ਇੰਗਲੈਂਡ ‘ਚ ਜੀਵਨ ਸਾਥੀ ਨੂੰ ਮੰਗਵਾਉਣ ਦੇ ਨਿਯਮ ‘ਚ ਤਬਦੀਲੀ

ਲੰਡਨ – ਸੰਸਾਰ ਵਿੱਚ ਚੱਲ ਰਹੀ ਆਰਥਿਕ ਮੰਦਹਾਲੀ ਦਾ ਅਸਰ ਇੰਗਲੈਂਡ ਉਪਰ ਵੀ ਸਾਫ ਵਿਖਾਈ ਦੇ ਰਿਹਾ ਹੈ, ਇੰਗਲੈਂਡ ਦੀ ਸਰਕਾਰ ਵੱਲੋਂ ਵੀਜ਼ਾ ਨਿਯਮਾਂ ‘ਚ ਤਬਦੀਲੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਵਿਦੇਸ਼ੀ ਜੰਮਪਲ ਜੀਵਨ ਸਾਥੀ ਨੂੰ ਲਿਆਉਣ ਦੀ ਇਜਾਜ਼ਤ ਤਾਂ ਹੀ ਮਿਲ ਸਕੇਗੀ ਜੇ ਉਸ ਨੂੰ ਬਲਾਉਣ ਵਾਲੇ ਦੀ ਆਮਦਨ ਘੱਟੋ-ਘੱਟ 18700 ਪੌਂਡ ਤੋਂ ਲੈ ਕੇ 25700 ਪੌਂਡ ਵਿਚਕਾਰ ਹੋਵੇਗੀ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਦਿੱਤੇ ਇੱਕ ਬਿਆਨ ‘ਚ ਕਿਹਾ ਸੀ ਕਿ ਪਰਿਵਾਰਾਂ ਨੂੰ ਮੰਗਵਾਉਣ ਵਾਲੇ 70 ਫੀਸਦੀ ਉਹ ਲੋਕ ਹਨ ਜਿਨ੍ਹਾਂ ਦੀ ਆਮਦਨ 20 ਹਜ਼ਾਰ ਪੌਂਡ ਤੋਂ ਘੱਟ ਹੈ। ਮਾਈਗਰੇਸ਼ਨ ਸਲਾਹਕਾਰ ਕਮੇਟੀ ਨੇ ਸਰਕਾਰ ਨੂੰ ਸਿਫਾਰਿਸ਼ ਕੀਤੀ ਹੈ ਕਿ ਇੰਗਲੈਂਡ ‘ਚ ਪਰਿਵਾਰਿਕ ਵੀਜ਼ੇ ਲਈ ਸਪਾਂਸਰ ਕਰਨ ਵਾਲਿਆਂ ਦੀ ਆਮਦਨ 5500 ਤੋਂ ਵਧਾ ਕੇ 18700 ਤੇ 25700 ਪੌਂਡ ਦੇ ਵਿਚਕਾਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਤੋਂ ਇਲਾਵਾ ਪਤਨੀ ਤੇ ਦੋ ਬੱਚਿਆਂ ਨੂੰ ਮੰਗਵਾਉਣ ਵਾਲੇ ਦੀ ਆਮਦਨ 24800 ਤੋਂ 47600 ਤੱਕ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਅਜਿਹਾ ਕਰਨ ਨਾਲ ਬਰਤਾਨਵੀ ਵੱਸੋਂ ‘ਚੋਂ ਤਕਰੀਬਨ 25 ਫੀਸਦੀ ਪਰਿਵਾਰ ਹੀ ਵੀਜ਼ੇ ਸਪਾਂਸਰ ਕਰ ਸਕਣਗੇ ਤੇ 50 ਫੀਸਦੀ ਵਿਦੇਸ਼ੀ ਜੰਮਪਲ ਪਤੀ-ਪਤਨੀ ਆਪਣੇ ਜੀਵਨ ਸਾਥੀਆਂ ਨੂੰ ਬੁਲਾਉਣ ਤੋਂ ਅਸਮਰੱਥ ਹੋ ਜਾਣਗੇ। ਇਸ ਤਜਵੀਜ਼ ਨਾਲ ਜ਼ਿਆਦਾ ਕਰਕੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਤੋਂ ਆਉਣ ਵਾਲੀਆਂ ਔਰਤਾਂ ਪ੍ਰਭਾਵਿਤ ਹੋਣਗੀਆਂ।