ਆਈਆਰਸੀਟੀਸੀ ਨੇ ਮੋਦੀ ਦੇ ਸਿੱਖਾਂ ਨਾਲ ਰਿਸ਼ਤਿਆਂ ਸਬੰਧੀ ਗਾਹਕਾਂ ਨੂੰ ਲਗਭਗ 2 ਕਰੋੜ ਈ-ਮੇਲਾਂ ਭੇਜੀਆਂ

ਨਵੀਂ ਦਿੱਲੀ, 16 ਦਸੰਬਰ – ਆਈਆਰਸੀਟੀਸੀ ਨੇ 8 ਦਸੰਬਰ ਤੋਂ 12 ਦਸੰਬਰ ਵਿਚਾਲੇ ਆਪਣੇ ਗਾਹਕਾਂ ਨੂੰ ਲਗਭਗ 2 ਕਰੋੜ ਈ-ਮੇਲਾਂ ਭੇਜੀਆਂ ਹਨ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਦੇ ਹੱਕ ਵਿੱਚ ਲਏ ਗਏ 13 ਫ਼ੈਸਲਿਆਂ ਦੀ ਸੂਚੀ ਦਿੱਤੀ ਗਈ ਹੇ। ਜਦੋਂ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ), ਰੇਲਵੇ ਦਾ ਸਰਕਾਰੀ ਮਾਲਕੀ ਵਾਲਾ ਅਦਾਰਾ ਹੈ, ਜਿਸ ਨੇ ਆਪਣੇ ਗਾਹਕਾਂ ਨੂੰ 47 ਪੰਨਿਆਂ ਦਾ ਕਿਤਾਬਚਾ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ’ ਭੇਜਿਆ ਹੈ, ਜੋ ਲੋਕਾਂ ਨੂੰ ਬਿੱਲਾਂ ਬਾਰੇ ਜਾਗਰੂਕ ਕਰਨ ਅਤੇ ਉਸ ਬਾਰੇ ਫੈਲੇ ਭੁਲੇਖਿਆਂ ਨੂੰ ਦੂਰ ਕਰਨ ਦੀ ਸਰਕਾਰ ਦੀ ‘ਲੋਕ ਹਿੱਤ’ ਸੋਚ ਦਾ ਹਿੱਸਾ ਹੈ। ਇਹ ਕਿਤਾਬਚੇ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਈ-ਮੇਲਾਂ ਆਈਆਰਸੀਟੀਸੀ ਦੇ ਪੂਰੇ ਡੇਟਾਬੇਸ ਨੂੰ ਭੇਜੀਆਂ ਗਈਆਂ ਜਿੱਥੇ ਯਾਤਰੀ ਟਿਕਟਾਂ ਦੀ ਬੁਕਿੰਗ ਕਰਦੇ ਹਨ ਤੇ ਆਪਣੇ ਵੇਰਵੇ ਦਰਜ ਕਰਦੇ ਹਨ। ਪੀਐੱਸਯੂ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਈਮੇਲ ਸਿਰਫ਼ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਹੀ ਭੇਜੀ ਗਈ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਆਈਆਰਸੀਟੀਸੀ ਵੱਲੋਂ ਲੋਕ ਹਿੱਤ ਵਿੱਚ ਸਰਕਾਰੀ ਭਲਾਈ ਸਕੀਮਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ। ਕੌਮੀ ਟਰਾਂਸਪੋਰਟ ਦੇ ਸੂਤਰ ਨੇ ਦੱਸਿਆ ਕਿ ਆਈਆਰਸੀਟੀਸੀ ਨੇ 12 ਅਕਤੂਬਰ ਤੱਕ 5 ਦਿਨਾਂ ਵਿੱਚ 1.9 ਕਰੋੜ ਈ-ਮੇਲਾਂ ਭੇਜੀਆਂ ਹਨ।