ਆਕਲੈਂਡ ‘ਚ ਕਿਸਾਨਾਂ ਦੇ ਹੱਕ ਲਈ ਇੱਕ ਦਿਨ ਦੀ ‘ਸੰਕੇਤਕ ਭੁੱਖ ਹੜਤਾਲ’

ਪਾਪਾਟੋਏਟੋਏ, 31 ਜਨਵਰੀ – ਇੱਥੇ ਐਲਐਨਬੀ ਪਾਰਕ ਵਿਖੇ 30 ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰੇ 9.00 ਵਜੇ ਤੋਂ ਸ਼ਾਮੀ 7.00 ਵਜੇ ਤੱਕ ਸਮੂਹ ਕਿਰਤੀ ਭਾਈਚਾਰਾ ਨਿਊਜ਼ੀਲੈਂਡ ਵੱਲੋਂ ‘ਸੰਕੇਤਕ ਭੁੱਖ ਹੜਤਾਲ’ ਦਾ ਆਯੋਜਨ ਕੀਤੀ ਗਿਆ, ਜੋ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀ। ਜ਼ਿਕਰਯੋਗ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ੩੦ ਜਨਵਰੀ ਮਹਾਤਮਾ ਗਾਂਧੀ ਦੀ ਨੂੰ ਇੱਕ ਦਿਨ ਦੀ ਭੁੱਖ ਹੜਤਾਲ ਰੱਖਣ ਦਾ ਐਲਾਨ ਕੀਤਾ ਗਿਆ ਸੀ।
‘ਸੰਕੇਤਕ ਭੁੱਖ ਹੜਤਾਲ’ ਦਾ ਆਯੋਜਨ ਮੁਖਤਿਆਰ ਸਿੰਘ, ਤਰਨਦੀਪ ਬਿਲਾਸਪੁਰ, ਹਰਪ੍ਰੀਤ ਸਿੰਘ ਭੁੱਲਰ, ਬਿਕਰਮਜੀਤ ਸਿੰਘ ਮਟਰਾਂ, ਹਰਪ੍ਰੀਤ ਸਿੰਘ ਚੀਮਾ, ਰੇਸ਼ਮ ਸਿੰਘ ਵੱਲੋਂ ਕੀਤਾ ਗਿਆ। ਸਵੇਰੇ ਭੁੱਖ ਹੜਤਾਲ ਦੇ ਸਮੇਂ ਤੋਂ ਲੈ ਕੇ ਸਾਰਾ ਦਿਨ ਕਿਸਾਨੀ ਮੁੱਦਿਆਂ ਲਈ ਦਰਦ ਰੱਖਣ ਵਾਲਿਆਂ ਦਾ ਆਪਣੇ ਸਮੇਂ ਮੁਤਾਬਿਕ ਆਉਣਾ-ਜਾਣਾ ਲੱਗਿਆ ਰਿਹਾ। ਇਸ ਭੁੱਖ ਹੜਤਾਲ ਵਿੱਚ ਆਉਣ ਜਾਣ ਵਾਲੇ ਸਜਣ ਪ੍ਰਬੰਧਕਾਂ ਅਤੇ ਉੱਥੇ ਹਾਜ਼ਰ ਹੋਰ ਸੱਜਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਰਹੇ। ਭੁੱਖ ਹੜਤਾਲ ਖ਼ਤਮ ਹੋਣ ਤੱਕ ਵੱਡੀ ਗਿਣਤੀ ਵਿੱਚ ਆਕਲੈਂਡ ਦੇ ਨਾਲ ਹੈਮਿਲਟਨ, ਟੌਰੰਗਾ ਅਤੇ ਹੋਰ ਇਲਾਕਿਆਂ ਦੇ ਸੱਜਣਾਂ ਨੇ ਹਾਜ਼ਰੀ ਲਗਵਾਈ।