ਆਈਸੀਸੀ ਕ੍ਰਿਕਟ ਵਰਲਡ ਕੱਪ: ਆਸਟਰੇਲੀਆ ਨੇ ਪਾਕਿਸਤਾਨ ਨੂੰ 62 ਦੌੜਾਂ ਨਾਲ ਹਰਾਇਆ

ਬੰਗਲੁਰੂ, 20 ਅਕਤੂਬਰ – ਅੱਜ ਇੱਥੇ ਆਸਟਰੇਲੀਆ ਨੇ ਵਰਲਡ ਕੱਪ ਮੈਚ ‘ਚ ਪਾਕਿਸਤਾਨ ਨੂੰ 62 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ 9 ਵਿਕਟਾਂ ’ਤੇ 367 ਦੌੜਾਂ ਬਣਾਉਣ ਤੋਂ ਬਾਅਦ ਪਾਕਿਸਤਾਨ ਦੀ ਪਾਰੀ ਨੂੰ 45.3 ਓਵਰਾਂ ‘ਚ 305 ਦੌੜਾਂ ‘ਤੇ ਸਮੇਟ ਦਿੱਤਾ। ਪਾਕਿਸਤਾਨ ਲਈ ਸਲਾਮੀ ਬੱਲੇਬਾਜ਼ ਇਮਾਮ ਉੱਲ ਹੱਕ ਨੇ 70 ਜਦਕਿ ਅਬਦੁੱਲ੍ਹਾ ਸ਼ਰੀਫ਼ ਨੇ 64 ਦੌੜਾਂ ਬਣਾਈਆਂ। ਆਸਟਰੇਲੀਆ ਲਈ ਐਡਮ ਜੰਪਾ ਨੇ 4 ਵਿਕਟ ਲਏ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ (163) ਤੇ ਮਿਸ਼ੇਲ ਮਾਰਸ਼ (121) ਦੇ ਸੈਂਕੜਿਆਂ ਦੀ ਬਦੌਲਤ ਤੇ ਦੋਵਾਂ ਵਿਚਾਲੇ ਪਹਿਲੇ ਵਿਕਟ ਲਈ 259 ਦੌੜਾਂ ਦੀ ਭਾਈਵਾਲੀ ਦੇ ਦਮ ’ਤੇ ਆਸਟਰੇਲੀਆ ਨੇ ਪਾਕਿਸਤਾਨ ਖ਼ਿਲਾਫ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ’ਤੇ 367 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਮਾਰਸ਼ ਨੇ ਆਪਣੀ ਪਾਰੀ ਦੌਰਾਨ ਨੌਂ ਛੱਕੇ ਜੜੇ। ਇਹ ਵਰਲਡ ਕੱਪ ਇਤਿਹਾਸ ਦਾ ਕੇਵਲ ਚੌਥਾ ਮੌਕਾ ਹੈ ਜਦ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਇਕ ਹੀ ਮੈਚ ‘ਚ ਸੈਂਕੜੇ ਬਣਾਏ।