ਆਈਸੀਸੀ ਕ੍ਰਿਕਟ ਵਰਲਡ ਕੱਪ: ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਡੀਐੱਲਐੱਸ ਰਾਹੀਂ 21 ਦੌੜਾਂ ਨਾਲ ਹਰਾਇਆ, ਪਾਕਿਸਤਾਨ ਨੇ ਸੈਮੀਫਾਈਨਲ ’ਚ ਪਹੁੰਚਣ ਦੀ ਉਮੀਦ ਬਰਕਰਾਰ ਰੱਖੀਆਂ

ਬੰਗਲੂਰੂ, 4 ਨਵੰਬਰ – ਇੱਥੇ ਸਲਾਮੀ ਬੱਲੇਬਾਜ਼ ਫਖ਼ਰ ਜ਼ਮਾਨ (ਨਾਬਾਦ 126) ਦੇ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੇ ਮੀਂਹ ਨਾਲ ਪ੍ਰਭਾਵਤਿ ਵਰਲਡ ਕੱਪ ਮੈਚ ’ਚ ਨਿਊਜ਼ੀਲੈਂਡ ਨੂੰ ਡਕਵਰਥ ਲੁਈਸ ਵਿਧੀ (ਡੀਐੱਲਐੱਸ) ਰਾਹੀਂ 21 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ।
ਨਿਊਜ਼ੀਲੈਂਡ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਰਚਿਨ ਰਵਿੰਦਰਾ (108 ਦੌੜਾਂ) ਦੇ ਸੈਂਕੜੇ ਅਤੇ ਕਪਤਾਨ ਕੇਨ ਵਿਲੀਅਮਸਨ (95 ਦੌੜਾਂ) ਦੇ ਨੀਮ ਸੈਂਕੜੇ ਦੀ ਮਦਦ ਨਾਲ ਛੇ ਵਿਕਟਾਂ ’ਤੇ 401 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।
ਇਸ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਨੂੰ ਮੀਂਹ ਕਾਰਨ 41 ਓਵਰਾਂ ’ਚ 342 ਦੌੜਾਂ ਦਾ ਸੋਧਿਆ ਟੀਚਾ ਮਿਲਿਆ ਪਰ ਮੁੜ ਮੀਂਹ ਆ ਗਿਆ। ਉਦੋਂ ਤੱਕ ਪਾਕਿਸਤਾਨ ਡੀਐੱਲਐੱਸ ਸਕੋਰ ਅਨੁਸਾਰ 21 ਦੌੜਾਂ ਨਾਲ ਅੱਗੇ ਸੀ ਜਿਸ ਦੀ ਬਦੌਲਤ ਉਸ ਨੂੰ ਦੋ ਜ਼ਰੂਰੀ ਅੰਕ ਹਾਸਲ ਕਰਨ ਵਿੱਚ ਮਦਦ ਮਿਲੀ।
ਪਾਕਿਸਤਾਨ ਦੇ ਹੁਣ 8 ਮੈਚਾਂ ਵਿੱਚ 8 ਅੰਕ ਹਨ। ਨਿਊਜ਼ੀਲੈਂਡ ਦੇ ਵੀ 8 ਮੈਚਾਂ ਵਿੱਚ 8 ਅੰਕ ਹੀ ਹਨ ਹਨ। ਨਿਊਜ਼ੀਲੈਂਡ ਦਾ ਅਗਲਾ ਮੁਕਾਬਲਾ 9 ਨਵੰਬਰ ਨੂੰ ਸ੍ਰੀਲੰਕਾ ਨਾਲ ਅਤੇ ਪਾਕਿਸਤਾਨ ਦਾ ਮੁਕਾਬਲਾ 11 ਨਵੰਬਰ ਨੂੰ ਇੰਗਲੈਂਡ ਨਾਲ ਹੋਵੇਗਾ। ਸੈਮੀਫਾਈਨਲ ’ਚ ਪਹੁੰਚਣ ਲਈ ਦੋਵਾਂ ਨੂੰ ਆਪੋ-ਆਪਣੇ ਮੈਚ ਜਿੱਤਣ ਤੋਂ ਇਲਾਵਾ ਹੋਰ ਮੈਚਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਪਵੇਗਾ।