ਇੰਡੋ-ਕੈਨੇਡੀਅਨ ਸੀਨੀਅਰਜ਼ ਸੋਸਾਇਟੀ ਦੀ ਇਮਾਰਤ ‘ਚ ਲੱਗੇਗੀ ਨਵੀਂ ਲਿਫਟ

ਸਰੀ, 26 ਅਗਸਤ (ਹਰਦਮ ਮਾਨ) – ਬੀ.ਸੀ. ਦੀ ਸਮਾਜਿਕ ਵਿਕਾਸ ਅਤੇ ਗਰੀਬੀ ਘਟਾਓ ਮੰਤਰੀ, ਸ਼ੀਲਾ ਮੈਲਕਮਸਨ ਨੇ ਸਰੀ-ਡੈਲਟਾ ਇੰਡੋ ਕੈਨੇਡੀਅਨ ਸੀਨੀਅਰਜ਼ ਸੋਸਾਇਟੀ ਦੀ ਇਮਾਰਤ ਵਿੱਚ ਖਰਾਬ ਹੋਈ ਲਿਫਟ ਨੂੰ ਬਦਲਣ ਅਤੇ ਨਵੀਂ ਲਿਫਟ ਲਾਉਣ ਲਈ 140,000 ਡਾਲਰ ਸੂਬਾਈ ਫੰਡ ਦੇਣ ਦਾ ਐਲਾਨ ਕੀਤਾ ਹੈ। ਬੀਤੇ ਦਿਨ ਸਰੀ ਦੇ ਤਿੰਨ ਵਿਧਾਇਕ ਹੈਰੀ ਬੈਂਸ (ਨਿਊਟਨ), ਗੈਰੀ ਬੇਗ (ਗਿਲਡਫੋਰਡ) ਅਤੇ ਜਿੰਨੀ ਸਿਮਸ (ਪੈਨੋਰਮਾ) ਨਾਲ ਇਸ ਇਮਾਰਤ ਵਿਚ ਪੁੱਜੇ ਸ਼ੀਲਾ ਮੈਲਕਮਸਨ ਨੇ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਲਿਫਟ ਅਪ੍ਰੈਲ 2024 ਤੱਕ ਸ਼ੁਰੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਸਰੀ-ਡੈਲਟਾ ਇੰਡੋ ਕੈਨੇਡੀਅਨ ਸੀਨੀਅਰਜ਼ ਸੋਸਾਇਟੀ ਦੀ ਇਮਾਰਤ ਗੁਰਦੁਆਰਾ ਗੁਰੂ ਨਾਨਕ ਸਿੱਖ ਦੇ ਪੂਰਬ ਵਿੱਚ ਸਥਿਤ ਹੈ। ਇਹ ਇਮਾਰਤ 1970 ਵਿਚ ਬਣਾਈ ਗਈ ਸੀ। ਸੀਨੀਅਰਜ਼ ਸੋਸਾਇਟੀ ਦੇ 600 ਮੈਂਬਰ ਹਨ ਜਿਨ੍ਹਾਂ ਵਿੱਚੋਂ 200 ਦੇ ਕਰੀਬ ਔਰਤਾਂ ਹਨ। ਇਮਾਰਤ ਦੀ ਦੂਜੀ ਮੰਜ਼ਿਲ ਉੱਪਰ ਵਿਸ਼ੇਸ਼ ਕਰ ਕੇ ਬਜ਼ੁਰਗ ਔਰਤਾਂ ਇਕੱਠੀਆਂ ਹੋ ਕੇ ਆਪਣੀਆਂ ਚਾਹ ਪਾਣੀ ਦੀਆਂ ਪਾਰਟੀਆਂ ਕਰਦੀਆਂ ਹਨ ਅਤੇ ਇੱਥੇ ਹੀ ਸੱਭਿਆਚਾਰਕ ਅਤੇ ਸਾਹਿਤਕ ਪ੍ਰੋਗਰਾਮ ਵੀ ਹੁੰਦੇ ਹਨ। ਪਿਛਲੇ ਦੋ ਸਾਲਾਂ ਤੋਂ ਲਿਫਟ ਬੰਦ ਪਈ ਹੋਣ ਕਰਕੇ ਹਰ ਚੀਜ਼ ਪੌੜੀਆਂ ਰਾਹੀਂ ਉੱਪਰ ਲਿਆਉਣ ਸਮੇਂ ਬਜ਼ੁਰਗਾਂ ਨੂੰ ਬੜੀ ਮੁਸ਼ਕਿਲ ਪੇਸ਼ ਆ ਰਹੀ ਹੈ। ਵਾਕਰ ਜਾਂ ਵ੍ਹੀਲਚੇਅਰ ਤੇ ਨਿਰਭਰ ਬਜ਼ੁਰਗਾਂ ਲਈ ਪੌੜੀਆਂ ਚੜ੍ਹਨਾ ਹੋਰ ਵੀ ਔਖਾ ਹੈ।
ਇਸੇ ਦੌਰਾਨ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਲਿਫਟ ਬਦਲਣ ਲਈ ਫੰਡ ਦੇਣ ਦਾ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਲਿਫਟ ਬਦਲਣ ਨਾਲ ਨਾ ਸਿਰਫ਼ ਬਜ਼ੁਰਗਾਂ ਦੀ ਭੋਜਨ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ, ਸਗੋਂ ਉਹ ਕੇਂਦਰ ਵਿੱਚ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ ਅਤੇ ਉਹਨਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ।