ਅਮਰੀਕਾ ਦੇ ਗੁਰਦੁਆਰਾ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ

ਅਮਰੀਕੀ ਰਾਸ਼ਟਰਪਤੀ ਵੱਲੋਂ ਹਮਲੇ ਦੀ ਨਿੰਦਾ
ਨਿਊਯਾਰਕ  – 5 ਅਗਸਤ ਦਿਨ ਐਤਵਾਰ ਨੂੰ ਅਮਰੀਕਾ ਦੇ ਵਿਨਕਾਂਸਿਕ ਸੂਬੇ ਦੇ ਸ਼ਹਿਰ ਓਕ-ਕ੍ਰੀਕ ਵਿਖੇ ਇਕ ਗੁਰਦੁਆਰਾ ਸਾਹਿਬ ਵਿਖੇ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਅੰਨ੍ਹੇਵਾਹ ਕੀਤੀ ਗਈ ਗੋਲੀਬਾਰੀ ‘ਚ 7 ਵਿਅਕਤੀ ਮਾਰੇ ਗਏ ਜਦੋਂ ਕਿ ਲਗਭਗ ਦੋ ਦਰਜ਼ਨ ਤੋਂ ਵਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਆਂਕੜਾ ਵਧ ਵੀ ਸਕਦਾ ਹੈ। ਮ੍ਰਿਤਕਾਂ ਵਿੱਚ ਪੰਜ ਸਿੱਖ ਸ਼ਰਧਾਲੂ, ਇਕ ਪੁਲਿਸ ਅਧਿਕਾਰੀ ਅਤੇ ਇਕ ਹਮਲਾਵਰ ਵੀ ਸ਼ਾਮਿਲ ਹੈ।
ਇਸ ਘਟਨਾ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲਾਸ਼ਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਮਿਲੀਆਂ ਹਨ, ਜਦੋਂ ਕਿ ਤਿੰਨ ਲਾਸ਼ਾਂ ਗੁਰਦੁਆਰਾ ਸਾਹਿਬ………… ਦੇ ਬਾਹਰ ਮਿਲੀਆਂ ਹਨ, ਇਨ੍ਹਾਂ ਵਿੱਚੋ ਇਕ ਲਾਸ਼ ਹਮਲਾਵਰ ਦੀ ਹੈ। ਖ਼ਬਰ ਮੁਤਾਬਕ ਓਕ ਕ੍ਰੀਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਇਹ ਘਟਨਾ ਅਮਰੀਕੀ ਸਮੇਂ ਅਨੁਸਾਰ ਸਵੇਰੇ 11 ਵਜੇ ਉਸ ਸਮੇਂ ਵਾਪਰੀ ਜਦੋਂ ਸਿੱਖ ਸੰਗਤਾਂ ਐਤਵਾਰ ਦੇ ਦੀਵਾਨ ਵਿੱਚ ਹਾਜਰੀਆਂ ਭਰ ਰਹੀਆਂ ਸਨ। ਐਤਵਾਰ ਦਾ ਦਿਨ ਹੋਣ ਕਾਰਨ ਗੁਰਦੁਆਰਾ ਸਾਹਿਬ ਵਿੱਚ ਕਰੀਬ 400 ਤੋਂ ਵੱਧ ਸਿੱਖ ਸੰਗਤਾਂ ਹਾਜ਼ਰ ਸਨ। ਜਦੋਂ ਸੰਗਤਾਂ ਅਰਦਾਸ ਵਿੱਚ ਜੁੜੀਆਂ ਹੋਈਆਂ ਸਨ ਤਾਂ ਅਚਾਨਕ ਤਿੰਨ ਗੋਰੇ ਹਮਲਾਵਰ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋ ਗਏ ਅਤੇ ਉਨ੍ਹਾਂ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਇੱਕ ਨਿਊਜ਼ ਚੈਨਲ ਅਨੁਸਾਰ ਜ਼ਖਮੀਆਂ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਵੀ ਸ਼ਾਮਿਲ ਹੈ, ਗੰਭੀਰ ਜ਼ਖਮੀਆਂ ਨੂੰ ਸ਼ਹਿਰ ਦੇ ਫ੍ਰੋਏਡਰਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਅਖ਼ਬਾਰ ‘ਦਿ ਮਿਲਵਾਊਕੇ ਸੈਂਟੀਨਲ’ ਅਨੁਸਾਰ ਹਮਲਾਵਰਾਂ ਨੇ ਉਥੇ ਮੌਜੂਦ ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 100 ਲੋਕਾਂ ਨੂੰ ਬੰਧਕ ਬਣਾ ਲਿਆ। ਓਕ ਕ੍ਰੀਕ ਪੁਲਿਸ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ‘ਦਿ ਮਿਲਵਾਊਕੇ ਸੈਂਟੀਨਲ’ ਦੀ ਰਿਪੋਰਟ ਅਨੁਸਾਰ ਪੁਲਿਸ ਵਲੋਂ ਕੀਤੀ ਕਾਰਵਾਈ ‘ਚ ਇਕ ਹਮਲਾਵਰ ਦੇ ਮਾਰਿਆ ਗਿਆ ਹੈ ਜਦਕਿ ਪੁਲਿਸ ਦੇ ਇਕ ਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਗੁਰਦੁਆਰਾ ਸਾਹਿਬ ‘ਚ ਮੌਜੂਦ ਇਕ ਵਿਅਕਤੀ ਨੇ ਆਪਣੇ ਮੋਬਾਈਲ ਰਾਹੀਂ ਸੰਦੇਸ਼ ਲਿਖ ਕੇ ‘ਦਿ ਮਿਲਵਾਊਕੇ ਸੈਂਟੀਨਲ’ ਨੂੰ ਭੇਜਿਆ ਹੈ ਜਿਸ ਵਿੱਚ ਉਸ ਨੇ ਦੱਸਿਆ ਕਿ ਦੋ ਹਮਲਾਵਰ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹਨ ਜਿਨ੍ਹਾਂ ਨੇ ਬੱਚਿਆਂ ਅਤੇ ਔਰਤਾਂ ਨੂੰ ਬੰਧਕ ਬਣਾ ਲਿਆ ਹੈ। ਉਸ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਹਮਲਾਵਰਾਂ ਨੇ 20 ਤੋਂ 30 ਜ਼ਖਮੀਆਂ ਸਮੇਤ ਇਕ ਕਮਰੇ ਵਿੱਚ ਬੰਦ ਕੀਤਾ ਹੋਇਆ ਹੈ। ਦੇਰ ਰਾਤ ਪੁਲਿਸ ਨੇ ਦਾਅਵਾ ਕੀਤਾ ਕਿ ਸਾਰੇ ਬੰਧਕਾਂ ਨੂੰ ਛੁਡਾ ਲਿਆ ਗਿਆ ਹੈ। ਹਮਲੇ ਕਾਰਨ ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ‘ਚ ਰੋਸ ਦੀ ਲਹਿਰ ਦੌੜ ਗਈ ਹੈ। ਸਿੱਖ ਆਗੂ ਦੀਦਾਰ ਸਿੰਘ ਬੈਂਸ, ਅਕਾਲੀ ਆਗੂ ਸੇਵਾ ਸਿੰਘ ਸੇਖਵਾਂ, ਸਿਖਜ਼ ਫਾਰ ਜਸਟਿਸ ਦੇ ਅਟਾਰਨੀ ਗੁਰਪਤਵੰਤ ਸਿੰਘ ਪੰਨੂ, ਕਮਿਸ਼ਨਰ ਲੈਥਰੋਮ ਸੁਖਵਿੰਦਰ ਸਿੰਘ ਅਤੇ ਹੋਰ ਸਿੱਖ ਆਗੂਆਂ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ। ਅਮਰੀਕਾ ‘ਚ ਭਾਰਤ ਦੀ ਰਾਜਦੂਤ ਸ੍ਰੀਮਤੀ ਨਿਰੂਪਮਾ ਰਾਓ ਨੇ ਸਿੱਖ ਸੰਗਤਾਂ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਦੂਤਘਰ ਵਾਈਟ ਹਾਊਸ ਦੀ ਕੌਮੀ ਸੁਰੱਖਿਆ ਪ੍ਰੀਸ਼ਦ ਦੇ ਸੰਪਰਕ ਵਿੱਚ ਹੈ ਅਤੇ ਸ਼ਿਕਾਗੋ ਸਥਿਤ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਹਮਲੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਵਾਈਟ ਹਾਊਸ ਦੇ ਅੱਤਵਾਦ ਵਿਰੋਧੀ ਮਾਮਲਿਆਂ ਦੇ ਇੰਚਾਰਜ਼ ਜੋਹਨ ਬ੍ਰੈਨਨ ਨਾਲ ਵਿਚਾਰ ਵਟਾਂਦਰਾ ਕੀਤਾ ਹੈ।
ਭਾਰਤ ਦੇ ਵਿਦੇਸ਼ ਮੰਤਰੀ ਵਿਦੇਸ਼ ਮੰਤਰੀ ਸ੍ਰੀ ਐਸ. ਐਮ. ਕ੍ਰਿਸ਼ਨਾ ਨੇ ਓਕ ਕ੍ਰੀਕ ਵਿਖੇ ਗੁਰਦੁਆਰਾ ਸਿੱਖ ਟੈਂਪਲ ‘ਚ ਸਿੱਖ ਸੰਗਤਾਂ ‘ਤੇ ਹੋਈ ਗੋਲੀਬਾਰੀ ਸਬੰਧੀ ਫੋਨ ‘ਤੇ ਅਮਰੀਕਾ ‘ਚ ਭਾਰਤੀ ਰਾਜਦੂਤ ਸ੍ਰੀਮਤੀ ਨਿਰੂਪਮਾ ਰਾਓ ਤੋਂ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਰਾਹਤ ਤੇ ਬਚਾਅ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ।
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ‘ਤੇ ਹੋਈ ਗੋਲੀਬਾਰੀ ਦੀ ਨਿਖੇਧੀ ਕੀਤੀ ਹੈ ਅਤੇ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਫੋਨ ਕਰਕੇ ਮੰਗ ਕੀਤੀ ਹੈ ਕਿ ਅਮਰੀਕਾ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਖਲ ਦੇਣ।