ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਲਈ ਅੰਮ੍ਰਿਤਸਰ ਵਿਕਾਸ ਮੰਚ ਨੇ ਕੈਨੇਡਾ ਦੇ ਪਾਰਲੀਮੈਂਟ ਮੈਂਬਰਾਂ ਤੀਕ ਕੀਤੀ ਪਹੁੰਚ

ਅੰਮ੍ਰਿਤਸਰ (ਡਾ. ਚਰਨਜੀਤ ਸਿੰਘ ਗੁਮਟਾਲਾ) – 18 ਸਤੰਬਰ ਨੂੰ ਕੈਨੇਡਾ ਤੋਂ ਸਿੱਖੀ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਅਤੇ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਵਿਦੇਸ਼ ਸਕੱਤਰ ਸ. ਸਮੀਪ ਸਿੰਘ ਨੇ ਟੋਰਾਂਟੋ ਦਾ ਦੌਰਾ ਕੀਤਾ। ਮੰਚ ਆਗੂ ਬਰਮਪਟਨ ਦੇ ਪਾਰਲੀਮੈਂਟ ਮੈਂਬਰਾਂ ਦੇ ਦਫ਼ਤਰ ਗਏ। ਉਨ੍ਹਾਂ ਦੀ ਬਰਮਪਟਨ ਉੱਤਰ (ਨਾਰਥ) ਦੀ ਪਾਰਲੀਮੈਂਟ ਮੈਂਬਰ ਸ੍ਰੀਮਤੀ ਰੂਬੀ ਸਹੋਤਾ ਨਾਲ ਹੋਈ ਮੁਲਾਕਾਤ ਬਹੁਤ ਕਾਮਯਾਬ ਰਹੀ। ਮੈਡਮ ਸਹੋਤਾ ਨੂੰ ਦੱਸਿਆ ਗਿਆ ਕਿ ਏਅਰ ਕੈਨੇਡਾ ਸਿੱਧੀ ਅੰਮ੍ਰਿਤਸਰ ਨਹੀਂ ਜਾ ਸਕਦੀ ਕਿਉਂਕਿ ਭਾਰਤ ਸਰਕਾਰ ਨੇ ਕੈਨੇਡਾ ਦੀ ਹਵਾਈ ਕੰਪਨੀਆਂ ਲਈ ਕੇਵਲ ੬ ਮੈਟਰੋ ਏਅਰਪੋਰਟ ਰੱਖੇ ਹੋਏ ਹਨ। ਟੋਰਾਂਟੋ ਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿੱਚ ੬ ਲੱਖ ਦੇ ਕਰੀਬ ਪੰਜਾਬੀ ਹਨ। ਇਸ ਲਈ ਇੱਥੋਂ ਅੰਮ੍ਰਿਤਸਰ ਲਈ ਏਅਰ ਕੈਨੇਡਾ ਦੀ ਸਿੱਧੀ ਉਡਾਣ ਬੜੀ ਸਫਲ ਹੋ ਸਕਦੀ ਹੈ। ਮੌਨਟਰੀਅਲ, ਕੈਲਗਰੀ, ਵੈਨਕੂਵਰ ਤੇ ਕੈਨੇਡਾ ਦੇ ਹੋਰ ਸ਼ਹਿਰਾਂ ਤੋਂ ਪੰਜਾਬੀ ਵੀ ਏਅਰ ਕੈਨੇਡਾ ਦੀ ਉਡਾਣ ਲੈ ਕੇ ਟੋਰਾਂਟੋ ਰਾਹੀਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਲੈ ਸਕਦੇ ਹਨ।
ਉਨ੍ਹਾਂ ਨੂੰ ਇਸ ਸਬੰਧੀ ਕੈਨੇਡਾ ਸਰਕਾਰ ਤੀਕ ਪਹੁੰਚ ਕਰਨ ਦੀ ਅਪੀਲ ਕੀਤੀ ਗਈ ਕਿ ਉਹ ਭਾਰਤ ਸਰਕਾਰ ਨਾਲ ਇਸ ਸੰਬੰਧੀ ਦੁਵੱਲਾ ਹਵਾਈ ਸਮਝੌਤਾ ਕਰੇ। ਉਨ੍ਹਾਂ ਨੇ ਯਕੀਨ ਦੁਆਇਆ ਕਿ ਉਹ ਇਹ ਮਸਲਾ ਪਾਰਲੀਮੈਂਟ ਵਿੱਚ ਉਠਾਉਣਗੇ ਤੇ ਇਸ ਸੰਬੰਧੀ ਏਅਰ ਕੈਨੇਡਾ ਅਤੇ ਟੋਰਾਂਟੋ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਨਗੇ। ਉਨ੍ਹਾਂ ਨੂੰ ਬ੍ਰਿਟਿਸ਼ ਏਅਰਵੇਜ਼ ਅਤੇ ਹੋਰ ਯੂਰਪੀ ਹਵਾਈ ਕੰਪਨੀਆਂ ਤੀਕ ਵੀ ਪਹੁੰਚ ਕਰਨ ਦੀ ਅਪੀਲ ਕੀਤੀ ਗਈ, ਜਿਹੜੀਆਂ ਅੰਮ੍ਰਿਤਸਰ ਜਾ ਸਕਦੀਆਂ ਹਨ।
ਬਰਮਪਟਨ ਪੂਰਬੀ (ਈਸਟ) ਦੇ ਪਾਰਲੀਮੈਂਟ ਮੈਂਬਰ ਸ੍ਰੀ ਰਾਜ ਗਰੇਵਾਲ ਤੇ ਬਰਮਪਟਨ ਦੱਖਣੀ (ਸਾਊਥ) ਦੇ ਪਾਰਲੀਮੈਂਟ ਮੈਂਬਰ ਸ੍ਰੀਮਤੀ ਸੋਨੀਆ ਸਿੱਧੂ ਦੇ ਦਫ਼ਤਰ ਵਿੱਚ ਨਾ ਹੋਣ ਕਰਕੇ ਮੰਚ ਵੱਲੋਂ ਮੰਗ ਪੱਤਰ ਉਨ੍ਹਾਂ ਦੇ ਦਫ਼ਤਰ ਦੇ ਇੰਚਾਰਜ ਨੂੰ ਦਿੱਤਾ ਗਿਆ। ਮੰਗ ਪੱਤਰ ਵਿੱਚ ਪਾਰਲੀਮੈਂਟ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਇੰਗਲੈਂਡ ਦੀਆਂ ਹਵਾਈ ਕੰਪਨੀਆਂ ਨੂੰ ਅੰਮ੍ਰਿਤਸਰ ਜਾਣ ਲਈ ਖੁੱਲ੍ਹ ਹੈ। ਇਸ ਲਈ ਉਹ ਬ੍ਰਿਟਿਸ਼ ਏਅਰਵੇਜ਼, ਵਰਜਿਨ ਐਟਲਾਟਿੰਕ ਅਤੇ ਹੋਰ ਹਵਾਈ ਕੰਪਨੀਆਂ ‘ਤੇ ਜ਼ੋਰ ਪਾਉਣ ਕਿ ਉਹ ਲੰਡਨ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਕਿਉਂਕਿ ਕੈਨੇਡਾ, ਅਮਰੀਕਾ ਅਤੇ ਯੂਰਪ ਦੇ ਸਾਰੇ ਵੱਡੇ ਏਅਰਪੋਰਟ ਨੂੰ ਇਨ੍ਹਾਂ ਦੀਆਂ ਉਡਾਣਾਂ ਹਨ, ਜਿਨ੍ਹਾਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਹੈ।
ਇਸ ਫੇਰੀ ਦੌਰਾਨ ਅਮਰੀਕਾ ਤੇ ਕੈਨੇਡਾ ਦੇ ਹਰਮਨ ਪਿਆਰੇ ਚੈਨਲ ਗਲੋਬਲ ਪੰਜਾਬ ਅਤੇ ਚੈਨਲ ਪੰਜਾਬੀ ‘ਤੇ ਉਡਾਣਾਂ ਬਾਰੇ ਇਕ ਘੰਟੇ ਦਾ ਸਿੱਧਾ ਪ੍ਰਸਾਰਨ ਸ. ਸਮੀਪ ਸਿੰਘ ਤੇ ਪ੍ਰਸਿੱਧ ਪੱਤਰਕਾਰ ਸ੍ਰੀ ਕੰਵਰ ਸੰਧੂ ਨੇ ਦਿੱਤਾ ਜਿਸ ਦੇ ਐਂਕਰ ਡਾ. ਬਲਵਿੰਦਰ ਸਿੰਘ ਸਨ। ਪੰਜਾਬੀਆਂ ਨੇ ਇਸ ਪ੍ਰੋਗਰਾਮ ਵਿੱਚ ਭਰਪੂਰ ਹਿੱਸਾ ਲਿਆ ਤੇ ਉਨ੍ਹਾਂ ਨੇ ਦਿੱਲੀ ਵਿੱਚ ਹੁੰਦੀ ਖੱਜਲ ਖ਼ੁਆਰੀ ਬਾਰੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ।
ਵਰਨਣਯੋਗ ਹੈ ਕਿ ਸਿੱਖੀ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਤੋਂ ਪਹਿਲਾਂ ਇੰਗਲੈਂਡ ਤੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਲਈ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸਨ, ਜਿਨ੍ਹਾਂ ਨੂੰ ਦਿੱਲੀ ਦੇ ਹਵਾਈ ਅੱਡੇ ਨੂੰ ਪ੍ਰਾਈਵੇਟ ਕਰਨ ਉਪਰੰਤ 2010 ਵਿੱਚ ਬੰਦ ਕਰਕੇ ਇਨ੍ਹਾਂ ਨੂੰ ਬਰਾਸਤਾ ਦਿੱਲੀ ਕਰ ਦਿੱਤਾ ਗਿਆ। ਅੰਮ੍ਰਿਤਸਰ ਤੋਂ ਬਰਾਸਤਾ ਦਿੱਲੀ ਲੰਡਨ ਉਡਾਣ ਨੂੰ ਵੀ 15 ਅਗਸਤ 2016 ਵਿੱਚ ਬੰਦ ਕਰਕੇ ਇਸ ਦਾ ਰੂਟ ਅਹਿਮਦਾਬਾਦ-ਲੰਡਨ-ਨਿਊ ਜਰਸੀ ਕਰ ਦਿੱਤਾ ਗਿਆ। ਇਸ ਸਮੇਂ ਅੰਮ੍ਰਿਤਸਰ-ਦਿੱਲੀ-ਬਰਮਿੰਗਮ ਉਡਾਣ ਚੱਲ ਰਹੀ ਹੈ। ਜਹਾਜ਼ ਪਹਿਲਾਂ ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਹੈ ਤੇ ਮੁੜ ਦਿੱਲੀ ਜਾਂਦਾ ਹੈ, ਦਿੱਲੀ ਤੋਂ ਅੰਮ੍ਰਿਤਸਰ ਉੱਪਰੋਂ ਉਡਾਣ ਭਰ ਕੇ ਮੁੜ ਬਰਮਿੰਘਮ ਜਾਂਦਾ ਹੈ। ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਲੋਕ ਹਿੱਤ ਪਟੀਸ਼ਨ ਵਿੱਚ ਅਦਾਲਤ ਨੇ ਏਅਰ ਇੰਡੀਆ ਨੂੰ ਕਿਹਾ ਹੈ ਕਿ ਤੁਸੀਂ ਉਲਟੀ ਗੰਗਾ ਵਹਾਅ ਰਹੇ ਹੋ।
ਸਿੱਧੀਆਂ ਉਡਾਣਾਂ ਨੂੰ ਲੈ ਕੇ ਲੰਡਨ ਦੇ ਪਾਰਲੀਮੈਂਟ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਨੇ ਆਪਣੀ ਪੰਜਾਬ ਫੇਰੀ ਸਮੇਂ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਸ੍ਰੀ ਜੈਨ ਸਿਨਹਾ, ਖ਼ਜ਼ਾਨਾ ਮੰਤਰੀ ਸ੍ਰੀ ਅਰੁਨ ਜੇਤਲੀ ਤੇ ਹੋਰਨਾਂ ਮੰਤਰੀਆਂ ਨਾਲ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਵਾਸਤੇ ਗੱਲਬਾਤ ਕੀਤੀ ਸੀ। ਬੀਤੇ ਦਿਨੀਂ ਉਹ ਲੰਡਨ ਸਥਿਤ ਭਾਰਤ ਦੇ ਹਾਈ ਕਮਿਸ਼ਨਰ ਨੂੰ ਵੀ ਇਸ ਸੰਬੰਧੀ ਮਿਲੇ। ਉਨ੍ਹਾਂ ਨੇ ਵਰਜਿਨ ਐਂਟਲਾਟਿੰਕ ਦੇ ਅਧਿਕਾਰੀਆਂ ਤੇ ਏਅਰ ਇੰਡੀਆ ਦੇ ਲੰਡਨ ਸਥਿਤ ਯੂਰਪ ਦੇ ਇੰਚਾਰਜ ਨਾਲ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਮੀਟਿੰਗ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਕੈਨੇਡਾ ਦੇ ਪੰਜਾਬੀ ਮੂਲ ਦੇ ਪਾਰਲੀਮੈਂਟ ਮੈਂਬਰ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਲੀਮੈਂਟ ਮੈਂਬਰ ਸਿਵਾਏ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਦੇ ਸਿੱਧੀਆਂ ਉਡਾਣਾਂ ਦੇ ਮੁੱਦੇ ਨੂੰ ਉਠਾ ਰਹੇ ਹਨ।