ਇੰਗਲੈਂਡ ਦੀ ਮਹਾਰਾਣੀ ਅਲਿਜ਼ਬੈਥ ਦੋਇਮ ਦਾ 96 ਸਾਲ ਦੀ ਉਮਰ ‘ਚ ਦੇਹਾਂਤ

ਸਕੌਟਲੈਂਡ, 8 ਸਤੰਬਰ – ਇੰਗਲੈਂਡ ਦੀ ਮਹਾਰਾਣੀ ਅਲਿਜ਼ਬੈਥ ਦੋਇਮ ਦਾ ਅੱਜ ਸਥਾਨਕ ਸਮੇਂ ਮੁਤਾਬਕ ਦੁਪਹਿਰੇ ਦੇਹਾਂਤ ਹੋ ਗਿਆ। ਉਹ 96 ਸਾਲਾਂ ਦੇ ਸਨ ਤੇ ਬੀਤੇ ਕੁਝ ਦਿਨਾਂ ਤੋਂ ਸਿਹਤ ਨਾਲ ਜੁੜੇ ਵਿਗਾੜਾਂ ਨਾਲ ਜੂਝ ਰਹੇ ਸਨ। ਅੱਜਕਲ੍ਹ ਉਹ ਗਰਮੀਆਂ ਦੀਆਂ ਛੁੱੱਟੀਆਂ ਕੱਟਣ ਲਈ ਇਥੇ ਬਾਲਮੋਰਲ ਕੈਸਲ ਵਿੱਚ ਰਹਿ ਰਹੇ ਸਨ। ਸਿਹਤ ਨਾਸਾਜ਼ ਹੋਣ ਦੀਆਂ ਖ਼ਬਰਾਂ ਮਗਰੋਂ ਉਹ ਡਾਕਟਰਾਂ ਦੀ ਨਿਗਰਾਨੀ ਅਧੀਨ ਸਨ। ਮਹਾਰਾਣੀ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਿੰਸ ਚਾਰਲਸ ਬਰਤਾਨੀਆ ਦੀ ਗੱਦੀ ’ਤੇ ਬੈਠੇਗਾ।
ਮਹਾਰਾਣੀ ਨੇ 70 ਸਾਲ ਤੋਂ ਵਧ ਸਮਾਂ ਬਰਤਾਨੀਆ ’ਤੇ ਰਾਜ ਕੀਤਾ। ਉਹ ਸਭ ਤੋਂ ਵੱਡੀ ਉਮਰ ਤੇ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਸਨ। ਉਨ੍ਹਾਂ ਆਪਣੇ ਪਿਤਾ ਕਿੰਗ ਜਾਰਜ ਚੌਥੇ ਦੇ ਦੇਹਾਂਤ ਮਗਰੋਂ 5 ਫਰਵਰੀ 1952 ਨੂੰ ਇੰਗਲੈਂਡ ਦਾ ਤਖ਼ਤ ਸੰਭਾਲਿਆ ਸੀ। ਪਿਛਲੇ ਸਾਲ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਉਨ੍ਹਾਂ ਦੇ ਰਾਜ ਵਿੱਚ ਵਿੰਸਟਨ ਚਰਚਿਲ (1952) ਤੋਂ ਲੈ ਕੇ ਲਿਜ਼ ਟਰੱਸ (2022) ਤਕ 15 ਪ੍ਰਧਾਨ ਮੰਤਰੀ ਰਹੇ। ਇੰਗਲੈਂਡ ਦੀ ਨਵੀਂ ਪ੍ਰਧਾਨ ਮੰਤਰੀ ਲਿਜ਼ ਟਰੱਸ ਤੇ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਲੰਘੇ ਦਿਨ ਹੀ ਉਨ੍ਹਾਂ ਨਾਲ ਕੈਸਲ ਵਿੱਚ ਮੁਲਾਕਾਤ ਕੀਤੀ ਸੀ।