ਆਕਲੈਂਡ ਬੁੱਧਵਾਰ ਅੱਧੀ ਰਾਤ ਤੋਂ ਅਲਰਟ ਲੈਵਲ 2 ਤੇ ਬਾਕੀ ਦੇਸ਼ ਅੱਜ ਰਾਤੀ ਅਲਰਟ ਲੈਵਲ 1 ਉੱਤੇ ਜਾਏਗਾ

ਵੈਲਿੰਗਟਨ, 21 ਸਤੰਬਰ (ਕੂਕ ਪੰਜਾਬੀ ਸਮਾਚਾਰ) – ਸਰਕਾਰ ਨੇ ਆਕਲੈਂਡ ਵਿੱਚ ਅਲਰਟ ਲੈਵਲ 2 ਅਤੇ ਬਾਕੀ ਦੇਸ਼ ਨੂੰ ਅਲਰਟ ਲੈਵਲ 1 ‘ਤੇ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ 1.00 ਵਜੇ ਪ੍ਰੈੱਸ ਕਾਨਫ਼ਰੰਸ ਵਿੱਚ ਇਸ ਦਾ ਖ਼ੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਆਕਲੈਂਡ 23 ਸਤੰਬਰ ਦਿਨ ਬੁੱਧਵਾਰ ਦੀ ਅੱਧੀ ਰਾਤ 11.59 ਵਜੇ ਤੋਂ ਅਲਰਟ ਲੈਵਲ 2.5 ਤੋਂ ਘਟਾ ਕੇ ਅਲਰਟ ਲੈਵਲ 2 ਉੱਤੇ ਚਲਾ ਜਾਏਗਾ ਅਤੇ ਦੇਸ਼ ਦਾ ਬਾਕੀ ਹਿੱਸਾ ਅੱਜ ਦੇਰ ਰਾਤ ਤੋਂ ਹੀ ਅਲਰਟ ਲੈਵਲ 1 ‘ਤੇ ਪਹੁੰਚ ਜਾਏਗਾ।
ਅੱਜ ਕੈਬਨਿਟ ਨੇ ਆਕਲੈਂਡ ਦੀਆਂ ਸੈਟਿੰਗਸ ਬਾਰੇ ਸਮੀਖਿਆ ਕੀਤੀ। ਜਦੋਂ ਕਿ ਕੈਬਨਿਟ ਨੇ ਸਿਧਾਂਤਕ ਤੌਰ ‘ਤੇ ਪਹਿਲੇ ਹੀ ਸਹਿਮਤੀ ਦਿੱਤੀ ਹੋਈ ਸੀ ਕਿ ਆਕਲੈਂਡ 23 ਸਤੰਬਰ ਦਿਨ ਬੁੱਧਵਾਰ ਦੀ ਅੱਧੀ ਰਾਤ 11.59 ਵਜੇ ਤੋਂ ਅਲਰਟ ਲੈਵਲ 2 ਅਤੇ ਨਿਊਜ਼ੀਲੈਂਡ ਦੇ ਬਾਕੀ ਹਿੱਸੇ 21 ਸਤੰਬਰ ਦਿਨ ਸੋਮਵਾਰ ਦੀ ਅੱਧੀ ਰਾਤ 11.59 ਵਜੇ ਅਲਰਟ ਲੈਵਲ 1 ‘ਤੇ ਪਹੁੰਚ ਜਾਣਗੇ।
ਸਰਕਾਰ ਨੇ ਇਕੱਠਾਂ ‘ਤੇ ਪਾਬੰਦੀਆਂ ਨੂੰ ਘੱਟ ਕਰਨ ਦਾ ਅੱਜ ਆਖ਼ਰੀ ਫ਼ੈਸਲਾ ਲਿਆ। ਹੁਣ ਆਕਲੈਂਡ 23 ਸਤੰਬਰ ਦਿਨ ਬੁੱਧਵਾਰ ਦੀ ਅੱਧੀ ਰਾਤ 11.59 ਵਜੇ ਤੋਂ ਅਲਰਟ ਲੈਵਲ 2 ਉੱਤੇ ਜਾਏਗਾ, ਜਿਸ ਦਾ ਮਤਲਬ ਹੈ ਕਿ 100 ਤੱਕ ਲੋਕਾਂ ਦੇ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ ਅਤੇ ਵਿਆਹ, ਜਨਮ ਦਿਨ, ਸੰਸਕਾਰ ਅਤੇ ਟਾਂਗੀਹੰਗਿਆ ‘ਚ ਵੱਧ ਤੋਂ ਵੱਧ 100 ਲੋਕਾਂ ਤੱਕ ਦਾ ਇਕੱਠ ਕੀਤਾ ਜਾ ਸਕੇਗਾ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਆਕਲੈਂਡ ਲਈ ਹਾਲੇ ਵਧੇਰੇ ਸਮੇਂ ਦੀ ਲੋੜ ਹੈ। ਪਰ ਬਾਕੀ ਦੇਸ਼ ਅੱਜ ਰਾਤ ਨੂੰ 1 ਦੇ ਲੈਵਲ ਉੱਤੇ ਜਾ ਸਕਦਾ ਹੈ, ਕਿਉਂਕਿ ਅਧਿਕਾਰੀਆਂ ਨੂੰ ਵਿਸ਼ਵਾਸ ਸੀ ਕਿ ਇਹ ਆਕਲੈਂਡ ਵਿੱਚ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਕਲੈਂਡ ਦੇ ਅਲਰਟ ਲੈਵਲ ਸਮੀਖਿਆ ਦੀ 14 ਦਿਨਾਂ ਵਿੱਚ ਕੀਤੀ ਜਾਏਗੀ। ਕੈਬਨਿਟ 5 ਅਕਤੂਬਰ ਦਿਨ ਸੋਮਵਾਰ ਨੂੰ ਮੁੜ ਅਲਰਟ ਲੈਵਲ ਦੀ ਸਮੀਖਿਆ ਕਰੇਗੀ ਕਿ 7 ਅਕਤੂਬਰ ਦਿਨ ਬੁੱਧਵਾਰ ਦੀ ਅੱਧੀ ਰਾਤ 11.59 ਵਜੇ ਅਲਰਟ ਲੈਵਲ ਬਦਲਣਾ ਹੈ ਕਿ ਨਹੀਂ।
ਆਕਲੈਂਡ ਵਿੱਚ ਜਨਤਕ ਟ੍ਰਾਂਸਪੋਰਟ ਅਤੇ ਜਹਾਜ਼ ਵਿੱਚ ਆਉਣ ਜਾਣ ਸਮੇਂ ਚਿਹਰਾ ਕਵਰ ਕਰਨ ਯਾਨੀ ਮਾਸਕ ਪਾਉਣਾ ਦੀ ਜ਼ਰੂਰੀ ਹੋਵੇਗਾ। ਬਾਕੀ ਨਿਊਜ਼ੀਲੈਂਡ ਦੇ ਹਿੱਸਿਆਂ ਲਈ ਫੇਸ ਕਵਰਿੰਗ ਕਰਨਾ ਲਾਜ਼ਮੀ ਨਹੀਂ ਹੋਵੇਗਾ ਪਰ ਜਹਾਜ਼ਾਂ ਅਤੇ ਜਨਤਕ ਟ੍ਰਾਂਸਪੋਰਟ ਵਿੱਚ ਫੇਸ ਕਵਰਿੰਗ ਲਈ ਉਤਸ਼ਾਹਿਤ ਕੀਤਾ ਜਾਏਗਾ।