ਆਕਲੈਂਡ ਕੱਲ੍ਹ ਦੁਪਹਿਰ 12.00 ਵਜੇ ਤੋਂ ਲੌਕਡਾਉਨ ‘ਚ, ਕਮਿਊਨਿਟੀ ਟਰਾਂਸਮਿਸ਼ਨ ਦੇ 4 ਕੇਸ ਆਏ ਸਾਹਮਣੇ, ਦੇਸ਼ ਦੇ ਬਾਕੀ ਹਿੱਸੇ ‘ਚ ਅਲਰਟ ਲੈਵਲ 2 ਲਾਗੂ

ਵੈਲਿੰਗਟਨ, 11 ਅਗਸਤ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਐਲਾਨ ਕੀਤਾ ਹੈ ਕਿ ਆਕਲੈਂਡ ਲੌਕਡਾਉਨ ਜਾ ਰਿਹਾ ਹੈ ਅਤੇ ਬਾਕੀ ਦੇਸ਼ ਅਲਰਟ ਲੈਵਲ 2 ‘ਚ ਚਲਾ ਜਾਏਗਾ। ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਕੱਲ੍ਹ ਦੁਪਹਿਰ 12.00 ਵਜੇ ਤੱਕ ਆਕਲੈਂਡ ਸ਼ੁੱਕਰਵਾਰ ਦੀ ਅੱਧੀ ਰਾਤ ਤੱਕ ਤਿੰਨ ਦਿਨਾਂ ਲਈ ਅਲਰਟ ਲੈਵਲ 3 ਦੇ ਪੱਧਰ ‘ਤੇ ਪਹੁੰਚ ਜਾਵੇਗਾ ਅਤੇ ਬਾਕੀ ਦੇਸ਼ ਨੂੰ ਅਲਰਟ ਲੈਵਲ 2 ਉੱਤੇ ਜਾਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਜਿਹਾ ਉਦੋਂ ਆਇਆ ਜਦੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਅੱਜ ਰਾਤ ਸਵਾ 9.00 ਵਜੇ ਦੇ ਲਗਭਗ ਲਾਈਵ ਹੋ ਕਿ ਇਸ ਦੀ ਪੁਸ਼ਟੀ ਕੀਤੀ, ਕਿ ਇੱਕੋ ਪਰਿਵਾਰ ਦੁਆਰਾ ਕਮਿਊਨਿਟੀ ਟਰਾਂਸਮਿਸ਼ਨ ਫੈਲਣ ਦੇ 4 ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਇਨ੍ਹਾਂ ਚਾਰਾਂ ਦਾ ਸੰਬੰਧ ਵਿਦੇਸ਼ੀ ਯਾਤਰਾ ਅਤੇ ਮੈਨੇਜਡ ਆਈਸੋਲੇਸ਼ਨ ਨਾਲ ਨਹੀਂ ਹੈ। ਇਨ੍ਹਾਂ ਵਿੱਚ ਇੱਕ 50 ਸਾਲਾਂ ਦਾ ਵਿਅਕਤੀ ਹੈ, ਜੋ ਕੱਲ੍ਹ ਕੋਵਿਡ -19 ਦੇ ਕੀਤੇ ਟੈੱਸਟ ਵਿੱਚ ਪਾਜ਼ੇਟਿਵ ਆਇਆ ਸੀ। ਇਸੇ ਪਰਿਵਾਰ ਦੇ 6 ਜਣੇ ਹੋਰ ਚੈੱਕ ਕੀਤੇ ਗਏ, ਜਿਨ੍ਹਾਂ ਵਿੱਚੋਂ 3 ਜਣੇ ਪਾਜ਼ੇਟਿਵ ਆਏ ਹਨ। ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਉਨ੍ਹਾਂ ਦੇ ਨੇੜੇ ਦੇ ਸੰਬੰਧੀਆਂ ਅਤੇ ਕੰਮ ਵਾਲੀ ਥਾਂ ਦੇ ਲੋਕਾਂ ਨੂੰ ਟੈੱਸਟ ਕੀਤਾ ਜਾ ਰਿਹਾ ਹੈ। ਜਿਸ ਨੂੰ ਵੀ ਟੈੱਸਟ ਲਈ ਸੰਪਰਕ ਕੀਤਾ ਜਾਵੇਗਾ ਉਸ ਨੂੰ ਟੈੱਸਟ ਕਰਵਾਉਣਾ ਪਵੇਗਾ।
ਜ਼ਿਕਰਯੋਗ ਹੈ ਕਿ ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਅੱਜ ਦੁਪਹਿਰ ਨੂੰ ਰੋਜ਼ਾਨਾ ਕੋਵਿਡ -19 ਦੀ ਅੱਪਡੇਟ ਵੇਲੇ ਕਿਹਾ ਸੀ ਕਿ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੇ ਆਖ਼ਰੀ ਕੇਸ ਦੇ ਸਬੂਤ ਨੂੰ 102 ਦਿਨ ਹੋ ਗਏ ਹਨ, ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਪਰ ਹਾਲੇ ਪੂਰਾ ਦਿਨ ਨਹੀਂ ਟੱਪਿਆ ਕਿ ਪ੍ਰਧਾਨ ਮੰਤਰੀ ਵੱਲੋਂ ਆਕਲੈਂਡ ਵਿੱਚ ਬੁੱਧਵਾਰ ਦੁਪਹਿਰ 12.00 ਵਜੇ ਤੋਂ ਲੌਕਡਾਉਨ ਦਾ ਐਲਾਨ ਕਰ ਦਿੱਤਾ ਅਤੇ ਬਾਕੀ ਦੇਸ਼ ਨੂੰ ਅਲਰਟ ਲੈਵਲ 2 ਉੱਤੇ ਜਾਣ ਦਾ ਐਲਾਨ ਕੀਤਾ ਹੈ।
ਆਕਲੈਂਡ ਲਈ ਇਸ ਦਾ ਮਤਲਬ ਹੈ ਘਰ ਤੋਂ ਕੰਮ ਕਰੋ ਜਦ ਤੱਕ ਤੁਸੀਂ ਜ਼ਰੂਰੀ ਸੇਵਾ ਕਰਮਚਾਰੀ (Essential Service Workers) ਨਾ ਹੋਵੋ। ਅਲਰਟ ਲੈਵਲ 3 ਦੁਆਰਾ ਕਵਰ ਕੀਤਾ ਖੇਤਰ ਆਕਲੈਂਡ ਸੁਪਰ ਸਿਟੀ ਹੈ – ਉੱਤਰ ‘ਚ ਵੈਲਸਫੋਰਡ ਤੋਂ ਲੈ ਕੇ ਦੱਖਣ ‘ਚ ਪੁਕੀਕੋਹੀ ਤੱਕ ਦਾ ਇਲਾਕਾ ਹੈ।
ਸਕੂਲ ਬੰਦ ਰਹਿਣਗੇ ਪਰ ਜਿਨ੍ਹਾਂ ਵਿਦਿਆਰਥੀਆਂ ਦੇ ਮਾਪੇ ਜ਼ਰੂਰੀ ਸੇਵਾ ਕਰਮਚਾਰੀ (Essential Service Workers) ਹਨ, ਉਨ੍ਹਾਂ ਲਈ ਪਿਛਲੀ ਵਾਰ ਦੀ ਤਰ੍ਹਾਂ ਖੁੱਲ੍ਹਣਗੇ। ਇਨ੍ਹਾਂ ਤੋਂ ਇਲਾਵਾ ਜਨਤਕ ਸਹੂਲਤਾਂ, ਬਾਰਾਂ, ਰੈਸਟੋਰੈਂਟ ਅਤੇ ਕਾਰੋਬਾਰ ਕੱਲ੍ਹ ਤੋਂ ਬੰਦ ਰਹਿਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਫਾਰਮੇਸੀਆਂ ਅਤੇ ਸੁਪਰ ਮਾਰਕੀਟਸ ਖੁੱਲ੍ਹੀਆਂ ਰਹਿਣਗੀਆਂ, ਪਰ ਖ਼ਰੀਦਦਾਰੀ ਲਈ ਘਬਰਾਉਣ ਦੀ ਲੋੜ ਨਹੀਂ ਹੈ। ਕ੍ਰਿਪਾ ਕਰਕੇ ਅੱਜ ਰਾਤ ਸੁਪਰ ਮਾਰਕੀਟ ਵੱਲ ਨਾ ਦੌੜੋ, ਅੱਜ ਸ਼ਾਮ ਕਿਸੇ ਵੀ ਖ਼ਰੀਦਦਾਰੀ ਲਈ ਜਲਦਬਾਜ਼ੀ ਕਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਆਕਲੈਂਡ ਵਾਲਿਆਂ ਨੂੰ ਘਰ ਤੋਂ ਜ਼ਰੂਰੀ ਕੰਮ ਲਈ ਬਾਹਰ ਜਾਣ ਲੱਗਿਆ ਮਾਸਕ ਵਰਤਣਾ ਲਾਜ਼ਮੀ ਹੈ, ਜਦੋਂ ਕਿ ਆਕਲੈਂਡ ਦੇ ਬਾਹਰ ਬਾਕੀ ਦੇਸ਼ਵਾਸੀ ਮਾਸਕ ਦੀ ਵਰਤੋਂ ਕਰਨ ਤਾਂ ਜੋ ਕਮਿਊਨਿਟੀ ਟਰਾਂਸਮਿਸ਼ਨ ਨੂੰ ਰੋਕਿਆ ਜਾ ਸਕੇ। ਸੋਸ਼ਲ ਡਿਸਟੈਂਸਿੰਗ ਦੀ ਵਰਤੋ ਕਰਨੀ ਵੀ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ, ‘ਅਸੀਂ ਆਕਲੈਂਡ ਵਿੱਚ ਲੋਕਾਂ ਨੂੰ ਘਰ ਰਹਿਣ ਲਈ ਕਹਿ ਰਹੇ ਹਾਂ ਤਾਂ ਜੋ ਕੋਵਿਡ -19 ਹੋਰ ਨਾ ਫੈਲੇ। ਉਨ੍ਹਾਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਕੰਮ ਕਰੋ ਜਿਵੇਂ ਤੁਹਾਡੇ ਕੋਲ ਕੋਵਿਡ ਹੈ ਅਤੇ ਜਿਵੇਂ ਤੁਹਾਡੇ ਆਸ ਪਾਸ ਦੇ ਲੋਕਾਂ ਕੋਲ ਕੋਵਿਡ ਹੈ। ਉਨ੍ਹਾਂ ਕਿਹਾ ਕਿ ਆਪਣਾ ਅਤੇ ਆਪਣੇ ਗਵਾਂਢੀਆਂ ਦਾ ਵੀ ਧਿਆਨ ਰੱਖੋ।
ਜਿਹੜੇ ਜਨਤਕ ਸਥਾਨ ਬੰਦ ਰਹਿਣਗੇ, ਉਨ੍ਹਾਂ ਵਿੱਚ ਲਾਇਬ੍ਰੇਰੀਆਂ, ਅਜਾਇਬ ਘਰ, ਸਿਨੇਮਾਘਰ, ਫੂਡ ਕੋਰਟ, ਜਿੰਮ, ਸਵਿਮਿੰਗ ਪੂਲ, ਖੇਡ ਮੈਦਾਨ, ਬਾਜ਼ਾਰ ਸ਼ਾਮਲ ਹਨ। ਆਕਲੈਂਡ ਵਿੱਚ 10 ਬੰਦਿਆਂ ਤੋਂ ਵਾਧੂ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ, ਵਿਆਹ ਦੀਆਂ ਸੇਵਾਵਾਂ, ਸੰਸਕਾਰ ਅਤੇ ਟਾਂਗੀਹੰਗਾ ਲਈ ਸਰੀਰਕ ਦੂਰੀ ਅਤੇ ਜਨਤਕ ਸਿਹਤ ਦੇ ਉਪਾਵਾਂ ਨੂੰ ਕਾਇਮ ਰੱਖਣਾ ਲਾਜ਼ਮੀ ਹੈ। ਦੇਸ਼ ਦੇ ਬਾਕੀ ਹਿੱਸੇ ਵਿੱਚ 100 ਤੋਂ ਵੱਧ ਦਾ ਇਕੱਠ ਨਾ ਕੀਤਾ ਜਾਵੇ।