ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਕੌਮ ਦੇ ਨਾਂ ਪਹਿਲਾ ਸੰਬੋਧਨ

ਨਵੀਂ ਦਿੱਲੀ, 14 ਅਗਸਤ – ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 76ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਬੋਧਨ ਵਿਚ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਾ ਪਤਾ ਲਾਉਣ ਵਿਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅੱਜ ਸੰਵੇਦਨਸ਼ੀਲਤਾ ਤੇ ਦਿਆਲਤਾ ਦੀਆਂ ਕਦਰਾਂ-ਕੀਮਤਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਤੇ ਇਨ੍ਹਾਂ ਦਾ ਮੁੱਖ ਮੰਤਵ ਪੱਛੜਿਆਂ, ਜ਼ਰੂਰਤਮੰਦਾਂ ਤੇ ਸਮਾਜ ਦੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਮਹੱਤਵਪੂਰਨ ਆਰਥਿਕ ਸੁਧਾਰਾਂ ਦੇ ਨਾਲ ਲੋਕਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਤੇ ਦੁਨੀਆ ਨੇ ਹਾਲ ਦੇ ਸਾਲਾਂ ਵਿਚ ਨਵੇਂ ਭਾਰਤ ਨੂੰ ਵਿਕਸਿਤ ਹੁੰਦਿਆਂ ਦੇਖਿਆ ਹੈ, ਖ਼ਾਸ ਕਰ ਕੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਭਾਰਤ ਤੇਜ਼ੀ ਨਾਲ ਉੱਭਰਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜਦ ਭਾਰਤ ਨੂੰ ਆਜ਼ਾਦੀ ਮਿਲੀ, ਤਾਂ ਦੁਨੀਆ ਦੇ ਕਈ ਨੇਤਾ ਤੇ ਮਾਹਿਰ ਸਨ ਜਿਨ੍ਹਾਂ ਉਸ ਵੇਲੇ ਗ਼ਰੀਬੀ ਤੇ ਅਨਪੜ੍ਹਤਾ ਕਾਰਨ ਭਾਰਤ ਵਿਚ ਸਰਕਾਰ ਦੇ ਲੋਕਤੰਤਰਿਕ ਸਰੂਪ ਦੀ ਸਫ਼ਲਤਾ ਉੱਤੇ ਖ਼ਦਸ਼ੇ ਜ਼ਾਹਿਰ ਕੀਤੇ ਸਨ। ਉਨ੍ਹਾਂ ਕਿਹਾ ਕਿ ਭਾਰਤ ਨੇ ਸ਼ੱਕ ਜ਼ਾਹਿਰ ਕਰਨ ਵਾਲੇ ਲੋਕਾਂ ਨੂੰ ਗ਼ਲਤ ਸਾਬਿਤ ਕੀਤਾ। ਭਾਰਤ ਦੀ ਮਿੱਟੀ ਵਿਚ ਨਾ ਸਿਰਫ਼ ਲੋਕਤੰਤਰ ਦੀਆਂ ਜੜ੍ਹਾਂ ਵਧੀਆਂ, ਬਲਕਿ ਇਹ ਮਜ਼ਬੂਤ ਵੀ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜੋ ਕੁਝ ਵੀ ਹੈ ਸਭ ਮਾਤ ਭੂਮੀ ਦਾ ਦਿੱਤਾ ਹੋਇਆ ਹੈ। ਇਸ ਲਈ ਸਾਨੂੰ ਦੇਸ਼ ਦੀ ਸੁਰੱਖਿਆ, ਤਰੱਕੀ ਤੇ ਖ਼ੁਸ਼ਹਾਲੀ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ।