ਅਮਰੀਕਾ ਵਿੱਚ 1003 ਹੋਰ ਮੌਤਾਂ, ਮਰੀਜ਼ਾਂ ਦੀ ਗਿਣਤੀ 15,50,294 ਹੋਈ

ਦੀਵਾਲੀਆ ਹੋਈ ਕੰਪਨੀ ਜੇ ਸੀ ਪੈਨੀ 242 ਸਟੋਰ ਬੰਦ ਕਰੇਗੀ
ਵਾਸ਼ਿੰਗਟਨ 19 ਮਈ (ਹੁਸਨ ਲੜੋਆ ਬੰਗਾ) –
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ 1003 ਹੋਰ ਮਰੀਜ਼ ਦਮ ਤੋੜ ਗਏ ਹਨ। ਇਸ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ ਬਚਾਅ ਲਈ ਹਾਈਡਰੌਕਸੀਕਲੋਰੋਕੁਈਨ ਲੈਂਦੇ ਹਨ ਜਿਸ ਬਾਰੇ ਉਹ ਵਾਰ ਕਹਿੰਦੇ ਰਹੇ ਹਨ ਕਿ ਕੋਰੋਨਾਵਾਇਰਸ ਦੇ ਇਲਾਜ ਲਈ ਇਸ ਨੂੰ ਲਿਆ ਜਾਣਾ ਚਾਹੀਦਾ ਹੈ ਹਾਲਾਂ ਕਿ ਇਸ ਦੇ ਅਸਰ ਬਾਰੇ ਸਿਹਤ ਮਾਹਿਰ ਚਿਤਾਵਨੀ ਦਿੰਦੇ ਆ ਰਹੇ ਹਨ। ਰਾਸ਼ਟਰਪਤੀ ਨੇ ਵਾਈਟ ਹਾਊਸ ਵਿਖੇ ਰੈਸਟੋਰੈਂਟ ਅਧਿਕਾਰੀਆਂ ਨਾਲ ਗੋਲਮੇਜ਼ ਵਿਚਾਰ ਵਟਾਂਦਰੇ ਦੌਰਾਨ ਕਿਹਾ ”ਹਾਂ ਮੈਂ ਹਾਈਡਰੌਕਸੀਕਲੋਰੋਕੁਈਨ ਲੈਂਦਾ ਹਾਂ ਤੇ ਆਸ ਕਰਦਾ ਹਾਂ ਕਿ ਮੈਨੂੰ ਛੇਤੀ ਇਸ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਹ ਦਵਾਈ ਕੁੱਝ ਸਵਾਲਾਂ ਦਾ ਜਵਾਬ ਹੈ ਤੇ ਮੇਰਾ ਵਿਚਾਰ ਹੈ ਕਿ ਲੋਕਾਂ ਨੂੰ ਇਹ ਦਵਾਈ ਖਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।” ਟਰੰਪ ਨੇ ਕਿਹਾ ਕਿ ਉਹ ਹਫ਼ਤੇ ਭਰ ਤੋਂ ਰੋਜ਼ਾਨਾ ਇਹ ਦਵਾਈ ਲੈ ਰਹੇ ਹਨ ਕਿਉਂਕਿ ਇਹ ਕੋਰੋਨਾਵਾਇਰਸ ਤੋਂ ਬਚਾਅ ਕਰਦੀ ਹੈ ਹਾਲਾਂ ਕਿ ਵਾਈਟ ਹਾਊਸ ਦੇ ਡਾਕਟਰਾਂ ਨੇ ਇਹ ਦਵਾਈ ਖਾਣ ਦੀ ਸਿਫ਼ਾਰਿਸ਼ ਨਹੀਂ ਕੀਤੀ ਪਰੰਤੂ ਉਹ ਮੈਨੂੰ ਦੇ ਦਿੰਦੇ ਹਨ। ਇੱਥੇ ਵਰਨਣਯੋਗ ਹੈ ਕਿ ਫੂਡ ਐਂਡ ਐਡਮਨਿਸਟਰੇਸ਼ਨ (ਐਫ.ਡੀ.ਏ) ਨੇ ਹਾਈਡਰੌਕਸੀਕਲੋਰੋਕੁਈਨ ਤੇ ਕਲੋਰੋਕੁਈਨ ਦੀ ਵਰਤੋਂ ਵਿਰੁੱਧ ਚਿਤਾਵਨੀ ਦਿੱਤੀ ਹੋਈ ਹੈ। ਐਫ ਡੀ ਏ ਦਾ ਕਹਿਣਾ ਹੈ ਕਿ ਇਹ ਦਵਾਈਆਂ ਦਿਲ ਦੀ ਗਤੀ ‘ਤੇ ਮਾੜਾ ਅਸਰ ਪਾ ਸਕਦੀਆਂ ਹਨ।
1003 ਹੋਰ ਮੌਤਾਂ – ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ 1003 ਅਮਰੀਕੀ ਦਮ ਤੋੜ ਗਏ ਹਨ। ਮੌਤਾਂ ਦੀ ਕੁੱਲ ਗਿਣਤੀ 91,981 ਹੋ ਗਈ ਹੈ। ਨਵੇਂ ਮਰੀਜ਼ ਆਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 22630 ਹੋਰ ਮਰੀਜ਼ ਹਸਪਤਾਲਾਂ ਵਿੱਚ ਆਏ ਹਨ। ਕੋਰੋਨਾਵਾਇਰਸ ਤੋਂ ਪੀੜਤ ਅਮਰੀਕੀਆਂ ਦੀ ਕੁੱਲ ਗਿਣਤੀ 15,50,294 ਹੋ ਗਈ ਹੈ। 4,48,364 ਅਮਰੀਕੀਆਂ ਵਿਚੋਂ 3,56,383 ਠੀਕ ਹੋ ਕੇ ਹਸਪਤਾਲਾਂ ਵਿਚੋਂ ਜਾ ਚੁੱਕੇ ਹਨ ਜਦੋਂ ਕਿ ਬਾਕੀ 91,981 ਨੂੰ ਬਚਾਇਆ ਨਹੀਂ ਜਾ ਸਕਿਆ। ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ 79% ਬਣਦੀ ਹੈ ਜਦੋਂ ਕਿ ਮੌਤ ਦਰ 21% ਹੈ।
ਜੇ ਸੀ ਪੈਨੀ ਆਪਣੇ 242 ਸਟੋਰ ਬੰਦ ਕਰੇਗੀ – ਪਿਛਲੇ ਸਮੇਂ ਤੋਂ ਘਾਟਾ ਸਹਿ ਰਹੀ ਤੇ ਹੁਣ ਪਈ ਕੋਰੋਨਾ ਦੀ ਮਾਰ ਕਾਰਨ ਆਪਣੇ ਆਪ ਨੂੰ ਦੀਵਾਲੀਆ ਐਲਾਨ ਚੁੱਕੀ ਵੱਡੀ ਕਾਰੋਬਾਰੀ ਕੰਪਨੀ ਜੇ ਸੀ ਪੈਨੀ ਆਪਣੇ ਤਕਰੀਬਨ 29% ਸਟੋਰ ਜੋ 242 ਬਣਦੇ ਹਨ, ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਸਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਅੱਗੇ ਭਰੇ ਦਸਤਾਵੇਜ਼ਾਂ ਵਿੱਚ ਕਿਹਾ ਹੈ ਕਿ ਉਹ ਆਪਣੇ 242 ਪਰਚੂਨ ਸਟੋਰ ਇਸ ਵਿੱਤੀ ਸਾਲ ਤੇ ਅਗਲੇ ਵਿੱਤੀ ਸਾਲ ਦੌਰਾਨ ਬੰਦ ਕਰ ਦੇਵੇਗੀ। ਮੌਜੂਦਾ ਵਿੱਤੀ ਸਾਲ ਜੋ ਫਰਵਰੀ 2021 ਨੂੰ ਖ਼ਤਮ ਹੋਣਾ ਹੈ, ਦੌਰਾਨ 192 ਸਟੋਰ ਬੰਦ ਕਰੇਗੀ ਤੇ ਅਗਲੇ ਵਿੱਤੀ ਸਾਲ ਦੌਰਾਨ 50 ਸਟੋਰ ਬੰਦ ਕਰੇਗੀ।