ਆਈਸੀਸੀ ਕ੍ਰਿਕਟ ਵਰਲਡ ਕੱਪ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 243 ਦੌੜਾਂ ਨਾਲ ਹਰਾ ਦਿੱਤਾ, ਭਾਰਤ ਦੀ ਲਗਾਤਾਰ 8ਵੀਂ ਜਿੱਤ

ਕੋਲਕਾਤਾ, 5 ਨਵੰਬਰ – ਇਥੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 243 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਦੀ ਟੀਮ 27.1 ਓਵਰਾਂ ’ਚ ਸਿਰਫ਼ 83 ਦੌੜਾਂ ਹੀ ਬਣਾ ਸਕੀ। ਭਾਰਤ ਦੀ ਇਹ ਲਗਾਤਾਰ 8ਵੀਂ ਜਿੱਤ ਹੈ। ਭਾਰਤੀ ਗੇਂਦਬਾਜ਼ ਰਵਿੰਦਰ ਜਡੇਜਾ ਨੇ ਸਭ ਤੋਂ ਵਧ 5 ਵਿਕਟਾਂ ਲਈਆਂ ਹਨ।
ਕਪਤਾਨ ਰੋਹਤਿ ਸ਼ਰਮਾ ਨੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਵਰਲਡ ਕੱਪ ਦੇ ਲੀਗ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲਾਂ ਖੇਡਦਿਆਂ 5 ਵਿਕਟਾਂ ਗਵਾ ਕੇ 326 ਦੌੜਾਂ ਬਣਾ ਲਈਆਂ। ਵਿਰਾਟ ਕੋਹਲੀ ਨੇ ਆਪਣੇ ਜਨਮ ਦਿਨ ’ਤੇ 49ਵਾਂ ਸੈਂਕੜਾ ਬਣਾਇਆ। ਕੋਹਲੀ ਨੇ ਇਸ ਮੈਚ ’ਚ 101 ਦੌੜਾਂ, ਅਈਅਰ ਨੇ 77, ਰੋਹਤਿ ਸ਼ਰਮਾ ਨੇ 40 ਅਤੇ ਰਵਿੰਦਰ ਜਡੇਜਾ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫ਼ਰੀਕਾ ਖ਼ਿਲਾਫ਼ ਸੈਂਕੜਾ ਬਣਾ ਕੇ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦੇ ਸੈਂਕੜਿਆਂ ਦੀ ਬਰਾਬਰੀ ਕਰ ਲਈ। ਉਸ ਨੇ ਇਸ ਮੈਚ ’ਚ ਆਪਣਾ ਸੈਂਕੜਾ ਉਸ ਵੇਲੇ ਪੂਰਾ ਕੀਤਾ ਜਦੋਂ ਪਾਰੀ ਦੇ ਅਜੇ ਦੋ ਓਵਰ ਬਾਕੀ ਸਨ।
ਭਾਰਤੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਖਣੀ ਅਫ਼ਰੀਕਾ ਵੱਲੋਂ ਤਬਰੇਜ਼ ਸ਼ਮਸੀ ਨੂੰ ਗੇਰਾਲਡ ਕੋਇਤਜੀ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ।