ਅਮਰੀਕਾ ‘ਚ ਨਹੀਂ ਰੁਕ ਰਿਹਾ ਮੌਤਾਂ ਦਾ ਸਿਲਸਿਲਾ, ਮ੍ਰਿਤਕਾਂ ਦੀ ਗਿਣਤੀ 54000 ਤੋਂ ਪਾਰ

ਮੌਤ ਦੇ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਬੀਚ ਖੋਲ੍ਹਣ ਦਰਮਿਆਨ ਲਾਈਆਂ ਪਾਬੰਦੀਆਂ ਵਿਰੁੱਧ ਪ੍ਰਦਰਸ਼ਨ
ਕੈਲੇਫੋਰਨੀਆ 26 ਅਪ੍ਰੈਲ (ਹੁਸਨ ਲੜੋਆ ਬੰਗਾ) – ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਬੇ-ਰੋਕਟੋਕ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ 2000 ਮੌਤਾਂ ਹੋਣ  ਨਾਲ ਮ੍ਰਿਤਕਾਂ ਦੀ ਗਿਣਤੀ 54265 ਹੋ ਗਈ ਹੈ ਜਦ ਕਿ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 9,60,896 ਹੈ। 1,72,427 ਮਾਮਲੇ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚੋਂ 1,18,162 ਵਿਅਕਤੀ ਠੀਕ ਹੋਏ ਹਨ ਜਦ ਕਿ 54265 ਮੌਤ ਦੇ ਮੂੰਹ ਵਿਚ ਜਾ ਪਏ ਹਨ। ਇਸ ਤਰਾਂ ਮੌਤ ਦਰ 31% ਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 99% ਹੈ। ਇਸ ਦਰਮਿਆਨ ਮੌਤਾਂ ਦੇ ਜਾਰੀ ਕੀਤੇ ਜਾ ਰਹੇ ਸਰਟੀਫਿਕੇਟਾਂ ਨੂੰ ਲੈ ਕੇ ਇਕ ਵੱਡਾ ਖ਼ੁਲਾਸਾ ਹੋਣ ਨਾਲ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੇ ਅੰਕੜੇ ਉੱਪਰ ਵੀ ਸਵਾਲੀਆ ਚਿਨ ਲੱਗ ਗਿਆ ਹੈ।
3 ਮੌਤਾਂ ਪਿੱਛੇ ਇਕ ਸਰਟੀਫਿਕੇਟ ਗ਼ਲਤ :
ਇਸ ਸਮੇਂ ਜਦ ਸਮੁੱਚਾ ਅਮਰੀਕਾ ਘਟ ਟੈਸਟਿੰਗ ਸਮਰੱਥਾ, ਲੈਬ ਰਿਪੋਰਟਾਂ ਵਿਚ ਦੇਰੀ ਤੇ ਅਯੋਗ ਰਿਪੋਰਟਿੰਗ ਮਾਪਦੰਡਾਂ ਦਰਮਿਆਨ ਕੋਰੋਨਾਵਾਇਰਸ ਨਾਲ ਹਰ ਰੋਜ਼ ਹੋ ਰਹੀਆਂ ਹਜ਼ਾਰਾਂ ਮੌਤਾਂ ਨੂੰ ਰੋਕਣ ਲਈ ਲੜਾਈ ਲੜ ਰਿਹਾ ਹੈ ਤਾਂ ਮੌਤਾਂ ਸਬੰਧੀ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਸਬੰਧੀ ਨਵਾਂ ਖ਼ੁਲਾਸਾ ਹੋਣ ਨਾਲ ਸਮੁੱਚੀ ਵਿਵਸਥਾ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਸਿਹਤ ਅੰਕੜਿਆਂ ਸਬੰਧੀ ਰਾਸ਼ਟਰੀ ਕੇਂਦਰ ਵਿਖੇ ਮੋਰਟੈਲਿਟੀ ਸਟੈਟਿਕਸ ਬਰਾਂਚ ਦੇ ਮੁਖੀ ਬੌਬ ਐਡਸਨ ਨੇ ਕਿਹਾ ਹੈ ਕਿ ਕੋਵਿਡ-19 ਤੋਂ ਪਹਿਲਾਂ ਰਾਸ਼ਟਰੀ ਪੱਧਰ’ਤੇ ਹੋਈਆਂ ਮੌਤਾਂ ਦੇ ਜਾਰੀ ਸਰਟੀਫਿਕੇਟ ਵਿਚੋਂ 66% ਗ਼ਲਤ ਹਨ। ਉਨ੍ਹਾਂ ਕਿਹਾ ਕਿ ਜਾਰੀ ਹਰੇਕ 3 ਸਰਟੀਫਿਕੇਟਾਂ ਵਿਚੋਂ 1 ਗ਼ਲਤ ਹੈ। ਉਨ੍ਹਾਂ ਕਿਹਾ ਕਿ ਠੀਕ ਅੰਕੜੇ ਨੂੰ ਲੈ ਕੇ ਮੈ ਹਮੇਸ਼ਾ ਫ਼ਿਕਰਮੰਦ ਰਿਹਾ ਹਾਂ। ਮੇਰਾ ਵਿਚਾਰ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਵੀ ਗ਼ਲਤ ਸਰਟੀਫਿਕੇਟ ਇਕ ਮੁੱਦਾ ਹੋ ਸਕਦਾ ਹੈ। ਇਸ ਸਬੰਧੀ ਹੈਰਿਸ ਕਾਊਂਟੀ ਟੈਕਸਾਸ ਜਿਸ ਵਿਚ ਹੋਸਟਨ ਵੀ ਸ਼ਾਮਿਲ ਹੈ, ਦੇ ਜਨਤਿਕ ਸਿਹਤ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਉਮੇਰ ਸ਼ਾਹ ਦਾ ਕਹਿਣਾ ਹੈ ਕਿ ਸਥਾਨਕ ਅਧਿਕਾਰੀਆਂ ਲਈ ਮੌਤ ਦੇ ਸਹੀ ਸਰਟੀਫਿਕੇਟ ਜਾਰੀ ਕਰਨਾ ਇਕ ਵੱਡਾ ਮਸਲਾ ਹੈ ਕਿਉਂਕਿ ਉਹ  ਲੋਕ ਕੋਰੋਨਾਵਾਇਰਸ ਨੂੰ ਰੋਕਣ ਲਈ ਸਾਧਨਾਂ ਵਲ ਧਿਆਨ ਕੇਂਦਰਿਤ ਕਰ ਰਹੇ ਹਨ। ਮਾਹਿਰਾਂ ਦੀ ਘਾਟ ਤੋਂ ਇਲਾਵਾ ਮੈਡੀਕਲ ਐਗਜ਼ਾਮੀਨਰਜ਼ ਦੀ ਵੱਡੀ ਥੁੜ ਹੈ।
ਬੀਚ ਖੋਲ੍ਹਣ ਲਈ ਪ੍ਰਦਰਸ਼ਨ :
ਸੈਨ ਡਿਆਗੋ ਕਾਊਂਟੀ ਪੁਲਿਸ ਨੇ ਐਨਸਿਨੀਟਸ, ਕੈਲੇਫੋਰਨੀਆ ਵਿਚ ਸਿਹਤ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਕਾਊਂਟੀ ਵੱਲੋਂ ਬੀਚ ਉੱਪਰ ਲਾਈਆਂ ਪਾਬੰਦੀਆਂ ਹਟਾਉਣ ਦੀ ਯੋਜਨਾ ਦਾ ਐਲਾਨ ਕਰਨ ਤੇ ਅਨਸਿਨੀਟਸ ਸ਼ਹਿਰ  ਵੱਲੋਂ ਬੀਚਾਂ ਖੋਲ੍ਹਣ ਦੇ ਸੰਕੇਤ ਦੇਣ ਦੇ ਕੁਝ ਘੰਟਿਆਂ ਬਾਅਦ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਬੀਚਾਂ ਖੋਲੀਆਂ ਜਾ ਰਹੀਆਂ ਹਨ ਪਰ ਉਹ ਪੜਾਅ ਵਾਰ ਖੁੱਲ੍ਹ ਰਹੀਆਂ ਬੀਚਾਂ ਦੌਰਾਨ ਧੁੱਪ ਇਸ਼ਨਾਨ ਤੇ ਮੂੰਹ ਢੱਕ ਕੇ ਰੱਖਣ ਵਰਗੀਆਂ ਲਾਈਆਂ ਪਾਬੰਦੀਆਂ ਦੇ ਵਿਰੁੱਧ ਹਨ। ਪ੍ਰਦਰਸ਼ਨਕਾਰੀਆਂ ਵਿਚੋਂ ਇਕ ਕ੍ਰਿਸਟਾ ਐਨੇ ਕਰਟਿਸ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਅਜਿਹੇ ਪ੍ਰਦਰਸ਼ਨ ਕਰਨਗੇ।