ਆਕਲੈਂਡ ਦੇ ਮੇਅਰ ਦੀ ਚੋਣ ‘ਚ 76 ਸਾਲਾ ਵੇਨ ਬ੍ਰਾਊਨ ਜਿੱਤੇ, ਆਕਲੈਂਡ ਲੋਕਲ ਬੋਰਡ ‘ਚ ਪੰਜਾਬੀ ਉਮੀਦਵਾਰ ਜਿੱਤ ਨਾ ਦਰਜ ਕਰ ਸਕੇ, ਜਦੋਂ ਕਿ ਵਾਇਕਾਟੋ ਤੇ ਰੈਗਲਨ ਤੋਂ ਪੰਜਾਬੀ ਉਮੀਦਵਾਰ ਜਿੱਤੇ

ਆਕਲੈਂਡ, 9 ਅਕਤੂਬਰ – ਮੇਅਰ, ਲੋਕਲ ਬੋਰਡ ਅਤੇ ਕੌਂਸਲਰ ਦੀਆਂ ਕੱਲ੍ਹ 12 ਵਜੇ ਸਮਾਪਤ ਹੋਈਆਂ ਚੋਣਾਂ ਦੇ ਲਗਭਗ ਤਿੰਨ ਘੰਟਿਆਂ ਬਾਅਦ ਆਏ ਸ਼ੁਰੂਆਤੀ ਨਤੀਜਿਆਂ ‘ਚ ਮੇਅਰ ਦੇ ਅਹੁਦੇ ਲਈ 76 ਸਾਲਾ ਵੇਨ ਬ੍ਰਾਊਨ ਜੇਤੂ ਰਹੇ,ਹੁਣ ਉਹ ਆਕਲੈਂਡ ਦੇ ਨਵੇਂ ਮੇਅਰ ਹੋਣਗੇ। ਉਨ੍ਹਾਂ ਨੇ ਲੇਬਰ ਪਾਰਟੀ ਦੇ ਉਮੀਦਵਾਰ ਫ਼ੀਸੋਂ ਕੌਲਿਨ ਨੂੰ 54,808 ਵੋਟਾਂ ਨਾਲ ਹਰਾਇਆ। ਸ੍ਰੀ ਬ੍ਰਾਊਨ ਨੂੰ 1,44,619 ਵੋਟਾਂ ਪਈਆਂ ਜਦੋਂ ਕਿ ਫ਼ੀਸੋਂ ਕੌਲਿਨ ਨੂੰ 89,811 ਵੋਟਾਂ ਪਈਆਂ। ਗੌਰਤਲਬ ਹੈ ਕਿ ਸ੍ਰੀ ਬ੍ਰਾਊਨ ਫ਼ਾਰ ਨੌਰਥ ਡਿਸਟ੍ਰਿਕਟ ਦੇ ਮੇਅਰ ਰਹਿ ਚੁੱਕੇ ਹਨ।
ਆਕਲੈਂਡ ਲੋਕਲ ਬੋਰਡ ਚੋਣਾਂ ‘ਚ ਕੋਈ ਵੀ ਪੰਜਾਬੀ ਉਮੀਦਵਾਰ ਜਿੱਤ ਨਹੀਂ ਦਰਜ ਕਰ ਸਕਿਆ। ਮੈਨੁਰੇਵਾ ਤੋਂ ਅੱਠ ਲੋਕਲ ਬੋਰਡ ਦੇ ਮੈਂਬਰ ਚੁਣੇ ਗਏ ਹਨ। ਇੱਥੋਂ ਦੋ ਪੰਜਾਬੀ ਉਮੀਦਵਾਰ ਸ. ਖੜਗ ਸਿੰਘ (ਮੈਨੁਰੇਵਾ ਐਕਸ਼ਨ ਟੀਮ, ਲੇਬਰ) ਨੂੰ 2088 ਵੋਟਾਂ ਪਈਆਂ ਤੇ ਮਾਰਸ਼ਲ ਆਹਲੂਵਾਲੀਆ (ਲਵ ਮੈਨੁਰੇਵਾ) ਨੂੰ 2172 ਵੋਟਾਂ ਪਈਆਂ। ਜਦੋਂ ਕਿ ਇੱਕ ਹੋਰ ਪੰਜਾਬੀ ਪਰਿਵਾਰ ਨਾਲ ਸੰਬੰਧਿਤ ਐਨਾ ਸਿੰਘ (ਮੈਨੁਰੇਵਾ ਐਕਸ਼ਨ ਟੀਮ, ਲੇਬਰ) ਨੂੰ 1879 ਵੋਟਾਂ ਪਈਆਂ ਅਤੇ ਇਹ ਸਾਰੇ ਆਪਣੀ ਚੋਣ ਹਾਰ ਗਏ।
ਪਾਪਾਟੋਏਟੋਏ ਤੋਂ ਚਾਰ ਲੋਕਲ ਬੋਰਡ ਮੈਂਬਰ ਚੁਣੇ ਗਏ ਤੇ ਪਾਕਿਸਤਾਨ ਮੂਲ ਦੇ ਪੰਜਾਬੀ ਉਮੀਦਵਾਰ ਤੇ ਸਾਬਕਾ ਲੇਬਰ ਪਾਰਟੀ ਐਮਪੀ ਡਾ. ਅਸ਼ਰਫ਼ ਚੌਧਰੀ (ਲੇਬਰ) ਲਗਾਤਾਰ ਦੂਜੀ ਵਾਰ ਆਪਣੀ ਚੋਣ ਜਿੱਤ ਗਏ, ਉਨ੍ਹਾਂ ਨੂੰ 2579 ਵੋਟਾਂ ਪਈਆਂ। ਗੌਰਤਲਬ ਹੈ ਕਿ ਇਸ ਵਾਰ ਚਾਈਨਿਜ਼ ਮੂਲ ਦੇ ਲਿਮ ਐਲਬਰਟ (ਇੰਡੀਪੈਂਡੈਂਟਲੀ ਪਾਰਟੀ) ਆਪਣੀ ਚੋਣ ਜਿੱਤ ਗਏ, ਉਹ 2557 ਵੋਟਾਂ ਲੈ ਕੇ ਤੀਜੇ ਨੰਬਰ ਉੱਤੇ ਰਹੇ। ਪਰ ਸ. ਕਰਨੈਲ ਸਿੰਘ (ਇੰਡੀਪੈਂਡੈਂਟਲੀ ਪਾਰਟੀ) ਨੂੰ 1587 ਵੋਟਾਂ ਪਈਆਂ, ਉਹ ਆਪਣੀ ਚੋਣ ਹਾਰ ਗਏ।
ਹੌਵਿਕ ਤੋਂ ਤਿੰਨ ਲੋਕਲ ਬੋਰਡ ਮੈਂਬਰ ਚੁਣੇ ਗਏ ਹਨ, ਪਰ ਸ. ਅਜੇ ਬੱਲ (ਵੂਈ ਨੌਅ ਬੌਟਨੀ) ਨੂੰ 2321 ਵੋਟਾਂ ਪਈਆਂ ਤੇ ਉਹ ਆਪਣੀ ਚੋਣ ਹਾਰ ਗਏ।
ਪਾਪਾਕੁਰਾ ਤੋਂ ਛੇ ਲੋਕਲ ਬੋਰਡ ਮੈਂਬਰ ਚੁਣੇ ਗਏ ਹਨ ਪਰ ਪੰਜਾਬੀ ਮੂਲ ਦੀ ਕ੍ਰਿਤਕਾ ਨੂੰ 2778 ਵੋਟਾਂ ਪਈ ਤੇ ਉਹ ਆਪਣੀ ਚੋਣ ਹਾਰ ਗਈ।
ਹੈਂਡਰੇਸਨ ਤੋਂ ਅੱਠ ਲੋਕਲ ਬੋਰਡ ਮੈਂਬਰ ਚੁਣੇ ਗਏ ਪਰ ਪੰਜਾਬੀ ਮੂਲ ਦੇ ਸ. ਗੁਰਦੀਪ ਸਿੰਘ ਤਲਵਾਰ (ਲੇਬਰ) ਆਪਣੀ ਚੋਣ ਹਾਰ ਗਏ, ਉਨ੍ਹਾਂ ਨੂੰ 4,094 ਵੋਟਾਂ ਪਈਆਂ। ਜਦੋਂ ਕਿ ਇੱਕ ਹੋਰ ਭਾਰਤੀ ਮੂਲ ਦੇ ਉਮੀਦਵਾਰ ਸੁਨੀਲ ਕੌਸ਼ਲ (ਇੰਡੀਪੈਂਡੈਂਟ) ਵੀ ਹਾਰ ਗਏ ਹਨ, ਉਨ੍ਹਾਂ ਨੂੰ 5,085 ਵੋਟਾਂ ਪਈਆਂ।
ਰੈਗਲਨ ਤੋਂ ਛੇ ਲੋਕਲ ਬੋਰਡ ਮੈਂਬਰ ਚੁਣੇ ਗਏ, ਜਿਨ੍ਹਾਂ ‘ਚ ਪੰਜਾਬੀ ਮੂਲ ਦਾ ਸ. ਸਤਨਾਮ ਸਿੰਘ ਬੈਂਸ ਮੁੜ ਦੂਜੀ ਵਾਰ ਆਪਣੀ ਚੋਣ ਜਿੱਤ ਗਿਆ। ਉਸ ਨੂੰ 877 ਵੋਟਾਂ ਪਈਆਂ ਤੇ ਉਹ ਜੇਤੂਆਂ ‘ਚ ਦੂਜੇ ਨੰਬਰ ਉੱਤੇ ਰਿਹਾ।
ਹੰਟਲੀ ਤੋਂ ਛੇ ਲੋਕ ਬੋਰਡ ਮੈਂਬਰ ਚੁਣੇ ਗਏ ਹਨ, ਇਨ੍ਹਾਂ ‘ਚ ਪਹਿਲੀ ਵਾਰ ਚੋਣ ਲੜਿਆ ਪੰਜਾਬੀ ਮੂਲ ਦਾ ਜੱਸ ਸੰਧੂ 899 ਵੋਟਾਂ ਲੈ ਕੇ ਜੇਤੂ ਰਿਹਾ ਹੈ।