ਆਕਲੈਂਡ ‘ਚ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੀ ਸਪੈਸ਼ਲ ਸਕਰੀਨਿੰਗ ਹੋਈ 19 ਜੁਲਾਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ


ਆਕਲੈਂਡ ‘ਚ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੀ ਸਪੈਸ਼ਲ ਸਕਰੀਨਿੰਗ ਮੌਕੇ ਉਨ੍ਹਾਂ ਨਾਲ ਗਾੱਲਬਾਤ ਕਰਦੇ ਹੋਏ ਕੂਕ ਪੰਜਾਬੀ ਸਮਾਚਾਰ ਦੇ ਐਡੀਟਰ ਸ. ਅਮਰਜੀਤ ਸਿੰਘ     

ਸਿਲਵੀਆ ਪਾਰਕ (ਆਕਲੈਂਡ), 16 ਜੁਲਾਈ – 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਗਿੱਪੀ ਗਰੇਵਾਲ ਦੇ ਨਿਰਦੇਸ਼ਨ ‘ਚ ਬਣੀ ਨਵੀਂ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੀ ਸਪੈਸ਼ਲ ਸਕਰੀਨਿੰਗ ੧੪ ਜੁਲਾਈ ਦਿਨ ਐਤਵਾਰ ਨੂੰ ਸਿਲਵੀਆ ਪਾਰਕ ਦੇ ਹੋਇਟਸ ਸਿਨੇਮਾ ਵਿਖੇ ‘ਫੋਰਮ ਫਿਲਮਜ਼’ ਦੇ ਸ੍ਰੀ ਪ੍ਰੀਤੇਸ਼ ਰਣੀਜਾ ਅਤੇ ਸ. ਮਨਪ੍ਰੀਤ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਨਿਊਜ਼ੀਲੈਂਡ ਪੁੱਜੇ ਪੰਜਾਬੀ ਗਾਇਕ, ਅਦਾਕਾਰ ਤੇ ਡਾਇਰੈਕਟਰ-ਪ੍ਰੋਡਿਊਸਰ ਗਿੱਪੀ ਗਰੇਵਾਲ ਨੇ ਸਥਾਨਕ ਪੰਜਾਬੀ ਤੇ ਹੋਰ ਭਾਰਤੀ ਮੀਡੀਆ ਦੇ ਨਾਲ ਖ਼ਾਸ ਤੌਰ ‘ਤੇ ਸੱਦੇ ਗਏ ਮਹਿਮਾਨਾਂ ਨਾਲ ਆਪਣੀ ਇਸ ਫਿਲਮ ਸੰਬੰਧੀ ਗੱਲਾਂ-ਬਾਤਾਂ ਕੀਤੀਆਂ ਤੇ ਕੁੱਝ ਸਵਾਲਾਂ ਦੇ ਜਵਾਬ ਵੀ ਦਿੱਤੇ। ਗਿੱਲੀ ਨੇ ਕਿਹਾ ਕਿ ਫਿਲਮ ‘ਚ ਜ਼ਿੰਦਗੀ ਨੂੰ ਜਿਊਣ ਤੇ ਇਸ ਦਾ ਅਨੰਦ ਮਾਣਨ ਦਾ ਸੁਨੇਹਾ ਦਿੱਤਾ ਗਿਆ ਹੈ। 
ਫਿਲਮ ‘ਚ ਵਿਦੇਸ਼ ਰਹਿੰਦੇ ਸਿੱਖ, ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਤਿੰਨ ਪਰਿਵਾਰ ਰਿਸ਼ਤਿਆਂ ‘ਚ ਪੈਦਾ ਹੁੰਦੇ ਘਰੇਲੂ ਹਾਲਾਤਾਂ ਨੂੰ ਬਾਖ਼ੂਬੀ ਢੰਗ ਨਾਲ ਪੇਸ਼ ਕਰਦੀ ਹੈ ਕਿ ਕਿਵੇਂ ਸਮੇਂ ਦਾ ਚੱਕਰ ‘ਚ ਫਸੇ ਫਿਲਮ ਦੇ ਤਿੰਨੇ ਭਾਈਚਾਰੇ ਦੇ ਬਜ਼ੁਰਗ ਕਿਰਦਾਰਾਂ ਦੇ ਰਿਸ਼ਤਿਆਂ ਦੀ ਤਾਣੀ ਟੁੱਟਦੀ ਤੇ ਜੁੜਦੀ ਹੈ। ਫਿਲਮ ‘ਚ ਗੁਰਪ੍ਰੀਤ ਘੁੱਗੀ ਯਾਨੀ ਮੈਜਿਕ ਸਿੰਘ ਦੇ ਕਿਰਦਾਰ ਰਾਹੀ ਇਨ੍ਹਾਂ ਤਿੰਨਾਂ ਦੇ ਨਾਲ-ਨਾਲ ਹੋਰਨਾਂ ਨੂੰ ਵੀ ਜ਼ਿੰਦਗੀ ਨੂੰ ਜਿਊਣ ਤੇ ਮਾਣਨ ਦਾ ਢੰਗ ਸਿਖਾਉਂਦਾ ਹੈ। ਫਿਲਮ ‘ਚ ਡਾਇਲਾਗ ਤੇ ਗੀਤਾਂ ਦੇ ਨਾਲ ਜਾਨ ਪਾਈ ਗਈ ਹੈ। 
ਫਿਲਮ ‘ਅਰਦਾਸ ਕਰਾਂ’ ਦੀ ਸਪੈਸ਼ਲ ਸਕਰੀਨਿੰਗ ਵੇਖਣ ਤੋਂ ਬਾਅਦ ਹਾਜ਼ਰ ਖ਼ਾਸ ਮਹਿਮਾਨਾਂ ਨੇ ਫਿਲਮ ਬਾਰੇ ਕਿਹਾ ਕਿ ਇਹ ਫਿਲਮ ਪਰਿਵਾਰਾਂ ਨਾਲ ਇਕੱਠਿਆਂ ਵੇਖਣ ਵਾਲੀ ਫਿਲਮ ਹੈ, ਜੋ ਜੀਵਨ ਦੀ ਸਚਾਈ ਨੂੰ ਪੇਸ਼ ਕਰਨ ਦੇ ਨਾਲ ਚੰਗਾ ਸੁਨੇਹਾ ਵੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ‘ਅਰਦਾਸ ਕਰਾਂ’ ਫਿਲਮ ਨਿਰਾਸ਼ਾ ਤੋਂ ਆਸ਼ਾ ਵੱਲ ਲੈ ਜਾਣ ਵਾਲੀ ਫਿਲਮ ਹੈ। 
ਇਸ ਮੌਕੇ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੇ ਭਰਾ ਸਿੱਪੀ ਗਰੇਵਾਲ ਅਤੇ ਪ੍ਰਮੋਟਰ ਸੁੱਖਾ ਵੀ ਪਹੁੰਚੇ ਸਨ। ਫਿਲਮ ‘ਚ ਅਦਾਕਾਰ ਤੇ ਡਾਇਰੈਕਟਰ ਗਿੱਲੀ ਗਰੇਵਾਲ ਤੋਂ ਇਲਾਵਾ ਅਦਾਕਾਰ ਮਲਕੀਤ ਰੋਣੀ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਅਦਾਕਾਰਾ ਜਪੁ ਜੀ ਖਹਿਰਾ, ਸਪਨਾ ਪੱਬੀ, ਰਾਣਾ ਰਣਬੀਰ, ਯੋਗਰਾਜ ਸਿੰਘ, ਮਿਹਰ ਵਿਜ਼ ਆਦਿ ਹੋਰਨਾਂ ਅਦਾਕਾਰਾਂ ਨੇ ਵੀ ਵਧੀਆ ਅਦਾਕਾਰੀ ਪੇਸ਼ ਕੀਤੀ ਹੈ। 
ਫਿਲਮ ਨੂੰ ਗਿੱਲੀ ਗਰੇਵਾਲ ਤੇ ਰਾਣਾ ਰਣਬੀਰ ਨੇ ਲਿਖਿਆ ਹੈ। ਉਮੀਦ ਹੈ ਕਿ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਸਿਨੇ ਦਰਸ਼ਕ ਚੰਗਾ ਹੁੰਗਾਰਾ ਦੇਣਗੇ।