕਟਰ ਖ਼ਾਸ ਖਿੱਚ ਦਾ ਕੇਂਦਰ ਰਹੇ ਕਬੱਡੀ ਤੇ ਹੋਰ ਖੇਡਾਂ ਨਾਲ ਮਨਾਇਆ ਗਿਆ।। ਘੋੜ ਸਵਾਰਾਂ ਨੇ ਘੋੜਿਆਂ ਨੂੰ ਵੱਖ ਵੱਖ ਚਾਲਾਂ ਚ ਦੜਾਉਂਦਿਆਂ ਘੋੜ ਸਵਾਰੀ ਦੇ ਚੰਗੇ ਜੌਹਰ ਵਿਖਾਏ। ਕੋਵਿੱਡ 19 ਪਿੱਛੋਂ ਇਸ ਮੇਲੇ ਨੂੰ ਲੈਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਘੋੜ ਸਵਾਰੀ ਅਤੇ ਟਰੈਕਟਰ ਸ਼ੋਅ ਤੋਂ ਬਾਅਦ ਵਿੱਚ ਅੰਡਰ 21 ਕਬੱਡੀ ਸ਼ੋਅ ਮੈਚ ਦਾ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਉਪਰੰਤ ਕਬੱਡੀ ਕੁਮੈਂਟੇਟਰ ਸਵਰਨ ਸਿੰਘ ਨੇ ਆਪਣੇ ਟੋਟਕਿਆਂ ਨਾਲ ਖ਼ੂਬ ਰੰਗ ਬੰਨਿਆ। ਰੱਸਾਕਸ਼ੀ ਦੇ ਰੌਚਿਕ ਮੁਕਾਬਲਿਆਂ ਨੇ ਅਤੇ ਦਰਸ਼ਕਾਂ ਦੇ ਪੈਂਦੇ ਲਲਕਾਰਿਆ ਨੇ ਮੇਲੇ ਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ। ਘੋੜ ਸਵਾਰਾਂ ਨੂੰ ਟਰਾਫੀਆਂ ਨਾਲ ਸਨਮਾਨਿਆ ਗਿਆ। ਪੰਜਾਬੀ ਮਾਂ ਬੋਲੀ ਦੇ ਆਸ਼ਕ ਅਸ਼ੋਕ ਬਾਂਸਲ ਮਾਨਸਾ ਅਤੇ ਪੱਤਰਕਾਰ ਕੁਲਵੰਤ ਧਾਲੀਆਂ ਦਾ ਉਹਨਾਂ ਦੀ ਸੇਵਾਵਾਂ ਬਦਲੇ ਸਨਮਾਨ ਕੀਤਾ ਗਿਆ। ਇਨਾਮਾਂ ਦੀ ਵੰਡ ਸ਼੍ਰੋਮਣੀ ਕਮੇਟੀ ਮੈਂਬਰ ਜੁਗਰਾਜ ਸਿੰਘ ਦੌਧਰ, ਹਾਕਮ ਸਿੰਘ ਢਿੱਲੋ ਅਤੇ ਹੋਰ ਪਤਵੰਤੇ ਸੱਜਣਾਂ ਨੇ ਕੀਤੀ। ਇਸ ਸਮਾਗਮ ਦਾ ਪ੍ਰਬੰਧ ਕਬੱਡੀ ਪ੍ਰਮੋਟਰ ਅਤੇ ਟਰਾਂਸਪੋਰਟਰ ਨਾਜਰ ਸਿੰਘ ਸਹੋਤਾ, ਲੇਖਕ ਅਮਰਜੀਤ ਸਿੰਘ ਦੌਧਰ ਅਤੇ ਸਾਥੀਆ ਦੇ ਉੱਦਮ ਸਦਕਾ ਫਰਿਜਨੋ ਦੇ ਬੰਬੇ ਬਿਜਨਸ ਪਾਰਕ ਵਿੱਚ ਵੀ ਕੀਤਾ ਗਿਆ ਸੀ। ਸਮਾਗਮ ਦੋਰਾਨ ਸ. ਨਾਜਰ ਸਿੰਘ ਸਹੋਤਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਸਾਰੇ ਅਮੈਰਕਿਨ ਅਤੇ ਪੰਜਾਬੀ ਭਾਈਚਾਰੇ ਨੂੰ 4 ਜੁਲਾਈ ਦੀ ਵਧਾਈ ਦਿੱਤੀ। ਪੂਰੇ ਸਮਾਗਮ ਦੌਰਾਨ ਲੰਗਰ ਦੀ ਸੇਵਾ ਭਾਈ ਇਕਬਾਲ ਸਿੰਘ ਨੇ ਬਾਖੂਬੀ ਕੀਤੀ। ਅਖੀਰ ਚ 4 ਜੁਲਾਈ ਅਜਾਦੀ ਦਿਵਸ ਨੂੰ ਮੁੱਖ ਰੱਖਦਿਆਂ ਪਟਾਏ ਚਲਾਏ ਗਏ ।