ਆਸਟਰੇਲੀਆ ਨੇ 15 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾਈ

ਨਵੀਂ ਦਿੱਲੀ, 28 ਅਪ੍ਰੈਲ – ਆਸਟਰੇਲੀਆ ਨੇ 15 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਅਜਿਹਾ ਸਿਡਨੀ ਤੋਂ ਉਡਾਣ ਭਰਨ ਵਾਲੇ ਏਅਰ ਇੰਡੀਆ ਜਹਾਜ਼ ਦੇ ਪਾਇਲਟ ਦਲ ਦੇ ਇੱਕ ਮੈਂਬਰ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਹੋਇਆ ਹੈ। ਆਸਟਰੇਲੀਆ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਜਹਾਜ਼ ਵਿੱਚ ਸਵਾਰ ਕਰਨ ਤੋਂ ਰੋਕ ਦਿੱਤਾ, ਜਿਸ ਮਗਰੋਂ ਉਡਾਣ 27 ਅਪ੍ਰੈਲ ਦਿਨ ਮੰਗਲਵਾਰ ਨੂੰ ਸਿਰਫ਼ ਸਾਮਾਨ ਲੈ ਕੇ ਦਿੱਲੀ ਪਹੁੰਚੀ।
ਖ਼ਬਰਾਂ ਮੁਤਾਬਿਕ 25 ਅਪ੍ਰੈਲ ਦਿਨ ਐਤਵਾਰ ਸਵੇਰੇ ਸਿਡਨੀ ਪਹੁੰਚਣ ‘ਤੇ ਆਸਟਰੇਲੀਆ ਅਧਿਕਾਰੀਆਂ ਨੇ ਪਾਇਲਟ ਦਲ ਦੇ ਸਾਰੇ ਮੁਲਾਜ਼ਮਾਂ ਦੀ ਆਰਟੀ-ਪੀਸੀਆਰ ਜਾਂਚ ਕਰਾਈ, ਜਿਸ ਦੀ ਰਿਪੋਰਟ 26 ਅਪ੍ਰੈਲ ਦਿਨ ਸੋਮਵਾਰ ਨੂੰ ਆਈ। ਇਸ ਵਿੱਚ ਇੱਕ ਮੁਲਾਜ਼ਮ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਇਸ ਮਗਰੋਂ ਆਸਟਰੇਲਿਆਈ ਅਧਿਕਾਰੀਆਂ ਨੇ ਯਾਤਰੀਆਂ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਸਿਡਨੀ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ। ਆਸਟਰੇਲੀਆ ਨੇ ਭਾਰਤ ਵਿੱਚ ਕੋਰੋਨਾ ਦੇ ਵੱਧ ਦੇ ਮਾਮਲਿਆਂ ਦੇ ਮੱਦੇਨਜ਼ਰ 15 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ।