ਆਮ ਚੋਣਾਂ 2023: ਟੈਲਬੋਟ ਦੀ ਤਾਜ਼ਾ ਪੋਲ ‘ਚ ਲੇਬਰ ਪਾਰਟੀ ਤੇ ਪ੍ਰਧਾਨ ਮੰਤਰੀ ਹਿਪਕਿਨਜ਼ ਦਾ ਗ੍ਰਾਫ਼ ਹੇਠਾਂ ਨੂੰ ਖਿਸਕਿਆ, ਜਦੋਂ ਕਿ 2017 ਤੋਂ ਬਾਅਦ ਨੈਸ਼ਨਲ ਪਾਰਟੀ ਦਾ ਲੇਬਰ ਪਾਰਟੀ ਦੇ ਨਾਲ ਸਭ ਤੋਂ ਵੱਡਾ ਪਾੜਾ

ਆਕਲੈਂਡ, 11 ਜੁਲਾਈ – ਦੇਸ਼ ‘ਚ 14 ਅਕਤੂਬਰ ਨੂੰ ਹੋਣ ਵਾਲੀਆਂ 2023 ਦੀਆਂ ਆਮ ਚੋਣਾਂ ਨੂੰ ਵੇਖਦੇ ਹੋਏ ਸਮੇਂ-ਸਮੇਂ ਸਿਰ ਚੋਣ ਸਰਵੇਖਣ ਸਾਹਮਣੇ ਆਉਂਦੇ ਰਹੇ ਹਨ, ਹੁਣ ਤਾਜ਼ਾ ਟੈਲਬੋਟ ਮਿੱਲਜ਼ ਕਾਰਪੋਰੇਟ ਪੋਲ ਵਿੱਚ ਸੱਤਾਧਾਰੀ ਲੇਬਰ ਪਾਰਟੀ ਦੀ ਹਮਾਇਤ ਘੱਟੋ-ਘੱਟ ਚਾਰ ਸਾਲਾਂ ਵਿੱਚ ਆਪਣੇ ਸਭ ਤੋਂ ਹੇਠਲੇ ਬਿੰਦੂ ‘ਤੇ ਪਹੁੰਚ ਗਈ ਹੈ, ਲੇਬਰ ਪਾਰਟੀ ਦੀ ਹਮਾਇਤ 4 ਅੰਕ ਹੇਠਾਂ ਨੂੰ ਡਿੱਗ ਕੇ 31% ਹੋ ਗਿਆ ਹੈ, ਜੋ ਘੱਟੋ-ਘੱਟ 2019 ਤੋਂ ਬਾਅਦ ਉਸ ਪੋਲ ਵਿੱਚ ਇਸ ਦੀ ਸਭ ਤੋਂ ਘੱਟ ਰੇਟਿੰਗ ਹੈ।
ਵਿਰੋਧੀ ਨੈਸ਼ਨਲ ਪਾਰਟੀ ਦੀ ਹਮਾਇਤ 1 ਅੰਕ ਵਧ ਕੇ 36% ਹੋ ਗਿਆ, ਜਿਵੇਂ ਕਿ ਨੈਸ਼ਨਲ ਦੀ ਸੰਭਾਵਿਤ ਗਵਰਨਿੰਗ ਪਾਰਟਨਰ ਐਕਟ ਪਾਰਟੀ ਜੋ ਕਿ 12% ਉੱਤੇ ਹੈ। ਜਦੋਂ ਕਿ ਸੱਤਾਧਾਰੀ ਲੇਬਰ ਪਾਰਟੀ ਦੀ ਪਾਰਟਨਰ ਗ੍ਰੀਨਜ਼ ਪਾਰਟੀ ਵੀ 1 ਅੰਕ ਉੱਪਰ ਨੂੰ ਵੱਧ ਕੇ 8% ਉੱਤੇ ਪਹੁੰਚ ਗਈ ਹੈ। ਤਾਜ਼ਾ ਪੋਲ ‘ਚ ਟੀ ਪੱਤੀ ਮਾਓਰੀ ਪਾਰਟੀ ਨੇ 4.2%, ਨਿਊਜ਼ੀਲੈਂਡ ਫ਼ਸਟ ਪਾਰਟੀ ਨੇ 4% ਅਤੇ ਟੌਪ ਪਾਰਟੀ ਨੇ 2.9% ਅੰਕ ਪ੍ਰਾਪਤ ਕੀਤੇ ਹਨ।
ਇਸ ਤਾਜ਼ਾ ਪੋਲ ਦੇ ਨਾਲ ਜਾਰੀ ਕੀਤੀ ਗਈ ਟਿੱਪਣੀ ‘ਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਨੈਸ਼ਨਲ ਪਾਰਟੀ 2017 ਦੀਆਂ ਚੋਣਾਂ ਤੋਂ ਬਾਅਦ ਲੇਬਰ ਪਾਰਟੀ ਤੋਂ 5 ਅੰਕ ਜਾਂ ਇਸ ਤੋਂ ਵੱਧ ਅੱਗੇ ਹੈ ਅਤੇ ਪਹਿਲੀ ਵਾਰ ਸੈਂਟਰ-ਰਾਈਟ 5 ਅੰਕ ਜਾਂ ਇਸ ਤੋਂ ਵੱਧ ਅੰਕਾਂ ਨਾਲ ਸੈਂਟਰ-ਲੈਫ਼ਟ ਤੋਂ ਵੱਧ ਅੱਗੇ ਨਿਕਲ ਰਹੀ ਹੈ।
ਸੱਤਾਧਾਰੀ ਲੇਬਰ ਲਈ ਮਾੜੀ ਖ਼ਬਰ ਇੱਥੇ ਹੀ ਨਹੀਂ ਰੁਕੀ, ਮੌਜੂਦਾ ਪ੍ਰਧਾਨ ਮੰਤਰੀ ਤੇ ਪਾਰਟੀ ਲੀਡਰ ਕ੍ਰਿਸ ਹਿਪਕਿਨਜ਼ ਪਸੰਦੀਦਾ ਪ੍ਰਧਾਨ ਮੰਤਰੀ ਦੀ ਪੋਲਿੰਗ ‘ਚ 6 ਅੰਕ ਘੱਟ ਕੇ 32% ਪਹੁੰਚ ਗਏ ਹਨ। ਇਹ ਵੱਡੀ ਗਿਰਾਵਟ ਲੇਬਰ ਲਈ ਮਾੜੀ ਖ਼ਬਰ ਹੈ, ਪਰ ਵਿਰੋਧੀ ਧਿਰ ਨੈਸ਼ਨਲ ਪਾਰਟੀ ਲੀਡਰ ਕ੍ਰਿਸਟੋਫਰ ਲਕਸਨ ਪ੍ਰਧਾਨ ਮੰਤਰੀ ਹਿਪਕਿਨਜ਼ ਦੀ ਡਿੱਗ ਦੀ ਸਾਕ ਦਾ ਲਾਭ ਉਠਾਉਣ ‘ਚ ਅਸਮਰਥ ਰਹੇ ਹਨ। ਉਨ੍ਹਾਂ ਦੀ ਪਸੰਦੀਦਾ ਪ੍ਰਧਾਨ ਮੰਤਰੀ ਪੋਲਿੰਗ ਅੰਕ 21% ਉੱਤੇ ਹੈ ਜੋ ਅਜੇ ਵੀ ਪ੍ਰਧਾਨ ਮੰਤਰੀ ਹਿਪਕਿਨਜ਼ ਤੋਂ 11 ਅੰਕ ਪਿੱਛੇ ਹੈ, ਜੋ ਪਿਛਲੇ ਪੋਲ ਤੋਂ 1 ਅੰਕ ਘੱਟ ਰਿਹਾ ਜੋ ਪਹਿਲੀ ਵਾਰ ਪੋਲ ‘ਚ 22% ਉੱਤੇ ਸੀ।
ਟੈਲਬੋਟ ਮਿੱਲਜ਼ ਨੇ 28 ਜੂਨ ਤੋਂ 2 ਜੁਲਾਈ ਦਰਮਿਆਨ 1036 ਲੋਕਾਂ ਨਾਲ ਸੰਪਰਕ ਕੀਤਾ। ਪੋਲ ‘ਚ 3% ਗ਼ਲਤੀ ਦੀ ਸੰਭਾਵਨਾ ਹੈ। ਇਹ ਪੋਲ ਟੈਲਬੋਟ ਮਿੱਲਜ਼ ਦੇ ਕਾਰਪੋਰੇਟ ਗਾਹਕਾਂ ਲਈ ਤਿਆਰ ਕੀਤੀ ਗਈ ਹੈ। ਕੰਪਨੀ ਲੇਬਰ ਦੀ ਅੰਦਰੂਨੀ ਪੋਲ ਵੀ ਕਰਦੀ ਹੈ।
ਸਥਾਨਕ ਅਖ਼ਬਾਰ ਹੈਰਾਲਡ ਦੀ ਰਿਪੋਰਟ ਮੁਤਾਬਿਕ ਇਹ ਤਾਜ਼ਾ ਪੋਲ ਸਰਵੇਖਣ ਸੱਤਾਧਾਰੀ ਲੇਬਰ ਪਾਰਟੀ ਲਈ ਇੱਕ ਔਖੇ ਮਹੀਨੇ ਤੋਂ ਬਾਅਦ ਹੋਇਆ ਹੈ, ਜਿਸ ‘ਚ ਲੇਬਰ ਪਾਰਟੀ ਨੇ ਆਪਣੇ ਮੰਤਰੀ ਮਾਈਕਲ ਵੁੱਡ ਨੂੰ ਹਟਾਇਆ ਸੀ ਅਤੇ ਇੱਕ ਹੋਰ ਕਿਰੀ ਐਲਨ ਜਿਸ ਨੇ ਆਪਣੇ ਦਫ਼ਤਰ ‘ਚ ਲੋਕਾਂ ‘ਤੇ ਰੌਲਾ ਪਾਇਆ ਸੀ, ਬਾਰੇ ਦੋਸ਼ਾਂ ਦਾ ਸਾਹਮਣਾ ਕੀਤਾ ਸੀ। ਪੋਲ ਦੇ ਨਾਲ ਜਾਰੀ ਕੀਤੀ ਗਈ ਟਿੱਪਣੀ ‘ਚ ਕਿਹਾ ਗਿਆ ਹੈ ਕਿ ਬਹੁਤ ਨਜ਼ਦੀਕੀ ਨਤੀਜਿਆਂ ਦੇ ਲੰਬੇ ਅਰਸੇ ਤੋਂ ਬਾਅਦ, ਅਸੀਂ ਹੁਣ ਸੈਂਟਰ-ਰਾਈਟ ਦੇ ਲੰਬੇ ਸਮੇਂ ਤੋਂ ਉਮੀਦ ਕੀਤੇ ਬ੍ਰੇਕਆਊਟ ਨੂੰ ਦੇਖ ਰਹੇ ਹਾਂ। ਪਰ ਜੋ ਅੱਗੇ ਆਉਣ ਵਾਲੇ ਕੁੱਝ ਚੋਣ ਸਰਵੇਖਣ ਹੀ ਦੱਸਣਗੇ। ਸੈਂਟਰ-ਲੈਫ਼ਟ ਆਮ ਤੌਰ ‘ਤੇ ਨਕਾਰਾਤਮਿਕ ਮਨੋਦਸ਼ਾ ਦੀ ਸਿਆਸੀ ਗੰਭੀਰਤਾ ਨੂੰ ਟਾਲ ਰਹੇ ਸਨ, ਜੋ ਜੀਵਨ ਦੀ ਲਾਗਤ ਵਧਣ ਯਾਨੀ ਮਹਿੰਗਾਈ ਅਤੇ ਮੰਤਰੀਆਂ ਦੇ ਘਪਲਿਆਂ ਤੋਂ ਪੈਦਾ ਹੋਏ ਗੰਭੀਰ ਸਿਆਸੀ ਦੇ ਦਬਾਅ ਤੋਂ ਪੈਦਾ ਹੋਈ ਹੈ।