ਉਪ ਰਾਸ਼ਟਰਪਤੀ ਚੋਣ: ਐੱਨਡੀਏ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਤੇ ਵਿਰੋਧੀ ਧਿਰ ਨੇ ਮਾਰਗਰੇਟ ਅਲਵਾ ਨੂੰ ਉਮੀਦਵਾਰ ਐਲਾਨਿਆ

ਨਵੀਂ ਦਿੱਲੀ, 17 ਜੁਲਾਈ – ਐੱਨਡੀਏ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਜਦੋਂ ਕਿ ਵਿਰੋਧੀ ਧਿਰਾਂ ਨੇ ਉਪ ਰਾਸ਼ਟਰਪਤੀ ਚੋਣ ਲਈ ਕਾਂਗਰਸ ਆਗੂ ਅਤੇ ਰਾਜਸਥਾਨ ਦੀ ਸਾਬਕਾ ਰਾਜਪਾਲ ਮਾਰਗਰੇਟ ਅਲਵਾ (80) ਨੂੰ ਸਾਂਝਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਲਿਆ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ 6 ਅਗਸਤ ਨੂੰ ਹੋਵੇਗੀ।
ਵਿਰੋਧੀ ਧਿਰਾਂ ਵੱਲੋਂ ਅਲਵਾ ਨੂੰ ਉਮੀਦਵਾਰ ਬਣਾਉਣ ਦਾ ਫ਼ੈਸਲਾ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਦੀ ਰਿਹਾਇਸ਼ ‘ਤੇ ਹੋਈ 17 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ‘ਚ ਲਿਆ ਗਿਆ। ਕਰੀਬ ਦੋ ਘੰਟੇ ਦੀ ਮੀਟਿੰਗ ਮਗਰੋਂ ਪਵਾਰ ਨੇ ਐਲਾਨ ਕੀਤਾ,”ਅਸੀਂ ਸਰਬਸੰਮਤੀ ਨਾਲ ਮਾਰਗਰੇਟ ਅਲਵਾ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਸਾਂਝਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਲਿਆ ਹੈ। ਉਹ ਮੰਗਲਵਾਰ ਨੂੰ ਕਾਗ਼ਜ਼ ਦਾਖ਼ਲ ਕਰਨਗੇ।” ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਮਾਇਤ ਸਮੇਤ ਕੁੱਲ 19 ਪਾਰਟੀਆਂ ਦੀ ਅਲਵਾ ਸਾਂਝੇ ਉਮੀਦਵਾਰ ਹੋਣਗੇ। ‘ਅਸੀਂ ਮਮਤਾ ਬੈਨਰਜੀ ਅਤੇ ਅਰਵਿੰਦ ਕੇਜਰੀਵਾਲ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਸਾਡੇ ਸਾਂਝੇ ਰਾਸ਼ਟਰਪਤੀ ਉਮੀਦਵਾਰ ਨੂੰ ਹਮਾਇਤ ਦਿੱਤੀ ਹੈ। ਜੇਐੱਮਐੱਮ ਵੀ ਇਸ ਚੋਣ ‘ਚ ਸਾਡੇ ਨਾਲ ਹੈ।’ ਸ਼ਿਵ ਸੈਨਾ ਦੇ ਸੰਜੈ ਰਾਊਤ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਇਸ ਚੋਣ ‘ਚ ਇਕੱਠੀਆਂ ਹਨ। ਮੀਟਿੰਗ ‘ਚ ਕਾਂਗਰਸ ਦੇ ਮਲਿਕਾਰਜੁਨ ਖੜਗੇ, ਜੈਰਾਮ ਰਮੇਸ਼, ਸੀਪੀਐੱਮ ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ ਰਾਜਾ, ਬਿਨੋਏ ਵਿਸ਼ਵਮ, ਸ਼ਿਵ ਸੈਨਾ ਦੇ ਸੰਜੈ ਰਾਊਤ, ਡੀਐੱਮਕੇ ਦੇ ਟੀ ਆਰ ਬਾਲੂ, ਤਿਰੁਚੀ ਸ਼ਿਵਾ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਐੱਮਡੀਐੱਮਕੇ ਦੇ ਵਾਇਕੋ, ਟੀਆਰਐੱਸ ਦੇ ਕੇ ਕੇਸ਼ਵ ਰਾਓ, ਆਰਜੇਡੀ ਦੇ ਏ ਡੀ ਸਿੰਘ, ਆਈਐੱਮਯੂਐੱਲ ਦੇ ਈ ਟੀ ਮੁਹੰਮਦ ਬਸ਼ੀਰ ਤੇ ਕੇਰਲਾ ਕਾਂਗਰਸ (ਐੱਮ) ਦੇ ਜੋਸ ਮਣੀ ਹਾਜ਼ਰ ਸਨ।