ਅਮਰੀਕਾ ਵਿੱਚ ਮੌਤਾਂ ਦੀ ਗਿਣਤੀ 8476 ਹੋਈ

ਅਮਰੀਕਾ ਵਿੱਚ ਇਸ ਹਫ਼ਤੇ ਮੌਤਾਂ ਦੀ ਵਧੇਗੀ ਗਿਣਤੀ-ਸਿਹਤ ਵਿਭਾਗ ਦੀ ਚਿਤਾਵਨੀ * ਨਿਊਯਾਰਕ ਵਿੱਚ ਸੈਨਿਕ ਡਾਕਟਰਾਂ ਦੀ ਹੋਵੇਗੀ ਤਾਇਨਾਤੀ।
ਵਾਸ਼ਿੰਗਟਨ, 5 ਅਪ੍ਰੈਲ (ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਸੰਖਿਆ 3 ਲੱਖ ਤੋਂ ਟੱਪ ਗਈ ਹੈ ਜਦ ਕਿ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਹਫ਼ਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਵਾਈਟ ਹਾਊਸ ਕੋਰੋਨਾਵਾਇਰਸ ਰਿਸਪੌਂਸ ਕੋਆਰਡੀਨੇਟਰ ਡਾ ਡੇਬੋਰਾਹ ਬ੍ਰਿਕਸ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਬਹ-ਵਾਇਰਸ ਸਥਾਨਾਂ ਦੇ ਮੱਦੇਨਜ਼ਰ ਮੌਤਾਂ ਵਧਣਗੀਆਂ। ਡਾ. ਬ੍ਰਿਕਸ ਅਨੁਸਾਰ ਬਿਮਾਰੀ ਫੈਲਣ ਦੇ ਨਜ਼ਰੀਏ ਤੋਂ ਅਮਰੀਕਾ ਸਪੇਨ ਤੇ ਇਟਲੀ ਨਾਲੋਂ 12 ਦਿਨ ਪਿੱਛੇ ਹੈ ਜਿੱਥੇ ਹੁਣ ਨਵੇਂ ਮਰੀਜ਼ ਘਟਣੇ ਸ਼ੁਰੂ ਹੋ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੰਦਭਾਗੀ ਅਗਲੇ ਹਫ਼ਤੇ ਬਹੁਤ ਜ਼ਿਆਦਾ ਘਾਤਕ ਹੋਣਗੇ। ਡਾ ਐਨਥਨੀ ਫੌਸੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਭਵਿੱਖ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਅਹਿਮ ਹੋਣਗੀਆਂ। ਉਨ੍ਹਾਂ ਕਿਹਾ ਹੈ ਕਿ ਇਕ ਦੂਸਰੇ ਤੋਂ ਅਲਹਿਦਾ ਹੋਏ ਜਾਂ ਦੂਰੀ ਬਣਾਏ ਬਿਨਾਂ ਵਾਇਰਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਜੌਹਨਜ ਹੋਪਕਿੰਨਜ਼ ਯੁਨੀਵਰਸਿਟੀ ਅਨੁਸਾਰ ਦੇਸ਼ ਭਰ ਵਿੱਚ ਮੌਤਾਂ ਦੀ ਗਿਣਤੀ 8476 ਹੋ ਗਈ ਹੈ ਜਦ ਕਿ ਵਿਸ਼ਵ ਭਰ ਵਿੱਚ ਮੌਤਾਂ ਦਾ ਅੰਕੜਾ 64000 ਤੋਂ ਟੱਪ ਗਿਆ ਹੈ ਤੇ ਤਕਰੀਬਨ 12 ਲੱਖ ਲੋਕ ਵਾਇਰਸ ਦੀ ਗ੍ਰਿਫ਼ਤ ਵਿੱਚ ਹਨ।
ਨਿਊਯਾਰਕ ਵਿੱਚ ਸੈਨਾ ਦੇ ਡਾਕਟਰ ਤਾਇਨਾਤ: ਨਿਊਯਾਰਕ ਵਿੱਚ ਕੋਰੋਨਾਵਾਇਰਸ ਕਾਰਨ ਹੋਈ ਖ਼ਤਰਨਾਕ ਸਥਿਤੀ ਨੂੰ ਵੇਖਦਿਆਂ ਹੋਇਆਂ ਟਰੰਪ ਪ੍ਰਸ਼ਾਸਨ ਨੇ ਉੱਥੇ ਸੈਨਿਕ ਡਾਕਟਰ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਉਹ ਨਿਊਯਾਰਕ ਵਿੱਚ ਕੋਰੋਨਾਵਾਇਰਸ ਨਾਲ ਜੰਗ ਲਈ 1000 ਮੈਡੀਕਲ ਜਵਾਨ ਤਾਇਨਾਤ ਕਰਨਗੇ। ਇਨ੍ਹਾਂ ਵਿੱਚ ਡਾਕਟਰ, ਨਰਸਾਂ, ਸਾਹ ਪ੍ਰਣਾਲੀ ਮਾਹਿਰ ਤੇ ਹੋਰ ਸਟਾਫ਼ ਸ਼ਾਮਿਲ ਹੋਵੇਗਾ। ਉਨ੍ਹਾਂ ਕਹਾ ਕਿ ਪਹਿਲਾਂ ਵੀ ਅਸੀਂ ਸੈਨਾ ਦੇ ਮੈਡੀਕਲ ਸਟਾਫ਼ ਦੀ ਮਦਦ ਲਈ ਹੈ ਪਰ ਹੁਣ ਇਹ ਮਦਦ ਵੱਡੀ ਪੱਧਰ ਉੱਪਰ ਲਈ ਜਾਵੇਗੀ। ਸੋਮਵਾਰ ਤੱਕ ਇਹ ਸਟਾਫ਼ ਨਿਊਯਾਰਕ ਪਹੁੰਚ ਜਾਵੇਗਾ ਜਿੱਥੇ ਇਸ ਦੀ ਸਭ ਤੋਂ ਵਧ ਲੋੜ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਮਾਰਕ ਐਸਪਰ ਇਸ ਸਬੰਧੀ ਜ਼ਿਆਦਾ ਵੇਰਵੇ ਦੇਣਗੇ। ਟਰੰਪ ਨੇ ਗਵਰਨਰਾਂ ਵੱਲੋਂ ਵੈਂਟੀਲੇਟਰਾਂ ਦੀ ਘਾਟ ਦੀ ਦਿੱਤੀ ਚਿਤਾਵਨੀ ਬਾਰੇ ਕਿਹਾ ਹੈ ਕਿ ਵੈਂਟੀਲੇਟਰਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁੱਝ ਰਾਜਾਂ ਕੋਲ ਲੋੜ ਨਾਲੋਂ ਵੱਧ ਵੈਂਟੀਲੇਟਰ ਹਨ ਪਰ ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਰਹੇ। ਉਹ ਓਦੋਂ ਹੀ ਸਵੀਕਾਰਨਗੇ ਜਦੋਂ ਹਰ ਗਲ ਖ਼ਤਮ ਹੋ ਜਾਵੇਗੀ। ਇਸ ਸਮੇਂ ਉਹ ਸਾਡੀ ਮਦਦ ਨਹੀਂ ਕਰ ਰਹੇ। ਨਿਊਯਾਰਕ ਦੇ ਗਵਰਨਰ ਐਂਡਰਿਊ ਕੋਮੋ ਨੇ ਕਿਹਾ ਹੈ ਕਿ ਰਾਜ ਨੂੰ 30000 ਵੈਂਟੀਲੇਟਰਾਂ ਦੀ ਲੋੜ ਹੈ ਤੇ ਇਸ ਹਫ਼ਤੇ ਦੇ ਅੱਧ ਤੱਕ ਵੈਂਟੀਲੇਟਰਾਂ ਦੀ ਘਾਟ ਪੈਦਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਨੇ 17000 ਵੈਂਟੀਲੇਟਰਾਂ ਦਾ ਆਪਣੇ ਤੌਰ ‘ਤੇ ਆਰਡਰ ਦਿੱਤਾ ਸੀ ਪਰ ਵਧੀ ਮੰਗ ਕਾਰਨ ਇਹ ਸਾਨੂੰ ਨਹੀਂ ਮਿਲੇ।