ਆਈਸੀਸੀ ਕ੍ਰਿਕਟ ਵਰਲਡ ਕੱਪ: ਨਿਊਜ਼ੀਲੈਂਡ ਦੀ ਲਗਾਤਾਰ ਦੂਜੀ ਜਿੱਤ, ਕੀਵੀਜ਼ ਨੇ ਨੀਦਰਲੈਂਡ ਨੂੰ 99 ਦੌੜਾਂ ਨਾਲ ਹਰਾਇਆ

ਹੈਦਰਾਬਾਦ, 9 ਅਕਤੂਬਰ – ਆਈਸੀਸੀ ਵਨਡੇ ਕ੍ਰਿਕਟ ਵਰਲਡ ਕੱਪ 2023 ਦਾ ਛੇਵਾਂ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਨਿਊਜ਼ੀਲੈਂਡ ਅਤੇ ਨੀਦਰਲੈਂਡ ਵਿਚਕਾਰ ਖੇਡਿਆ ਗਿਆ। ਲਗਾਤਾਰ ਦੋ ਵਾਰ ਫਾਈਨਲਿਸਟ ਰਹਿ ਚੁੱਕੀ ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਵਰਲਡ ਕੱਪ 2023 ਦਾ ਆਪਣਾ ਦੂਜਾ ਮੈਚ ਆਸਾਨੀ ਨਾਲ ਜਿੱਤ ਲਿਆ ਹੈ। ਰਾਜੀਵ ਗਾਂਧੀ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ ਇਕਤਰਫਾ 99 ਦੌੜਾਂ ਨਾਲ ਹਰਾਇਆ।
2015 ਅਤੇ 2019 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚਣ ਤੋਂ ਬਾਅਦ ਟਰਾਫੀ ਤੋਂ ਇਕ ਕਦਮ ਦੂਰ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਹੁਣ ਇੰਗਲੈਂਡ ਤੋਂ ਬਾਅਦ ਨੀਦਰਲੈਂਡ ਨੂੰ ਵੀ ਹਰਾਇਆ ਹੈ। ਕੀਵੀ ਭਾਰਤੀ ਧਰਤੀ ‘ਤੇ ਖੇਡੇ ਜਾ ਰਹੇ ਵਰਲਡ ਕੱਪ 2023 ‘ਚ ਮਜ਼ਬੂਤ ​​ਦਾਅਵੇਦਾਰ ਬਣ ਕੇ ਉਭਰੇ ਹਨ।
ਇਸ ਮੈਚ ‘ਚ ਵੀ ਆਪਣੇ ਨਿਯਮਤ ਕਪਤਾਨ ਕੇਨ ਵਿਲੀਅਮਸਨ ਦੀ ਗੈਰ-ਮੌਜੂਦਗੀ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੀਵੀਆਂ ਨੇ 7 ਵਿਕਟਾਂ ‘ਤੇ 322 ਦੌੜਾਂ ਬਣਾਈਆਂ।
ਇਸ ਦੇ ਜਵਾਬ ‘ਚ ਡੱਚ ਬੱਲੇਬਾਜ਼ 46.3 ਓਵਰਾਂ ‘ਚ 223 ਦੌੜਾਂ ‘ਤੇ ਆਲ ਆਊਟ ਹੋ ਗਏ। ਨਿਊਜ਼ੀਲੈਂਡ ਲਈ ਪਹਿਲਾਂ ਵਿਲ ਯੰਗ, ਰਚਿਨ ਰਵਿੰਦਰਾ ਅਤੇ ਟੌਮ ਲੈਥਮ ਨੇ ਅਰਧ ਸੈਂਕੜੇ ਲਗਾਏ, ਜਦਕਿ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਸਪਿਨਰ ਮਿਸ਼ੇਲ ਸੈਂਟਨਰ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਨੀਦਰਲੈਂਡ ਲਈ ਸਿਰਫ ਕੋਲਿਨ ਐਕਰਮੈਨ ਹੀ ਕ੍ਰੀਜ਼ ‘ਤੇ ਸਮਾਂ ਬਤੀਤ ਕਰ ਸਕਿਆ, ਜਿਸ ਨੇ 73 ਗੇਂਦਾਂ ‘ਚ 69 ਦੌੜਾਂ ਦਾ ਯੋਗਦਾਨ ਦਿੱਤਾ।
ਹੁਣ ਨਿਊਜ਼ੀਲੈਂਡ ਦਾ ਅਗਲਾ ਮੈਚ 13 ਅਕਤੂਬਰ ਨੂੰ ਬੰਗਲਾਦੇਸ਼ ਨਾਲ ਹੋਵੇਗਾ ਜਦਕਿ ਨੀਦਰਲੈਂਡ ਦਾ ਸਾਹਮਣਾ 17 ਅਕਤੂਬਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ।