ਆਕਲੈਂਡ 2.5 ਉੱਤੇ ਹੀ ਰਹੇਗਾ ਤੇ ਬਾਕੀ ਦੇਸ਼ ਅਗਲੇ ਹਫ਼ਤੇ ਅਲਰਟ ਲੈਵਲ 1 ਉੱਤੇ ਚਲਾ ਜਾਏਗਾ

ਵੈਲਿੰਗਟਨ, 14 ਸਤੰਬਰ (ਕੂਕ ਪੰਜਾਬੀ ਸਮਾਚਾਰ) – ਸਰਕਾਰ ਨੇ ਆਕਲੈਂਡ ਵਿੱਚ ਅਲਰਟ ਲੈਵਲ 2.5 ਅਤੇ ਬਾਕੀ ਦੇਸ਼ ਨੂੰ ਅਲਰਟ ਪੱਧਰ 2 ‘ਤੇ 1 ਹੋਰ ਹਫ਼ਤਾ ਰੱਖਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ 1.00 ਵਜੇ ਇਸ ਦਾ ਐਲਾਨ ਕੀਤਾ। ਪਰ ਨਾਲ ਹੀ ਪ੍ਰਧਾਨ ਮੰਤਰੀ ਆਰਡਰਨ ਨੇ ਅਗਲੇ ਹਫ਼ਤੇ ਪਾਬੰਦੀਆਂ ਨੂੰ ਸੌਖਾ ਕਰਨ ਦਾ ਇਸ਼ਾਰਾ ਦਿੱਤਾ ਹੈ। ਉਨ੍ਹਾਂ ਕਿਹਾ ਜੇ ਕੇਸ ਇਸੇ ਤਰ੍ਹਾਂ ਹੇਠਾਂ ਹੁੰਦੇ ਜਾਰੀ ਰਹੇ, ਤਾਂ ਆਕਲੈਂਡ ਵਿੱਚ ਵੱਡੇ ਇਕੱਠਾਂ ਅਤੇ ਦੇਸ਼ ਦੇ ਬਾਕੀ ਹਿੱਸਿਆਂ ਲਈ ਅਲਰਟ ਲੈਵਲ 1 ਦੀ ਅਜ਼ਾਦੀ ਮਿਲੇਗੀ।
21 ਸਤੰਬਰ ਨੂੰ ਕੈਬਨਿਟ ਆਕਲੈਂਡ ਦੀਆਂ ਸੈਟਿੰਗਸ ਬਾਰੇ ਸਮੀਖਿਆ ਕਰੇਗੀ। ਜੇ ਇਹ ਸੁਰੱਖਿਅਤ ਰਿਹਾ ਤਾਂ ਕੈਬਨਿਟ ਆਕਲੈਂਡ ਵਿੱਚ ਇਕੱਠ ਕਰਨ ਦੀ ਸੀਮਾ ਨੂੰ ਵਧਾਉਣ ਬਾਰੇ ਵਿਚਾਰ ਕਰ ਸਕਦਾ ਹੈ, ਜੋ ਕਿ 23 ਸਤੰਬਰ ਤੋਂ ਲਾਗੂ ਹੋਵੇਗੀ। ਜਦੋਂ ਕਿ ਕੈਬਨਿਟ ਨੇ ਸਿਧਾਂਤਕ ਤੌਰ ‘ਤੇ ਸਹਿਮਤੀ ਦਿੱਤੀ ਹੈ ਕਿ ਨਿਊਜ਼ੀਲੈਂਡ ਦੇ ਬਾਕੀ ਹਿੱਸੇ 21 ਸਤੰਬਰ ਦਿਨ ਸੋਮਵਾਰ ਦੀ ਅੱਧੀ ਰਾਤ 11.59 ਵਜੇ ਅਲਰਟ ਲੈਵਲ 1 ‘ਤੇ ਪਹੁੰਚ ਜਾਣਗੇ। 21 ਸਤੰਬਰ ਤੋਂ ਪਹਿਲਾਂ ਬੈਠਕ ਹੋਣ ‘ਤੇ ਕੈਬਨਿਟ ਇਸ ਫ਼ੈਸਲੇ ਦੀ ਪੁਸ਼ਟੀ ਕਰੇਗਾ ਅਤੇ ਨਾਲ ਹੀ ਇਸ ਉੱਪਰ ਵਿਚਾਰ ਕਰੇਗੀ ਕਿ ਅਲਰਟ ਲੈਵਲ 1 ਵਿੱਚ ਕੁੱਝ ਸੈਟਿੰਗਾਂ ਵਿੱਚ ਮਾਸਕ ਪਾਉਣ ਦੀ ਜ਼ਰੂਰਤ ਹੋਣੀ ਚਾਹੀਦੀ ਹੈ।
ਜਦੋਂ ਕਿ ਐਨਜ਼ੈਡ ਫ਼ਰਸਟ ਦੇ ਆਗੂ ਤੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਨੇ ਕਿਹਾ ਕਿ ਉਹ ਆਕਲੈਂਡ ਤੋਂ ਬਾਹਰ ਅਲਰਟ ਲੈਵਲ 2 ਦੀਆਂ ਪਾਬੰਦੀਆਂ ਜਾਰੀ ਰੱਖਣ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਹਨ।