ਅਸੀ ਸਿੱਖ ਹਾਂ ਜਾ…..?

ਗੁਰੂ ਨਾਨਕ ਦੇਵ ਜੀ ਮਨੁੱਖਤਾ ਨੂੰ ਇੱਕ ਲੜੀ ਵਿੱਚ ਪ੍ਰੋਣ ਦਾ ਸੁਫਨਾ ਲੈ ਕੈ ਤੁਰੇ ਸਨ ਤੇ ਆਪਣੇ ਸੁਫਨੇ ਨੂੰ ਪੂਰਾ ਕਰਦਿਆ ਹੀ ਸਾਰਾ ਜੀਵਨ ਮਨੁੱਖਤਾ ਦੇ ਲੇਖੇ ਲਾ ਦਿੱਤਾ। ਗੁਰੂ ਜੀ ਦੇ ਇਸ ਸੁਫਨੇ ਨੂੰ ਪੂਰਾ ਹੋਣ ਨੂੰ 239 ਸਾਲ ਦਾ ਸਮਾਂ ਲੱਗਿਆ। ਇਸ ਖਾਬ ਨੂੰ ਅਮਲੀ ਜਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਕੇ ਪਹਿਨਾਇਆ। ਗੁਰੂ ਜੀ ਨੇ ਸਿੰਘ ਨੂੰ ਇੰਨਾ ਸੱਚਾ ਸੁੱਚਾ ਜੀਵਨ ਦਿੱਤਾ, ਸਿੰਘ ਜੱਗ ਲਈ ਇੱਕ ਮਸਾਲ ਹੀ ਬਣ ਗਏ। ਇਤਿਹਾਸ ਨੂੰ ਵਾਚਿਆ ਪਤਾ ਲਗਦਾ ਹੈ ਕਿ ਜੇ ਸਿੰਘ ਅਦਾਲਤ ਵਿੱਚ ਜਾ ਕਿਸੇ ਦੇ ਹੱਕ ‘ਚ ਗਵਾਹੀ ਦੇ ਦੇਵੇ ਤਾਂ ਜੱਜ ਬਿਨ੍ਹਾਂ ਕਿਸੇ ਅਪੀਲ ਦਲੀਲ ਕੀਤੇ ਆ ਉਸ ਵਿਅਕਤੀ ਦੇ ਹੱਕ ਵਿੱਚ ਫ਼ੈਸਲਾ ਦੇ ਦਿੰਦਾ ਸੀ। ਭਾਰਤ ਵਿੱਚ ਹੀ ਨਹੀਂ ਬਾਹਰਲੇ ਦੇਸ਼ਾਂ ਵਿੱਚ ਵੀ ਸਿੰਘ ‘ਤੇ ਇੰਨਾ ਹੀ ਵਿਸ਼ਵਾਸ ਕੀਤਾ ਜਾਂਦਾ ਸੀ। ਜੇ ਸਵੇਰੇ-ਸਵੇਰੇ ਘਰੋਂ ਨਿਕਲਦਿਆਂ ਜੇ ਸਿੰਘ ਮੱਥੇ ਲੱਗ ਜਾਵੇ ਤਾ ਉਸ ਦਿਨ ਨੂੰ ਸ਼ੁਭ ਸਮਝਿਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੰਘ ਸਾਜਿਆ ਸੀ, ਇੱਕ ਸੋਚ ਸੀ, ਇੱਕ ਪਹਿਰਾਵਾ ਸੀ, ਇੱਕੋ ਕਹਿਣੀ ਕਰਨੀ ਸੀ। ਪਰ ਅੱਜ ਸਭ ਕੁੱਝ ਬਦਲ ਗਿਆ। ਜੇ ਸਭ ਕੁਝ ਇੱਕੋ ਜਿਹਾ ਸੀ ਤਾਂ ਸਾਡੇ ਵਿੱਚ ਇਹ ਵਖਰੇਵੇਂ ਕਿੱਥੋਂ ਆ ਗਏ, ਕਿਉ ਆ ਗਏ ਤੇ ਕਿਉ ਆ ਰਹੇ ਹਨ। ਇਨ੍ਹਾਂ ਵਖਰੇਵਿਆਂ ਨੇ ਸਾਨੂੰ ਆਪਸ ਵਿੱਚ ਹੀ ਇੰਨਾ ਉਲਝਾ ਕੇ ਰੱਖ ਦਿੱਤਾ। ਜਿਸ ਨਾਲ ਸਿੱਖੀ ਨੂੰ ਜਿਹੜੀ ਢਾਹ ਲੱਗੀ ਆ ਉਹ ਲਗਦੀ ਹੀ ਜਾ ਰਹੀ ਹੈ। ਪਰ ਅਸੀ ਅੱਖਾਂ ਉੱਜ਼ ਹੀ ਮੀਟ ਰੱਖੀਆ ਹਨ ।
ਅੱਜ ਇੱਕ ਸਵਾਲ, ਸਵਾਲ ਕਰਦਾ ਕੀ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਉਹੀ ਸਿੰਘ ਜਾ ਫਿਰ…………………..?
ਗੁਰੂ ਜੀ ਨੇ ਇੱਕ ਸਿੰਘ ਸਾਜਿਆ ਸੀ ਉਸ ਦਾ ਇੱਕ ਪਹਿਰਾਵਾ, ਇੱਕ ਸੋਚ, ਇੱਕੋ ਕਹਿਣੀ ਕਰਨੀ ਤੇ ਇੱਕ ਗੁਰੂ ਗ੍ਰੰਥ ਸਾਹਿਬ ਦਿੱਤਾ। ਪਰ ਅਸੀਂ ਆਪਣੀਆਂ ਹੀ ਰਾਹਾਂ ਚਲਾ ਕੇ ਸਿੱਖੀ ਨਾਲ ਖਿਲਵਾੜ ਕਰਦੇ ਜਾ ਰਹੇ ਹਾ। ਗੁਰੂ ਜੀ ਨੇ ਸਿੰਘ ਨੂੰ ਸ਼ਾਸਤਰ ਦੇ ਤੋਰ ‘ਤੇ ਕ੍ਰਿਪਾਨ ਦਿੱਤੀ ਸੀ ਉਸ ਦੀ ਲੰਬਾਈ ਕੋਈ ‘9 ਇੰਚ’ ਮੰਨੀ ਜਾਂਦੀ ਸੀ ਪਰ ਅੱਜ 2 ਇੰਚ ਤੋਂ 13 ਇੰਚ ਤੱਕ ਚਲਦੀ ਆ। ਅੱਜ ਅਮ੍ਰਿਤ ਪਾਨ ਕਰਵਾਉਣ ਦੀ ਵਿਧੀ ਤਾਂ ਇੱਕ ਹੈ ਪਰ ਪਹਿਰਾਵਾ, ਕਕਾਰ, ਨਿਤਨੇਮ ਦੀਆ ਬਾਣੀਆਂ, ਰਹਿਤ ਮਰਿਆਦਾ ਉਸ ਅਮ੍ਰਿਤ ਪਾਨ ਕਰਾਉਣ ਵਾਲੀ ਸੰਸਥਾ ਆਪਣੀ ਹੀ ਨਿਰਧਾਰਿਤ ਕਰਦੀ ਹੈ। ਜੋ ਸੰਪਰਤਾ ਪੋਥੀ ਸਾਹਿਬ ਛਪਾਉਂਦੇ ਹਨ ਜਾ ਛਾਪਦੇ ਉਹ ਨਿਤਨੇਮ ਦੀਆ ਬਾਣੀਆਂ, ਅਰਦਾਸ ਆਪਣੇ ਵਲੋਂ ਚਲਾਈ ਜਾ ਰਹੀ ਆ ਉਹ ਉਸ ਦੇ ਮੁਤਾਬਿਕ ਹੀ ਹੁੰਦੀ ਆ। ਜਿੰਨੇ ਵੀ ਪੋਥੀ ਸਾਹਿਬ ਲੈ ਲਉ ਸਾਰਿਆ ਵਿੱਚ ਸੰਸਥਾਵਾਂ ਦੀ ਆਪਣੀ ਮਰਿਆਦਾ ਹੁੰਦੀ ਆ।
ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣ ਲਈ ਵੀ ਆਪਣੀਆਂ ਹੀ ਧਾਰਨਾਵਾਂ ਹਨ। ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣ ਵਾਲੇ ਸਾਡੇ ਗ੍ਰੰਥੀ ਸਿੰਘ ਦੀ ਸੋਚ ਤੇ ਨਿਰਭਰ ਕਰਦਾ ਹੈ ਕਿ ਉਹ ਕਿਵੇਂ ਹੁਕਮਨਾਮਾ ਲੈਦਾ ਹੈ। ਉਹ ਗ੍ਰੰਥੀ ਸਿੰਘ ਆਪਣੀ ਹੀ ਸੋਚ ਮੁਤਾਬਿਕ ਆਪਣੀ ਰਹਿਤ ਮਰਿਆਦਾ ਤਿਆਰ ਕਰ ਕੇ ਉਸ ਇਲਾਕੇ ਵਿੱਚ ਪ੍ਰਚਲਤ ਕਰ ਲੈਦਾ ਹੈ।
ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਵੀ ਆਪਣੀ ਮਰਜ਼ੀ ਨਾਲ ਹੀ ਕਰਦੇ ਹਾ। ਜਿਸ ਤਰ੍ਹਾਂ ਅਰਦਾਸ ਕਰਨ ਤੋਂ ਪਹਿਲਾ ਇੱਕ ਸ਼ਬਦ ਬੋਲਦੇ ਹਾ ਉਹ ਸ਼ਬਦ ਸੁਖਮਨੀ ਸਾਹਿਬ ਦੀ ਚੌਥੀ ਅਸਟਪਦੀ ਵਿੱਚੋਂ ਹੈ ਜਿਸ ਵਿੱਚ ਸਾਰੇ ‘ਨ’ ਹਨ ਪਰ ਅਸੀ ਣਾਣੇ ਹੀ ਬੋਲੀ ਜਾਂਦੇ ਹਾਂ। ਇੱਕ ਸ਼ਬਦ ‘ਸਰਬੱਤ ਦਾ ਭਲਾ’ ਉਸ ਨੂੰ ‘ਸਰਬੱਤ ਕਾ ਭਲਾ’ ਬੋਲੀ ਜਾਂਦੇ ਹਾਂ। ਇਸੇ ਤਰ੍ਹਾਂ ‘ਆਸਾ ਦੀ ਵਾਰ’ ਤੇ ‘ਤਬੀ ਚਲਾਇਉ ਪੰਥ’। ਇਸ ਤਰ੍ਹਾਂ ਹੋਰ ਵੀ ਕਈ ਸ਼ਬਦ ਹਨ ਜਿਨ੍ਹਾਂ ਦਾ ਅਸੀ ਗਲਤ ਉਚਾਰਨ ਹੀ ਕਰੀ ਜਾ ਰਹੇ ਹਾ।ਇੱਕ ਹੋਰ ‘ਸ੍ਰੀ’ ਸ਼ਬਦ ਦੀ ਵਰਤੋ ਬਿਨ੍ਹਾਂ ਲੋੜ ਤੋਂ ਹੀ ਕਰੀ ਜਾ ਰਹੇ ਹਾ। ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ‘ਸ੍ਰੀ’ ਸ਼ਬਦ ਦੀ ਵਰਤੋ ਹੋਈ ਹੈ ਉਹ ਤਾਂ ਠੀਕ ਹੈ ਪਰ ਅਸੀ ਕਈ ਥਾ ਧੱਕੇ ਨਾਲ ਹੀ ਲਾਈ ਜਾ ਰਹੇ ਹਾ।
ਸਾਡੇ ਮੱਥਾ ਟੇਕਣ ਵਿੱਚ ਵੀ ਵੱਖਰੀਆਂ-ਵੱਖਰੀਆਂ ਧਾਰਨਾਵਾਂ ਪ੍ਰਚਲਤ ਹੋ ਗਈਆਂ ਹਨ। ਗੁਰੂ ਜੀ ਦੀ ਹਜ਼ੂਰੀ ਮੱਥਾ ਟੇਕਣ ਲੱਗਿਆ ਕਿਸੇ ਦੇ ਹੱਥ ਸਿੱਧੇ ਕਿਸੇ ਦੇ ਪੁੱਠੇ, ਕਿਸੇ ਦੀਆਂ ਮੁੱਠੀਆਂ ਮੀਟੀਆਂ, ਕਿਸੇ ਹੱਥ ਵੱਖੀ ਭਰ ਤੇ ਕਿਸੇ ਦੇ ਹੱਥ ਮੱਥੇ ਥੱਲੇ। ਕਈਆਂ ਨੂੰ ਤਾਂ ਮੱਥਾ ਟੇਕਦਿਆਂ ਵੇਖ ਕੇ ਤਾਂ ਹੈਰਾਨੀ ਹੋ ਜਾਂਦੀ ਆ ਜਦੋਂ ਉਹ ਮੱਥਾ ਟੇਕ ਕੇ ਹੱਥ ਪਹਿਲਾ ਛਾਤੀ ਨੂੰ ਲਾਉਂਦੇ ਫਿਰ ਅੱਖਾਂ ਨੂੰ ਫਿਰ ਬੁੱਲ੍ਹਾ ਨੂੰ। ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇਗ ਨੂੰ ਭੋਗ ਲਗਾਉਣ ਦੇ ਵੀ ਆਪਣੇ ਤਰੀਕੇ ਹੀ ਆਯਾਤ ਕਰ ਲਏ ਹਨ।
ਅੱਜ ਤੇ ਕਲ ਦੀ ਸਿੱਖੀ ਵਿੱਚ ਬਹੁਤ ਵੱਡਾ ਅੰਤਰ ਆ ਗਿਆ ਹੈ। ਅੱਜ ਤੇ ਕਲ ਦੀ ਸਿੱਖੀ ਵਿੱਚ ਆਏ ਪਾੜੇ ਨੂੰ ਭਰਨਾ ਮੁਸ਼ਕਲ ਹੈ। ਅੱਜ ਸਿੱਖੀ ਦਿਖਾਵੇ ਤੇ ਖੋਖਲੇ ਅੰਦਰਸਾ ਵਾਲੀ ਬਣ ਕੇ ਰਹਿ ਗਈ ਹੈ। ਅੱਜ ਅਸੀਂ ਐਵੇਂ ਡੀਂਗਾਂ ਮਾਰਦੇ ਫਿਰਦੇ ਅਸੀ ਇਹ ਕਰਤਾ, ਓ ਕਰਤਾ ਅਸੀ ਆਪਣੇ ਇਸ ਪੀੜੀ ਨੂੰ ਮੱਥਾ ਟੇਕਣਾ ਤਾ ਦੱਸ ਨੀ ਸਕੇ ਹੋਰ ਅਸੀ ਕੀ ਕਰਨਾ। ਅੱਜ ਇਹ ਗੱਲਾਂ ਭਾਵੇਂ ਛੋਟੀਆਂ ਹਨ ਇਸ ਨਾਲ ਅੱਜ ਫ਼ਰਕ ਵੀ ਕੋਈ ਨੀ ਪੈਣਾ ਪਰ ਅੱਜ ਤੱਕ ਜੋ ਪਾੜੇ ਸਾਡੇ ਵਿੱਚ ਪਏ ਹਨ ਓ ਇਨ੍ਹਾਂ ਛੋਟੀਆਂ ਗੱਲਾ ਦੀ ਹੀ ਬਦੌਲਤ ਪਏ ਹਨ। ਜੇ ਅਸੀ ਸੱਚੇ ਸਿੱਖ ਹਾਂ ਤੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ ਤਾਂ ਜਿਹੜੀ ਚੌਧਰਾਂ ਲਈ ਆਪਣੇ ਅਸੂਲ ਬਣਾਉਂਦੇ ਫਿਰਦੇ ਹਾਂ, ਉਹ ਛੱਡ ਦਈਏ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੀ ਸਿੱਖੀ ‘ਤੇ ਪਹਿਰਾ ਦਈਏ। ਅਸੀ ਇੱਕ ਸੀ ਤੇ ਇੱਕ ਹੋ ਜਾਈਏ ਨਹੀਂ ਤਾਂ ਸਾਨੂੰ ਮਾਰਨ ਲਈ ਕਿਸੇ ਬਾਹਰਲੇ ਦੀ ਲੋੜ ਨੀ ਪੈਣੀ।
-ਸੌਦਾਗਰ ਸਿੰਘ ਬਾੜੀਆ