ਅੰਮ੍ਰਿਤਸਰ ‘ਚ ਮੰਦਿਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ, 4 ਨਵੰਬਰ – ਅੱਜ ਅੰਮ੍ਰਿਤਸਰ ‘ਚ ਸ਼ਿਵ ਸੈਨਾ ਦੇ ਹਿੰਦੂ ਆਗੂ ਸੁਧੀਰ ਸੂਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਰੀ ’ਤੇ ਜਦੋਂ ਹਮਲਾ ਹੋਇਆ ਤਾਂ ਉਹ ਆਪਣੇ ਸਮਰਥਕਾਂ ਦੇ ਨਾਲ ਇਥੇ ਮਜੀਠਾ ਰੋਡ ਵਿਖੇ ਗੋਪਾਲ ਮੰਦਰ ਦੇ ਨੇੜੇ ਰੋਸ ਪ੍ਰਦਰਸ਼ਨ ਕਰ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਸ਼ਨਾਖ਼ਤ ਸੰਦੀਪ ਸਿੰਘ ਵਜੋਂ ਹੋਈ ਹੈ। ਉਹ ਇਸੇ ਇਲਾਕੇ ਵਿੱਚ ਕੱਪੜੇ ਦੀ ਦੁਕਾਨ ਚਲਾਉਂਦਾ ਹੈ। ਚਸ਼ਮਦੀਦਾਂ ਮੁਤਾਬਕ ਇਹ ਘਟਨਾ ਪੁਲੀਸ ਦੀ ਹਾਜ਼ਰੀ ਵਿੱਚ ਵਾਪਰੀ ਹੈ ਅਤੇ ਸੂਰੀ ਤੇ ਉਸ ਦੇ ਸਮਰਥਕ ਉਸ ਵੇਲੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਹਮਲਾਵਰ ਆਇਆ ਅਤੇ ਉਸ ਨੇ ਸੁਧੀਰ ਸੂਰੀ ’ਤੇ ਗੋਲੀਆਂ ਚਲਾ ਦਿੱਤੀਆਂ। ਸ਼ਿਵ ਸੈਨਾ ਆਗੂ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਪਿਆ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਮਲੇ ਤੋਂ ਬਾਅਦ ਗੋਲੀ ਚਲਾਉਣ ਵਾਲਾ ਵਿਅਕਤੀ ਨੇੜੇ ਦੇ ਇਕ ਘਰ ਵਿੱਚ ਦਾਖ਼ਲ ਹੋ ਗਿਆ ਸੀ ਜਿੱਥੇ ਸੂਰੀ ਦੇ ਸਮਰਥਕਾਂ ਨੇ ਵੀ ਉਸ ਉਪਰ ਗੋਲੀ ਚਲਾਈ। ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿਹਾ ਕਿ ਹਮਲਾਵਰ ਕੋਲੋਂ ਪਿਸਤੌਲ ਬਰਾਮਦ ਕਰ ਲਈ ਗਈ ਹੈ ਅਤੇ ਇਹ ਲਾਇਸੈਂਸੀ ਪਿਸਤੌਲ ਹੈ। ਪੁਲੀਸ ਨੇ ਮੌਕੇ ਤੋਂ ਇਕ ਕਾਰ ਵੀ ਬਰਾਮਦ ਕੀਤੀ ਹੈ ਜਿਸ ਰਾਹੀਂ ਹਮਲਾਵਰ ਇੱਥੇ ਪੁੱਜਾ ਸੀ। ਕਾਰ ਦੇ ਉਪਰ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸਟਿੱਕਰ ਲੱਗੇ ਹੋਏ ਹਨ ਅਤੇ ਉਸ ਵਿਚੋਂ ਗਰਮਖਿਆਲੀਆਂ ਦੀ ਕੁਝ ਸਮੱਗਰੀ ਵੀ ਮਿਲੀ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਵੱਡੀ ਗਿਣਤੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਸੂਰੀ ਦੇ ਸਮਰਥਕਾਂ ਵੱਲੋਂ ਬਾਅਦ ਵਿੱਚ ਸੜਕ ’ਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਮਜੀਠਾ ਰੋਡ ਸਥਿਤ ਕਸ਼ਮੀਰ ਐਵੇਨਿਊ ਵਿਖੇ ਇਸ ਮੰਦਰ ਦੇ ਨੇੜੇ ਕੁਝ ਮੂਰਤੀਆਂ ਅਤੇ ਪੋਸਟਰ ਕੂੜੇ ’ਚ ਸੁੱਟ ਕੇ ਬੇਅਦਬੀ ਕੀਤੀ ਗਈ ਸੀ। ਸੂਚਨਾ ਮਿਲਣ ਤੋਂ ਬਾਅਦ ਸੁਧੀਰ ਸੂਰੀ ਅਤੇ ਉਸ ਦੇ ਸਮਰਥਕ ਇੱਥੇ ਰੋਸ ਪ੍ਰਦਰਸ਼ਨ ਲਈ ਪੁੱਜੇ ਸਨ। ਉਨ੍ਹਾਂ ਪਹਿਲਾਂ ਇੱਥੇ ਮੰਦਿਰ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਅਤੇ ਮਸਲਾ ਹੱਲ ਨਾ ਹੋਣ ’ਤੇ ਮੰਦਰ ਦੇ ਨੇੜੇ ਹੀ ਧਰਨਾ ਲਾ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਏਸੀਪੀ ਵਰਿੰਦਰ ਸਿੰਘ ਖੋਸਾ ਅਤੇ ਐੱਸਐੱਚਓ ਸਮੇਤ ਹੋਰ ਪੁਲੀਸ ਅਧਿਕਾਰੀ ਮਸਲੇ ਨੂੰ ਹੱਲ ਕਰਾਉਣ ਲਈ ਮੌਕੇ ’ਤੇ ਪੁੱਜੇ ਸਨ। ਜਦੋਂ ਮਸਲੇ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਸੀ ਤਾਂ ਇਸ ਦੌਰਾਨ ਹਮਲਾਵਰ ਨੇ ਸੁਧੀਰ ਸੂਰੀ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਇਸ ਘਟਨਾ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।