ਉਲਾਂਭੇ ਦੇਣ ਦੀ ਥਾਂ ਚੰਗੀ ਗਾਇਕੀ ਜਿਊਂਦੀ ਰੱਖਣ ਲਈ ਯਤਨਾਂ ਦੀ ਲੋੜ

‘ਚੰਗੀ ਗਾਇਕੀ ਨੂੰ ਕੋਈ ਸੁਣਦਾ ਨਹੀਂ’, ‘ਚੱਕਵੇਂ ਗੀਤ ਤਾਂ ਗਾਉਂਦੇ ਹਾਂ ਕਿਉਂਕਿ ਨੌਜਵਾਨ ਵਰਗ ਦਾ ਸਮਾਜਿਕ ਸਰੋਕਾਰਾਂ ਨਾਲ ਵਾਸਤਾ ਨਹੀਂ’, ‘ਉਨ੍ਹਾਂ ਦੀ ਪਸੰਦ ਵਾਲਾ ਗਾਉਣਾ ਸਾਡੀ ਮਜਬੂਰੀ ਹੈ’, ‘ਜੇ ਸਿਰਫ਼ ਚੰਗਾ ਗਾਵਾਂਗੇ ਤਾਂ ਭੁੱਖੇ ਮਰਾਂਗੇ’, ਇਹ ਉੱਤਰ ਇੱਕ-ਦੋ ਨਹੀਂ, ਹੁਣ ਤੱਕ ਦਰਜਨਾਂ ਕਲਾਕਾਰਾਂ ਮੂੰਹੋਂ ਸੁਣ ਚੁੱਕੇ ਹਾਂ। ਇਹ ਕਲਾਕਾਰ ਏਨੀ ਗੰਭੀਰਤਾ ਨਾਲ ਇਹ ਸਭ ਆਖਦੇ ਹਨ ਕਿ ਕਈ ਵਾਰ ਮਨ ਇਨ੍ਹਾਂ ਦੀ ਗੱਲ ਦਾ ਸੱਚ ਮੰਨਣ ਨੂੰ ਕਰਨ ਲੱਗਦਾ ਹੈ। ਫੇਰ ਥੋੜ੍ਹਾ ਗੰਭੀਰਤਾ ਨਾਲ ਸੋਚਿਆਂ ਪਤਾ ਲੱਗਦਾ ਹੈ ਕਿ ਸੁਣਨ ਵਾਲਿਆਂ ਦੀ ਬੁੱਧੀ ਏਨੀ ਭ੍ਰਸ਼ਟ ਨਹੀਂ ਹੋਈ, ਜਿੰਨੀ ਦੱਸੀ ਜਾ ਰਹੀ ਹੈ।
ਪਿਛਲੇ ਦਿਨੀਂ ਜਦੋਂ ਇੱਕ ਕਲਾਕਾਰ ਨਾਲ ਮਾੜੀ ਗਾਇਕੀ ਬਾਰੇ ਗੱਲ ਕੀਤੀ ਤਾਂ ਬਣਾ ਸੰਵਾਰ ਕੇ ਕਹਿੰਦਾ, ‘ਮੈਂ ਤਿੰਨ ਧਾਰਮਿਕ ਗੀਤ, ਇੱਕ ਧੀਆਂ ਬਾਰੇ ਤੇ ਇੱਕ ਪਾਣੀ ਬਾਰੇ ਗਾਇਆ। ਕੋਈ ਕੰਪਨੀ ਰਿਲੀਜ਼ ਕਰਨ ਨੂੰ ਤਿਆਰ ਨਹੀਂ ਸੀ। ਪੱਲਿਓਂ ਸਾਰੇ ਪੈਸੇ ਲਾਏ। ਇੱਕ ਲੱਖ ਬੰਦੇ ਨੇ ਵੀ ਨਹੀਂ ਦੇਖਿਆ। ਪਰ ਜੇ ਮੁੰਡੇ-ਕੁੜੀਆਂ ਵਾਲਾ ਚੱਕਵਾਂ ਜਿਹਾ ਗੀਤ ਗਾਉਨਾਂ ਤਾਂ ਪੂਰੀ ਦੁਨੀਆ ਵਿੱਚੋਂ ਹੁੰਗਾਰਾ ਮਿਲਦਾ। ਕੰਪਨੀ ਉੱਡ ਕੇ ਲੈਂਦੀ ਹੈ। ਪੱਲਿਓਂ ਕੁੱਝ ਨਹੀਂ ਲੱਗਦਾ। ਚਾਰ ਪ੍ਰੋਗਰਾਮ ਵੀ ਮਿਲ ਜਾਂਦੇ ਹਨ। ਯੂ ਟਿਊਬ ‘ਤੇ ਪੰਦਰਾਂ-ਵੀਹ ਮਿਲੀਅਨ ਵਿਊ ਅਸਾਨੀ ਨਾਲ ਹੋ ਜਾਂਦੇ। ਜਦ ਕੋਈ ਚੰਗਾ ਸੁਣਦਾ ਹੀ ਨਹੀਂ ਤਾਂ ਮੈਂ ਕੋਲਿਆਂ ਦਾ ਕਾਰੋਬਾਰ ਕਿਉਂ ਕਰਾਂ।’
ਮੈਂ ਉਸ ਨੂੰ ਕਿਹਾ, ‘ਵਾਰਿਸ ਭਰਾਵਾਂ, ਹਰਭਜਨ ਮਾਨ, ਸਰਬਜੀਤ ਚੀਮਾ, ਅਮਰਿੰਦਰ ਗਿੱਲ, ਸਤਿੰਦਰ ਸਰਤਾਜ ਤੇ ਕੰਵਰ ਗਰੇਵਾਲ ਵਰਗੇ ਕਲਾਕਾਰਾਂ ਨੇ ਕਦੇ ਮਾੜਾ ਨਹੀਂ ਗਾਇਆ, ਉਨ੍ਹਾਂ ਨੂੰ ਕਿਵੇਂ ਸੁਣ ਲਿਆ ਜਾਂਦਾ। ਉਨ੍ਹਾਂ ਦੀ ਪਛਾਣ ਕਿਵੇਂ ਬਣ ਗਈ?  ਉਨ੍ਹਾਂ ਨੂੰ ਪ੍ਰੋਗਰਾਮ ਕਿਵੇਂ ਮਿਲਦੇ ਹਨ? ਜੇ ਉਨ੍ਹਾਂ ਦੀ ਸੋਚ ਥੋਡੇ ਵਾਂਗ ਰੰਗ ਵਟਾਉਂਦੀ ਤਾਂ ਅੱਜ ਉਨ੍ਹਾਂ ਦੀ ਪਛਾਣ ਵੀ ਖੁੱਸੀ ਹੁੰਦੀ।
ਉਸ ਨੂੰ ਕੋਈ ਤਸੱਲੀਬਖ਼ਸ਼ ਉੱਤਰ ਨਾਂ ਸੁੱਝਿਆ, ਪਰ ਏਨਾ ਆਖੀ ਗਿਆ, ‘ਉਦੋਂ ਦੌਰ ਹੋਰ ਸੀ, ਅੱਜ ਹੋਰ ਹੈ। ਨਵੀਂ ਪੀੜ੍ਹੀ ਦੀ ਸੋਚ ਵਿੱਚ ਬਹੁਤ ਵੱਡਾ ਬਦਲਾਅ ਆਇਆ। ਕਦੇ ਸਤਾਰਾਂ-ਅਠਾਰਾਂ ਵਰ੍ਹਿਆਂ ਵਾਲੇ ਮੁੰਡੇ-ਕੁੜੀਆਂ ਨੂੰ ਪੁੱਛੋ, ਉਹ ਕੀ ਸੁਣਨਾ ਪਸੰਦ ਕਰਦੇ ਨੇ।’
ਉਹ ਨੂੰ ਮੋੜਵਾਂ ਸਵਾਲ ਕੀਤਾ, ‘ਏਨਾ ਕੁੱਝ ਜਾਣਦਿਆਂ ਕੋਰੇ ਕਾਗ਼ਜ਼ ਵਰਗੇ ਮਨਾਂ ‘ਤੇ ਗ਼ਲਤ ਪੂਰਨੇ ਕਿਉਂ ਪਾਉਂਦੇ ਹੋ? ਵਾਰ-ਵਾਰ ਆਖਦੇ ਹੋ ਕਿ ਇਸ ਉਮਰੇ ਹਥਿਆਰ ਚੁੱਕ ਲੈਣੇ ਚਾਹੀਦੇ, ਨਸ਼ੇ ਕਰਨੇ ਚਾਹੀਦੇ, ਗੈਂਗਵਾਰ ਕਰਨੀ ਚਾਹੀਦੀ। ਕਿਉਂ?’
ਉਹ ਜੱਕੋ ਤੱਕੀ ਕਰਦਾ ਤੁਰਦਾ ਬਣਿਆ। ਕਹਿੰਦਾ, ‘ਤੁਸੀਂ ਨਹੀਂ ਸਮਝ ਸਕਦੇ। ਚੰਗਾ-ਚੰਗਾ ਦੀ ਰਟ ਲਾਉਣ ਦਾ ਕੋਈ ਲਾਭ ਨਹੀਂ।
ਮੈਂ ਹਾਲੇ ਤੱਕ ਸੋਚ ਰਿਹਾਂ ਕਿ ਪੰਜਾਬ ਵਿੱਚ ਉਹ ਦੇ ਵਰਗੀ ਸੋਚ ਰੱਖਣ ਵਾਲੇ ‘ਗਵੱਈਆਂ’ ਨੂੰ ਅਕਲ ਕਦੋਂ ਆਊ। ਇਹ ਚੰਗੇ ਦਾ ਕੀ ਅਰਥ ਕੱਢਦੇ ਹਨ? ਕੀ ਉਹੀ ਚੰਗਾ ਹੈ, ਜਿਹੜਾ ਸੁਣਿਆ ਜਾਂਦਾ। ਉਹ ਚੰਗਾ ਨਹੀਂ, ਜਿਸ ਨੂੰ ਘੱਟ ‘ਵਿਊ’ ਹਾਸਲ ਹੁੰਦੇ ਹਨ?
ਪਿਛਲੇ ਦਿਨੀਂ ਚੁਹੱਤਰ ਸਾਲਾ ਗਾਇਕਾ ਗੁਰਮੀਤ ਬਾਵਾ ਤੇ ਉਸ ਦੀਆਂ ਧੀਆਂ ਨਾਲ ਮੇਲ ਹੋਇਆ। ਦੁਨੀਆ ਦਾ ਕੋਈ ਇੱਕ ਪੰਜਾਬੀ ਨਹੀਂ ਕਹਿ ਸਕਦਾ ਕਿ ਗੁਰਮੀਤ ਬਾਵਾ ਨੇ ਇੱਕ ਗੀਤ ਮਾੜਾ ਗਾਇਆ। ਕੀ ਚੰਗਾ ਗਾ ਕੇ ਉਹ ਦੀ ਪਛਾਣ ਨਹੀਂ ਬਣੀ। ਅੱਗੋਂ ਉਸ ਦੀਆਂ ਧੀਆਂ ਲਾਚੀ ਬਾਵਾ ਤੇ ਗਲੋਰੀ ਬਾਵਾ ਚੰਗੀ ਗਾਇਕੀ ਦੀ ਵਿਰਾਸਤ ਨੂੰ ਸੰਭਾਲ ਰਹੀਆਂ। ਉਹ ਸਿੱਠਣੀਆਂ, ਸੁਹਾਗ, ਲੋਕ ਗੀਤਾਂ ਦੀ ਪੇਸ਼ਕਾਰੀ ਕਰਦੀਆਂ ਹਨ।
ਕਹਿੰਦੀਆਂ, ‘ਮਾਂ-ਬਾਪ ਦੀ ਦਹਾਕਿਆਂ ਦੀ ਤਪੱਸਿਆ ਅਸੀਂ ਭੈਣਾਂ ਸਿਰਫ਼ ਮਸ਼ਹੂਰ ਹੋਣ ਖ਼ਾਤਰ ਖੂਹ ਖਾਤੇ ਨਹੀਂ ਪਾ ਸਕਦੀਆਂ। ਸਬਰ ਵਾਲੀਆਂ ਹਾਂ। ਸਾਨੂੰ ਵੀ ਪਤਾ ਮਾਰਕੀਟ ਵਿੱਚ ਕੀ ਚੱਲਦਾ। ਪਰ ਉਹ ਦੇ ਲਈ ਜ਼ਮੀਰ ਮਾਰਨੀ ਪੈਂਦੀ ਹੈ ਤੇ ਅਸੀਂ ਜਿਊਂਦੀ ਜ਼ਮੀਰ ਵਾਲੀਆਂ ਹਾਂ। ਸਾਨੂੰ ਸੁਣਨ ਵਾਲੇ ਸਤਿਕਾਰ ਨਾਲ ਭੈਣ ਜੀ ਆਖਦੇ ਹਨ ਤੇ ਮਾਤਾ ਜੀ ਨੂੰ ਬੇਬੇ। ਭੈਣ ਅਖਵਾਉਣਾ ਸੌਖਾ ਕੰਮ ਨਹੀਂ। ਖੋਟੇ ਗੀਤ ਗਾ ਕੇ ਚਾਰ ਛਿੱਲੜ ਤਾਂ ਕਮਾ ਲਵਾਂਗੀਆਂ, ਪਰ ਇੱਜ਼ਤ ਕਿੱਥੋਂ ਮਿਲੂ? ਇੱਜ਼ਤ ਲਈ ਇਨਸਾਨ ਕੀ ਨਹੀਂ ਕਰਦਾ? ਜਿਹੜੇ ਊਟ-ਪਟਾਂਗ ਗਾਉਂਦੇ ਹਨ, ਉਹ ਸੋਚ ਕੇ ਦੇਖਣ ਕਿ ਦਿਲੀ ਇੱਜ਼ਤ ਕਿੰਨੇ ਕੁ ਲੋਕ ਕਰਦੇ ਹਨ।’
ਉਨ੍ਹਾਂ ਦੀਆਂ ਗੱਲਾਂ ਏਨੀਆਂ ਪ੍ਰਭਾਵਸ਼ਾਲੀ ਸਨ ਕਿ ਵਾਰ-ਵਾਰ ਸੁਣਨ ਨੂੰ ਜੀਅ ਕਰਦਾ ਰਿਹਾ। ਉਨ੍ਹਾਂ ਨਵੇਂ ਗੀਤਾਂ ਦੇ ਮੁੱਖੜੇ ਸੁਣਾਏ। ਕਹਿੰਦੀਆਂ, ‘ਛੇਤੀ ਇਹ ਵੀ ਯੂ ਟਿਊਬ ‘ਤੇ ਪੈਣਗੇ।’ ਉਹ ਐਸੇ ਗੀਤ ਸਨ, ਭਾਵੇਂ ਹੁਣੇ ਗੁਰਦੁਆਰੇ ਦੇ ਸਪੀਕਰ ਵਿੱਚ ਲਾ ਦਿਓ। ਕੋਈ ਇਤਰਾਜ਼ ਨਹੀਂ ਕਰ ਸਕੇਗਾ।
ਘਰ ਆ ਕੇ ਕਿੰਨਾ ਚਿਰ ਮੈਂ ਸੋਚ ਵਿੱਚ ਗੁਆਚਿਆ ਰਿਹਾ ਕਿ ਗ਼ਲਤ ਕੌਣ ਹੈ? ਗਾਉਣ ਵਾਲੇ ਜਾਂ ਸੁਣਨ ਵਾਲੇ। ਚੰਗਾ ਗਾਉਣ ਵਾਲੇ ਨੂੰ ਅਸੀਂ ਲੋਕ ਇੱਕੀ, ਇਕੱਤੀ ਹਜ਼ਾਰ ਮਸਾਂ ਦਿੰਦੇ ਹਾਂ ਤੇ ਸਾਡੀਆਂ ਹੀ ਧੀਆਂ-ਭੈਣਾਂ ਨੂੰ ਟਿੱਚਰਾਂ ਕਰਨ ਵਾਲਿਆਂ ਨੂੰ ਪੰਜ-ਪੰਜ ਲੱਖ ਦੇਣ ਲੱਗੇ ਸੀਅ ਤੱਕ ਨਹੀਂ ਕਰਦੇ? ਸਾਡਾ ਵੀ ਤਾਂ ਚੰਗਿਆਈ ਦਾ ਬੀਜ ਨਾਸ ਕਰਨ ਵਾਲਿਆਂ ਵਿੱਚ ਨਾਂ ਆ ਰਿਹਾ।
ਕੰਵਰ ਗਰੇਵਾਲ ਨਾਲ ਇਸੇ ਵਿਸ਼ੇ ‘ਤੇ ਸਾਂਝੀਆਂ ਹੋਈਆਂ ਕਿੰਨੀਆਂ ਹੀ ਗੱਲਾਂ ਚੇਤੇ ਆ ਗਈਆਂ। ਉਹ ਕਹਿੰਦਾ, ‘ਮੈਂ ਵਿਰਸਾ ਪੰਜਾਬੀ ਦੱਸੋ ਕਿੱਥੋਂ ਸਾਂਭ ਲਊਂ, ਮੇਰੀ ਆਪਣੀ ਜ਼ਮੀਰ ਸੌਦੇਬਾਜ਼ ਹੋ ਗਈ’ ਗੀਤ ਮੈਂ ਗਾਇਆ ਹੀ ਉਨ੍ਹਾਂ ‘ਕਲਾਕਾਰਾਂ’ ਲਈ ਸੀ, ਜਿਹੜੇ ਵਾਰ-ਵਾਰ ਆਖਦੇ ਨੇ ਕਿ ਕਾਮਯਾਬ ਹੋਣ ਲਈ ਘਟੀਆ ਹਰਕਤਾਂ ਕਰਨੀਆਂ ਪੈਂਦੀਆਂ। ਮੈਂ ਆਪਣਾ ਫ਼ਰਜ਼ ਨਿਭਾ ਰਿਹਾਂ ਤੇ ਨਤੀਜਾ ਸਭ ਦੇ ਸਾਹਮਣੇ ਹੈ। ਕੀ ਅੱਜ ਮੈਨੂੰ ਨੌਜਵਾਨ ਨਹੀਂ ਸੁਣਦੇ? ਜੇ ਮੈਂ ਚੰਗਾ ਗਾ ਕੇ ਕਾਮਯਾਬ ਹੋ ਸਕਦਾਂ ਤਾਂ ਕੋਈ ਵੀ ਹੋ ਸਕਦਾ। ਜਿਹੜੇ ਆਖਦੇ ਨੇ ਅਸੀਂ ਇੱਕ ਧਾਰਮਿਕ ਜਾਂ ਸਮਾਜਿਕ ਗੀਤ ਕੀਤਾ ਸੀ, ਉਹ ਨੂੰ ਪਿਆਰ ਨਹੀਂ ਮਿਲਦਾ, ਉਨ੍ਹਾਂ ਬਾਰੇ ਸਰੋਤੇ ਜਾਣਦੇ ਹਨ ਕਿ ਇਨ੍ਹਾਂ ਨੇ ਹੋਰ ਚਹੁੰ ਦਿਨਾਂ ਤੋਂ ਫੇਰ ਕੜ੍ਹੀ ਘੋਲ਼ ਦੇਣੀ ਹੈ, ਇਸ ਲਈ ਸਰੋਤੇ ਉਨ੍ਹਾਂ ਦੇ ਚੰਗੇ ਗੀਤਾਂ ਨੂੰ ਵੀ ਪਿਆਰ ਨਹੀਂ ਦਿੰਦੇ।
ਮੁੱਕਦੀ ਗੱਲ, ਕਲਾਕਾਰਾਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਸਮੇਂ ਨਾਲ ਸਭ ਦੀ ਸੋਚ ਬਦਲਦੀ ਹੈ। ਅੱਜ ਜਿਹੜੇ ਸਿਰਫ਼ ਚੱਕਵੇਂ ਗੀਤ ਪਸੰਦ ਕਰਦੇ ਹਨ, ਉਹ ਕੁੱਝ ਵਰ੍ਹਿਆਂ ਤੱਕ ਸਿਆਣਪ ਵੱਲ ਮੋੜ ਕੱਟਣਗੇ। ਸੋ ਸਿਰਫ਼ ਚੱਕਵੇਂ ਗੀਤ ਗਾਉਣ ਤੋਂ ਪ੍ਰਹੇਜ਼ ਕੀਤਾ ਜਾਵੇ। ਗੀਤ ਦੀ ਲੋੜ ਸਭ ਨੂੰ ਹੈ। ਅਧਖੜਾਂ ਨੂੰ, ਬਜ਼ੁਰਗਾਂ ਨੂੰ ਵੀ। ਕਈ ਕੰਮ ਸਿਰਫ਼ ਲੋਕਾਂ ਨੂੰ ਦਿਖਾਉਣ ਲਈ ਨਹੀਂ ਕੀਤੇ ਜਾਂਦੇ, ਖ਼ੁਦ ਨੂੰ ਜਵਾਬਦੇਹ ਹੋਣ ਲਈ ਵੀ ਹੁੰਦੇ ਹਨ। ਹਰ ਬੰਦੇ ਨੂੰ ਆਪਣੇ ਬਾਰੇ ਪਤਾ ਹੁੰਦਾ ਕਿ ਉਹ ਕਿੱਥੇ ਕੁ ਖੜ੍ਹਾ, ਕਿੰਨਾ ਕੁ ਚੰਗਾ ਜਾਂ ਮੰਦਾ ਹੈ। ਉਲਾਂਭਿਆਂ ਨਾਲ ਕਿਸੇ ਨੂੰ ਕੁੱਝ ਦੇਰ ਲਈ ਚੁੱਪ ਕਰਾਇਆ ਜਾ ਸਕਦਾ, ਪਰ ਆਪਣੇ ਅੰਦਰਲੇ ਸ਼ੋਰ ਨੂੰ ਨਹੀਂ।
ਜੇ ਅਸੀਂ ਚਾਹੁੰਦੇ ਹਾਂ ਸਾਡੀ ਅਸਲ ਅਰਥਾਂ ਵਿੱਚ ਇੱਜ਼ਤ ਹੋਵੇ ਤਾਂ ਇੱਜ਼ਤ ਵਾਲਾ ਲਿਖੀਏ, ਗਾਈਏ। ਜੇ ਹਰਲ ਹਰਲ ਕਰਨ ਵਾਲਿਆਂ ਨੂੰ ਇੱਜ਼ਤ ਦੇਣ ਵਾਲੇ ਸਮਝੀ ਬੈਠੇ ਹਾਂ, ਤਾਂ ਇਹ ਸਾਡਾ ਭਰਮ ਹੈ। ਖ਼ੁਦ ਦੀ ਪੜਚੋਲ ਕਰੀਏ। ਕਿੰਨੇ ਆਏ, ਕਿੰਨੇ ਗਏ, ਗਿਣਤੀ ਕਰਨੀ ਵੀ ਔਖੀ ਹੈ। ਅਸੀਂ ਆਪਣੀ ਗਿਣਤੀ ਕਿਹੜੇ ਪਾਸੇ ਕਰਾਉਣੀ ਹੈ, ਇਹ ਸਾਡੀ ਆਪਣੀ ਮਰਜ਼ੀ ਹੈ।
ਕੈਂਸਰ ਨਾਲ ਜੂਝਦੇ ਕਲਾਕਾਰ
ਪਿਛਲੇ ਕਈ ਦਿਨਾਂ ਤੋਂ ਸੋਨਾਲੀ ਬੇਂਦਰੇ ਨੂੰ ਹੋਏ ਕੈਂਸਰ ਦੀਆਂ ਖ਼ਬਰਾਂ ਆ ਰਹੀਆਂ ਹਨ। ਉਸ ਦਾ ਇਲਾਜ ਅਮਰੀਕਾ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ। ਰਿਪੋਰਟਾਂ ਮੁਤਾਬਿਕ ਉਹ ਦੇ ਕੈਂਸਰ ਦੀ ਆਖ਼ਰੀ ਸਟੇਜ ਹੈ, ਪਰ ਸੋਨਾਲੀ ਆਸਵੰਦ ਹੈ ਕਿ ਤੰਦਰੁਸਤ ਹੋ ਕੇ ਵਾਪਸ ਮੁੜੇਗੀ। ਕੈਂਸਰ ਰੋਗ ਨਾਲ ਦਵਾਈਆਂ ਨਾਲ ਘੱਟ ਤੇ ਜ਼ਿੰਦਾ-ਦਿਲੀ ਨਾਲ ਵੱਧ ਲੜਿਆ ਜਾ ਸਕਦਾ, ਇਹ ਗੱਲ ਇਕਬਾਲ ਸਿੰਘ ਰਾਮੂਵਾਲੀਆ ਅਕਸਰ ਆਖਦੇ ਹੁੰਦੇ ਸਨ। ਉਹ ਕੈਂਸਰ ਪੀੜਤ ਹੋਣ ਦੇ ਬਾਵਜੂਦ ਕਈ ਵਰ੍ਹੇ ਆਪਣੀ ਜ਼ਿੰਦਾ-ਦਿਲੀ ਨਾਲ ਹੀ ਜਿਊਣ ਵਿੱਚ ਸਫ਼ਲ ਹੋ ਗਏ।


ਸੋਨਾਲੀ ਤੋਂ ਪਹਿਲਾਂ ਮਨੀਸ਼ਾ ਕੋਇਰਾਲਾ ਨੂੰ ਕੈਂਸਰ ਦੀਆਂ ਖ਼ਬਰਾਂ ਆਈਆਂ ਸਨ, ਉਹ ਦਾ ਇਲਾਜ ਵੀ ਅਮਰੀਕਾ ਵਿੱਚ ਹੀ ਹੋਇਆ ਸੀ। ਫੇਰ ਇਰਫਾਨ ਖ਼ਾਨ ਨੂੰ ਕੈਂਸਰ ਦੀਆਂ ਖ਼ਬਰਾਂ ਆਈਆਂ, ਜੋ ਇਸ ਵੇਲ਼ੇ ਵਿਦੇਸ਼ ਵਿੱਚ ਇਲਾਜ ਕਰਾ ਰਿਹਾ। ਬਾਲੀਵੁੱਡ ਦੇ ਕਈ ਵੱਡੇ ਚਿਹਰਿਆਂ ਨੂੰ ਕੈਂਸਰ ਨੇ ਖਾ ਲਿਆ। ਰਾਜੇਸ਼ ਖੰਨਾ ਕੈਂਸਰ ਪੀੜਤ ਸਨ ਤੇ ਵਿਨੋਦ ਖੰਨਾ ਨੂੰ ਇਹ ਰੋਗ ਖਾ ਗਿਆ। ਨਰਗਿਸ ਨੂੰ ਵੀ ਇਸ ਰੋਗ ਨੇ ਲੈ ਲਿਆ ਤੇ ਕਈ ਹੋਰ ਵੀ ਇਸ ਸੂਚੀ ਵਿੱਚ ਸ਼ਾਮਲ ਹਨ।
ਗੱਲ ਕੀ, ਇਹ ਨਾਮੁਰਾਦ ਬਿਮਾਰੀ ਅਮੀਰ, ਗ਼ਰੀਬ ਕਿਸੇ ਨੂੰ ਨਹੀਂ ਬਖ਼ਸ਼ ਰਹੀ। ਭਾਰਤ ਵਿੱਚ ਤਾਂ ਚਲੋ ਵਿਗੜਦੀ ਜੀਵਨਸ਼ੈਲੀ, ਖਾਣ ਪੀਣ ਵਾਲੀਆਂ ਚੀਜ਼ਾਂ ਦੀ ਮਿਲਾਵਟ ਤੇ ਹੋਰ ਕਈ ਕਾਰਨ ਇਸ ਲਈ ਜ਼ਿੰਮੇਵਾਰ ਹਨ, ਪਰ ਵਿਦੇਸ਼ ਵੱਸਦੇ ਲੋਕਾਂ ਨੂੰ ਵੀ ਇਹ ਰੋਗ ਖਾ ਰਿਹਾ ਹੈ। ਡਾਕਟਰਾਂ ਮੁਤਾਬਿਕ ਜੇ ਵੇਲ਼ਾ ਰਹਿੰਦੇ ਇਸ ਬਾਰੇ ਪਤਾ ਲੱਗ ਜਾਵੇ ਤਾਂ ਜ਼ਿੰਦਗੀ ਬਚਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ, ਪਰ ਬਹੁਤੀ ਵਾਰ ਸਾਨੂੰ ਪਤਾ ਓਦੋਂ ਲੱਗਦਾ, ਜਦੋਂ ਤੀਜਾ ਜਾਂ ਚੌਥਾ ਆ ਜਾਂਦਾ।
ਬਚਾਅ ਵਿੱਚ ਬਚਾਅ ਹੈ। ਮਾਲਵਾ ਖੇਤਰ ਦੇ ਲੋਕਾਂ ਨੂੰ ਕਾਲੇ ਪੀਲੀਏ ਅਤੇ ਕੈਂਸਰ ਨਾਲ ਤੜਫਦੇ ਦੇਖ ਪੱਥਰ ਵੀ ਪਸੀਜ ਜਾਂਦੇ ਹਨ। ਬਚਣ ਦਾ ਕੋਈ ਰਾਹ ਨਹੀਂ ਲੱਭਦਾ। ਮਨੁੱਖ ਜਾਵੇ ਤਾਂ ਕਿੱਧਰ ਜਾਵੇ। ਅੰਨ੍ਹੇਵਾਹ ਤਰੱਕੀ ਦੀ ਦੌੜ ਨੇ ਸਾਡੀ ਜ਼ਿੰਦਗੀ ਨੂੰ ਕਿਵੇਂ ਸੰਨ੍ਹ ਲਾ ਛੱਡੀ ਹੈ। ਅੱਗਾ ਦੌੜ, ਪਿੱਛਾ ਚੌੜ ਵਾਲੀ ਗੱਲ ਪੈਰ ਪੈਰ ‘ਤੇ ਹੋ ਰਹੀ ਹੈ। ਜਦੋਂ ਤਰੱਕੀ ਘੱਟ ਸੀ, ਉਦੋਂ ਜ਼ਿੰਦਗੀ ਲੰਮੀ ਸੀ। ਅੱਜ ਤਰੱਕੀ ਹੈ, ਪਰ ਜ਼ਿੰਦਗੀ ਨਹੀਂ। ਔਸਤਨ ਉਮਰ ਦਾ ਸੱਠ ਤੋਂ ਸੱਤਰ ਵਰ੍ਹੇ ਰਹਿਣਾ ਦੱਸਦਾ ਕਿ ਸਾਡੇ ਲਈ ਜ਼ਿੰਦਗੀ ਦੇ ਦਰਵਾਜ਼ੇ ਬੰਦ ਰਹੇ ਹਨ। ਇਸ ਸਭ ਲਈ ਅਸੀਂ ਆਪ ਜ਼ਿੰਮੇਵਾਰ ਹਾਂ, ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹਨ। ਨਾ ਅਸੀਂ ਕਦੇ ਆਪਣੀ ਜ਼ਿੰਦਗੀ ਦੀ ਕੀਮਤ ਸਮਝੀ, ਨਾ ਸਾਡੀਆਂ ਸਰਕਾਰਾਂ ਨੇ।
ਬੱਸ ਇਹੀ ਕਹਿਣਾ ਬਣਦੈ, ‘ਜਾਨਲੇਵਾ ਰੋਗਾਂ ਨਾਲ ਮੁਕਾਬਲਾ ਕਰੋ। ਮੌਤ ਤੋਂ ਪਹਿਲਾਂ ਨਾ ਮਰੋ।’ ਰੋਗ ਨੂੰ ਮਾਰਨ ਇੱਛਾ ਸ਼ਕਤੀ ਪਾਲ਼ੋ। ਜੇ ਰੋਗ ਨੂੰ ਢਾਹ ਲਵੋਗੇ ਤਾਂ ਹੋਰ ਜੀਅ ਸਕੋਗੇ, ਪਰ ਜੇ ਰੋਗ ਮੂਹਰੇ ਗੋਡੇ ਟੇਕ ਦਿੱਤਾ ਤਾਂ ਪਹਿਲੇ ਦਿਨ ਹੀ ਮੌਤ ਹੋ ਜਾਵੇ।

– ਸਵਰਨ ਸਿੰਘ ਟਹਿਣਾ
ਮੋ. 0091-98141-78883