ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਭਾਰਤ ਵਿੱਚ ਭੂਚਾਲ

ਨਵੀਂ ਦਿੱਲੀ – 26 ਅਕਤੂਬਰ ਨੂੰ ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਉੱਤਰੀ ਭਾਰਤ ਵਿੱਚ ਰਿਕਟਰ ਪੈਮਾਨੇ ‘ਤੇ 7.5 ਦੇ ਆਏ ਜ਼ੋਰਦਾਰ ਭੂਚਾਲ ਕਾਰਨ 267 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਗੌਰਤਲਬ ਹੈ ਕਿ ਪਾਕਿਸਤਾਨ ‘ਚ ਸਭ ਤੋਂ ਵੱਧ 200 ਜਾਨਾਂ ਜਾਣ ਦੀ ਖ਼ਬਰ ਹੈ ਜਦੋਂ ਕਿ ਅਫ਼ਗ਼ਾਨਿਸਤਾਨ ‘ਚ 63 ਵਿਅਕਤੀਆਂ ਦੀ ਮੌਤ ਹੋਈ ਹੈ। ਬਿਜਨੌਰ ‘ਚ 1 ਤੇ ਜੰਮੂ-ਕਸ਼ਮੀਰ ‘ਚ ਵੀ 3 ਵਿਅਕਤੀ ਹਲਾਕ ਹੋਏ ਹਨ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।
ਭੂਚਾਲ ਦੇ ਜ਼ੋਰਦਾਰ ਝਟਕੇ ਭਾਰਤੀ ਸਮੇਂ ਅਨੁਸਾਰ ਪੌਣੇ ਤਿੰਨ ਵਜੇ ਦੇ ਕਰੀਬ ਆਏ ਜੋ ਕੁੱਝ ਮਿੰਟਾਂ ਤਕ ਮਹਿਸੂਸ ਕੀਤੇ ਗਏ। ਭੂਚਾਲ ਦੀ ਸ਼ਿੱਦਤ ਰਿਕਟਰ ਪੈਮਾਨੇ ‘ਤੇ 7.5 ਮਾਪੀ ਗਈ। ਅਮਰੀਕੀ ਭੂਵਿਗਿਆਨ ਸਰਵੇਖਣ ਮੁਤਾਬਿਕ ਭੂਚਾਲ ਦਾ ਕੇਂਦਰ ਹਿੰਦੂ ਕੁਸ਼ ਦੇ ਇਲਾਕੇ ‘ਚ ਉੱਤਰ-ਪੂਰਬ ਅਫ਼ਗ਼ਾਨਿਸਤਾਨ ਦੇ ਜਰਮ ਸ਼ਹਿਰ ਨੇੜੇ 213.5 ਕਿੱਲੋਮੀਟਰ ਧਰਤੀ ਹੇਠਾਂ ਸੀ। ਜ਼ੋਰਦਾਰ ਝਟਕਿਆਂ ਦੇ ਕੁੱਝ ਸਮੇਂ ਬਾਅਦ ਵੀ ਹਲਕੇ ਝਟਕੇ ਮਹਿਸੂਸ ਕੀਤੇ ਗਏ।
ਉੱਤਰ ਭਾਰਤ ‘ਚ ਰਾਜਧਾਨੀ ਦਿੱਲੀ, ਜੰਮੂ-ਕਸ਼ਮੀਰ, ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਤਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਦੇ ਚਿਤਰਾਲ ਖ਼ਿੱਤੇ ‘ਚ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਪਾਕਿਸਤਾਨ ‘ਚ ਰਾਹਤ ਤੇ ਬਚਾਅ ਕਾਰਜਾਂ ਲਈ ਫ਼ੌਜ ਨੂੰ ਪ੍ਰਭਾਵਿਤ ਇਲਾਕਿਆਂ ਵੱਲ ਰਵਾਨਾ ਕੀਤਾ ਗਿਆ ਹੈ। ਖ਼ੈਬਰ ਪਖ਼ਤੂਨਖ਼ਵਾ ਸੂਬੇ ਅਤੇ ਸੰਘੀ ਪ੍ਰਸ਼ਾਸਨ ਵਾਲੇ ਕਬਾਇਲੀ ਖੇਤਰਾਂ (ਐਫਏਟੀਏ) ‘ਚ ਸਭ ਤੋਂ ਵੱਧ 123 ਮੌਤਾਂ ਹੋਈਆਂ ਹਨ ਜੋ ਕਿ ਪੰਜਾਬ ‘ਚ ਪੰਜ ਅਤੇ ਮਕਬੂਜ਼ਾ ਕਸ਼ਮੀਰ ‘ਚ ਚਾਰ ਵਿਅਕਤੀ ਮਾਰੇ ਗਏ ਹਨ। ਖ਼ੈਬਰ ਪਖ਼ਤੂਨਖ਼ਵਾ ‘ਚ 950 ਤੋਂ ਵੱਧ ਵਿਅਕਤੀ ਭੂਚਾਲ ਕਾਰਨ ਜ਼ਖ਼ਮੀ ਹੋਏ ਹਨ। ਮਲਕੰਦ ਡਿਵੀਜ਼ਨ ‘ਚ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ ਹੈ। ਉੱਥੇ 74 ਵਿਅਕਤੀ ਮਾਰੇ ਗਏ ਹਨ। ਉਧਰ ਅਫ਼ਗ਼ਾਨਿਸਤਾਨ ਦੇ ਬਦਖ਼ਸ਼ਾਂ, ਤੱਖਰ, ਨੰਗਰਹਾਰ, ਕੁਨਾਰ ਅਤੇ ਕਾਬੁਲ ਸਮੇਤ ਹੋਰ ਇਲਾਕਿਆਂ ‘ਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਬਦਖ਼ਸ਼ਾਂ ਸੂਬੇ ਦੇ ਗਵਰਨਰ ਸ਼ਾਹ ਵਲੀ ਅਦੀਬ ਨੇ ਕਿਹਾ ਕਿ 1500 ਘਰ ਨੁਕਸਾਨੇ ਜਾਂ ਨਸ਼ਟ ਹੋ ਗਏ ਹਨ।