ਅਫ਼ਗਾਨਿਸਤਾਨ ਆਤਮਘਾਤੀ ਹਮਲੇ ‘ਚ 12 ਸਿੱਖਾਂ ਸਣੇ 19 ਵਿਅਕਤੀ ਹਲਾਕ

ਜਲਾਲਾਬਾਦ (ਅਫ਼ਗਾਨਿਸਤਾਨ), 3 ਜੁਲਾਈ – ਇੱਥੇ 1 ਜੁਲਾਈ ਨੂੰ ਦੇਸ਼ ਦੇ ਪੂਰਬੀ ਹਿੱਸੇ ‘ਚ ਕੀਤੇ ਗਏ ਆਤਮਘਾਤੀ ਧਮਾਕੇ ‘ਚ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਤੇ 11 ਸਿੱਖਾਂ ਸਣੇ ਘੱਟੋ ਘੱਟ 19 ਵਿਅਕਤੀ ਹਲਾਕ ਅਤੇ 20 ਜਣੇ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਸਿੱਖ ਆਗੂਆਂ ਸਣੇ ਵੱਡੀ ਗਿਣਤੀ ਸਿੱਖਾਂ ਦੀ ਹੈ। ਅਫ਼ਗ਼ਾਨ ਸਦਰ ਅਸ਼ਰਫ਼ ਗ਼ਨੀ ਮੁਲਕ ਦੇ ਇਸੇ ਹਿੱਸੇ ਦੀ ਫ਼ੇਰੀ ‘ਤੇ ਹਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾਂਦੇ ਹਨ। ਗ੍ਰਹਿ ਮੰਤਰੀ ਦੇ ਬੁਲਾਰੇ ਨਜੀਬ ਦਾਨਿਸ਼ ਨੇ ਵੀ ਆਤਮਘਾਤੀ ਬੰਬਾਰ ਵੱਲੋਂ ਕੀਤੇ ਹਮਲੇ ਦੀ ਪੁਸ਼ਟੀ ਕੀਤੀ ਹੈ।
ਸਰਕਾਰੀ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਸੂਬਾਈ ਗਵਰਨਰ ਦੇ ਅਹਾਤੇ ਤੋਂ ਕੁੱਝ ਦੂਰੀ ‘ਤੇ ਬਾਜ਼ਾਰ ਨੇੜੇ ਖ਼ੁਦ ਨੂੰ ਉਡਾ ਲਿਆ। ਤਰਜਮਾਨ ਨੇ ਦੱਸਿਆ ਕਿ ਮਰਨ ਵਾਲਿਆਂ ‘ਚ 12 ਸਿੱਖ ਤੇ ਕੱਝ ਹਿੰਦੂ ਸ਼ਾਮਲ ਹਨ ਅਤੇ 20 ਦੇ ਕਰੀਬ ਹੋਰ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਹਸਪਤਾਲ ਦੇ ਬਾਹਰ ਧਮਾਕੇ ਦੇ ਪੀੜਤਾਂ ਦੇ ਸਕੇ-ਸਬੰਧੀਆਂ ਦਾ ਰੋ- ਰੋ ਕੇ ਬੁਰਾ ਹਾਲ ਸੀ। ਸੂਬਾਈ ਸਿਹਤ ਡਾਇਰੈਕਟਰ ਨਜੀਬੁੱਲ੍ਹਾ ਕਮਾਵਲ ਨੇ ਧਮਾਕੇ ‘ਚ 19 ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ‘ਚ ਵੱਡੀ ਗਿਣਤੀ ਸਿੱਖਾਂ ਦੀ ਹੈ। ਮਾਰੇ ਗਏ ਸਿੱਖ ਭਾਈਚਾਰੇ ਦੇ ਲੋਕਾਂ ‘ਚ ਸਥਾਨਕ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਵੀ ਸ਼ਾਮਿਲ ਹਨ, ਜੋ ਕਿ ਅਫ਼ਗਾਨਿਸਤਾਨ ‘ਚ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਸਨ। ਅਧਿਕਾਰੀਆਂ ਨੇ ਸਿੱਖ ਆਗੂ ਅਵਤਾਰ ਸਿੰਘ ਖਾਲਸਾ, ਜਿਨ੍ਹਾਂ ਦੀ ਅਕਤੂਬਰ ‘ਚ ਹੋਣ ਵਾਲੀਆਂ ਸੰਸਦੀ ਚੋਣਾਂ ਲੜਨ ਦੀ ਯੋਜਨਾ ਸੀ, ਦੀ ਇਸ ਹਮਲੇ ‘ਚ ਮਾਰੇ ਜਾਣ ਦੀ ਪੁਸ਼ਟੀ ਕੀਤੀ। ਨਨਗਰਹਾਰ ਸੂਬੇ ਦੇ ਪੁਲਿਸ ਮੁਖੀ ਗੁਲਾਮ ਸਨ੍ਹਾਈ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਸਿੱਖ ਭਾਈਚਾਰੇ ਨੂੰ ਲੈ ਕੇ ਜਾਂਦੇ ਇਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਸਿੱਖ ਭਾਈਚਾਰੇ ਦੇ ਮੈਂਬਰ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸੀ। ਯਾਦ ਰਹੇ ਕਿ ਮੁਸਲਿਮ ਬਹੁਗਿਣਤੀ ਵਾਲੇ ਇਸ ਮੁਲਕ ਵਿੱਚ ਸਿੱਖ ਤੇ ਹਿੰਦੂ ਨਿੱਕੇ ਭਾਈਚਾਰਿਆਂ ਦੇ ਰੂਪ ਵਿੱਚ ਰਹਿੰਦੇ ਹਨ।
ਉੱਧਰ ਅਫ਼ਗਾਨ ਸਦਰ ਦੇ ਤਰਜਮਾਨ ਨੇ ਕਿਹਾ ਕਿ ਸ੍ਰੀ ਗਨੀ ਨੰਗਰਹਾਰ ਸੂਬੇ ‘ਚ ਸਨ ਤੇ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹਨ। ਸਰਹੱਦੀ ਸੂਬੇ ਦੀ ਆਪਣੀ ਇਸ ਦੋ ਰੋਜ਼ਾ ਫ਼ੇਰੀ ਦੌਰਾਨ ਸ੍ਰੀ ਗਨੀ ਅੱਜ ਜਲਾਲਾਬਾਦ ਵਿੱਚ ਇਕ ਹਸਪਤਾਲ ਦੇ ਉਦਘਾਟਨ ਲਈ ਆਏ ਸਨ। ਗੌਰਤਲਬ ਹੈ ਕਿ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਜੇ ਦੋ ਦਿਨ ਪਹਿਲਾਂ ਅਫ਼ਗ਼ਾਨ ਸਦਰ ਨੇ ਸਲਾਮਤੀ ਦਸਤਿਆਂ ਨੂੰ 18 ਦਿਨਾਂ ਦੀ ਗੋਲੀਬੰਦੀ ਮਗਰੋਂ ਤਾਲਿਬਾਨ ਖ਼ਿਲਾਫ਼ ਹਮਲੇ ਤੇਜ਼ ਕਰਨ ਦੀ ਹਦਾਇਤ ਕੀਤੀ ਹੈ।
ਇਸਲਾਮਿਕ ਸਟੇਟ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਕਾਬੁਲ :  ਅਫ਼ਗਾਨਿਸਤਾਨ ਵਿੱਚ ਐਤਵਾਰ ਨੂੰ ਘੱਟ ਗਿਣਤੀ ਸਿੱਖ ਤੇ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਇਸ ਹਮਲੇ ਵਿੱਚ 19 ਵਿਅਕਤੀ ਮਾਰੇ ਗਏ ਸਨ। 2 ਜੁਲਾਈ ਨੂੰ ਰਿਲੀਜ਼ ਕੀਤੇ ਇਕ ਬਿਆਨ ‘ਚ ਆਈਐੱਸ ਨੇ ਕਿਹਾ ਹੈ ਕਿ ਉਨ੍ਹਾਂ ‘ਇਕ ਤੋਂ ਵੱਧ ਦੇਵਤਿਆਂ ਦੀ ਪੂਜਾ ਕਰਨ ਵਾਲੇ’ ਵਿਅਕਤੀਆਂ ਦੇ ਗਰੁੱਪ ਉੱਤੇ ਇਹ ਹਮਲਾ ਕੀਤਾ ਹੈ।