ਉੱਘੇ ਚਿੱਤਰਕਾਰ ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਨੂੰ ਫਰੈਜ਼ਨੋਂ ਤੇ ਫਰੀਮੌਂਟ ਵਿੱਚ ਭਰਵਾਂ ਹੁੰਗਾਰਾ

ਫਰਜਿਨੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ), 25 ਜੁਲਾਈ – ਪੰਜਾਬੀ ਕਲਚਰਲ ਸੈਂਟਰ ਯੂਐੱਸੇਏ ਫਰੈਜ਼ਨੋਂ ਵਿਖੇ ਸਿੱਖ ਇਤਿਹਾਸ ਅਤੇ ਪੰਜਾਬੀ ਸਭਿਆਚਾਰ ਦੇ ਚਿਤੇਰੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਅਤੇ ਆਰਟ ਕੈਂਪ ਬਹੁਤ ਹੀ ਸਫ਼ਲਤਾਪੂਰਬਕ ਸਮਾਪਤ ਹੋਏ। ਫਰੈਜ਼ਨੋਂ ਨੇੜ੍ਹਲੇ ਇਲਾਕੇ ਤੋਂ ਇਲਾਵਾ ਦੂਰ ਦੁਰਾਡੇ ਸ਼ਹਿਰਾਂ ਤੋਂ ਪੰਜਾਬੀ ਕਲਾ ਉਪਾਸ਼ਕਾਂ ਨੇ ਇੱਥੇ ਪੁੱਜ ਕੇ ਕਲਾਕਾਰਾਂ ਅਤੇ ਪ੍ਰਬੰਧਕਾਂ ਦੇ ਵਿਲੱਖਣ ਉੱਦਮ ਦੀ ਦਾਦ ਦਿੱਤੀ। ਇਸਦੇ ਨਾਲ ਹੀ ਆਰਟ ਕੈਂਪ ‘ਚ ਬੱਚਿਆਂ ਨੇ ਖ਼ੂਬਸੂਰਤ ਚਿੱਤਰ ਸਿਰਜੇ।
ਉੱਤਰੀ ਅਮਰੀਕਾ ਵਿੱਚ ਪਹਿਲੀ ਵਾਰ ਕਿਸੇ ਸਿੱਖ ਕਲਾਕਾਰ ਦੇ ਚਿੱਤਰਾਂ ਦੀ ਇੰਨੀ ਵੱਡੀ ਪੱਧਰ ਉੱਤੇ ਲਾਈ ਗਈ ਨੁਮਾਇਸ਼ ਨੂੰ ਵੇਖਣ ਲਈ ਹਰ ਰੋਜ਼ ਸਵੇਰੇ ਤੋਂ ਸ਼ਾਮ ਤੱਕ ਲੋਕ ਵੱਡੀ ਪੱਧਰ ਉੱਤੇ ਪੁੱਜੇ ਜਿਨ੍ਹਾਂ ਵਿੱਚ ਬਜ਼ੁਰਗ ਔਰਤਾਂ, ਹਰ ਉਮਰ ਦੇ ਪੰਜਾਬੀ, ਬੀਬੀਆਂ, ਨੌਜਵਾਨ, ਬੱਚੇ ਅਤੇ ਹੋਰਨਾਂ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ। 
ਪੰਜਾਬੀ ਕਲਚਰਲ ਸੈਂਟਰ ਯੂਐੱਸੇਏ ਫਰੈਜ਼ਨੋਂ ਵਿਖੇ ਲਾਈ ਇਸ ਪੰਜ ਰੋਜ਼ਾ ਨੁਮਾਇਸ਼ ਦਾ 13 ਜੁਲਾਈ ਨੂੰ ਉੱਘੇ ਪੱਤਰਕਾਰ ਬਲਤੇਜ ਪੰਨੂ ਵੱਲੋਂ ਉਟਘਾਟਨ ਕਰਨ ਮੌਕੇ ਪੰਜਾਬੀ ਕਲਚਰਲ ਸੈਂਟਰ ਯੂਐੱਸੇਏ ਫਰੈਜ਼ਨੋਂ ਦਾ ਮੁੱਖ ਹਾਲ ਖਚਾਖਚ ਭਰਿਆ ਹੋਇਆ ਸੀ। ਪੰਜਾਬੀ ਕਲਚਰਲ ਸੈਂਟਰ ਦੇ ਕੋਆਰਡੀਨੇਟਰ ਦਲਜੀਤ ਸਿੰਘ ਸਰਾਂ ਨੇ ਜਰਨੈਲ ਸਿੰਘ ਆਰਟਿਸਟ ਦੀ ਸਿੱਖ ਤੇ ਪੰਜਾਬੀ ਚਿੱਤਰਕਲਾ ਖੇਤਰ ਨੂੰ ਬਹੁਮੁੱਲੀ ਦੇਣ ਦਾ ਜ਼ਿਕਰ ਕਰਦਿਆਂ ਪਰਿਵਾਰ ਸਮੇਤ ਫਰੈਜ਼ਨੋਂ ਪੁਜਣ ਉੱਤੇ ਸਵਾਗਤ ਕੀਤਾ।
ਫਰੈਜ਼ਨੋਂ ਇਲਾਕੇ ਵਿੱਚ ਪਹਿਲੀ ਵਾਰ ਲਾਈ ਅਪਣੀ ਕਿਸਮ ਦੀ ਇਸ ੫ ਰੋਜ਼ਾ ਨੁਮਾਇਸ਼ ਵਿੱਚ ਜਰਨੈਲ ਸਿੰਘ ਦੇ ਸ਼ਾਹਕਾਰ ਚਿੱਤਰ ਸ਼ਾਮਲ ਸਨ। ਬਹੁਤ ਸਾਰੀਆਂ ਪੇਟਿੰਗਜ਼ ਅਤੇ ਉਨ੍ਹਾਂ ਦੇ ਰੀਪ੍ਰਿੰਟ ਖ਼ਰੀਦਣ ਲਈ ਕਲਾ ਉਪਾਸ਼ਕਾਂ ਨੇ ਕਾਫ਼ੀ ਉਤਸ਼ਾਹ ਵਿਖਾਇਆ।
ਇਸ ਦੌਰਾਨ ਲਾਏ ੪ ਰੋਜ਼ਾ ਪੰਜਾਬੀ ਆਰਟ ਕੈਂਪ ਵਿੱਚ ਜਰਨੈਲ ਆਰਟਸ ਸਰੀ, ਕਨੇਡਾ ਦੀਆਂ ਕਲਾ ਅਧਿਆਪਕ ਬਲਜੀਤ ਕੌਰ ਅਤੇ ਨੀਤੀ ਸਿੰਘ ਬੱਚਿਆਂ ਨੂੰ ਚਿੱਤਰਕਾਰੀ ਦੇ ਵੱਖ ਵੱਖ ਪਹਿਲੂਆਂ ਬਾਰੇ ਸਿਖਿਆ ਦਿੱਤੀ। 13 ਜੁਲਾਈ ਐਤਵਾਰ ਤੋਂ ਸ਼ੁਰੂ ਹੋਏ ਇਸ ਆਰਟ ਕੈਂਪ ‘ਚ ਫਰੈਜ਼ਨੋਂ ਤੇ ਕਲੋਵਿਸ ਤੋਂ ਇਲਾਵਾ ਮਡੈਸਟੋ, ਮਡੇਰਾ, ਟੁਲਾਰੇ ਇੱਥੋਂ ਤੱਕ ਕਿ ਸਟਾਕਟਨ ਤੋਂ ਆਏ 20 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਸਾਰੇ ਦਿਨ ਬੱਚਿਆਂ ਦੇ ਮਾਪੇ ਵੀ ਪੰਜਾਬੀ ਕਲਚਰਲ ਸੈਂਟਰ ਦੀ ਰੌਣਕ ਬਣਦੇ ਰਹੇ।
ਬੁੱਧਵਾਰ 17 ਜੁਲਾਈ ਨੂੰ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਸਾਰੇ ਬੱਚਿਆਂ ਨੂੰ ਸਰਟੀਫ਼ਿਕੇਟ ਅਤੇ ਯਾਦਗਾਰੀ ਚਿੰਨ੍ਹ ਵਜੋਂ ਖੂਬਸੂਰਤ ਕੱਪ ਵੀ ਦਿੱਤੇ ਗਏ ਜਿਨ੍ਹਾਂ ਉੱਤੇ ਹਰ ਬੱਚੇ ਦੀ ਤਸਵੀਰ ਉੱਕਰੀ ਹੋਈ ਸੀ। ਸਰਟੀਫ਼ਿਕੇਟ ਤੇ ਕੱਪ ਵੰਡਣ ਦੀ ਜੁੰਮੇਵਾਰੀ ਜਰਨੈਲ ਸਿੰਘ ਆਰਟਿਸਟ, ਬਲਵਿੰਦਰ ਕੌਰ ਖਾਲਸਾ ਅਤੇ ਦਲਜੀਤ ਸਿੰਘ ਸਰਾਂ ਵੱਲੋਂ ਸਾਂਝੇ ਤੌਰ ਉੱਤੇ ਨਿਭਾਈ ਗਈ। ਆਰਟ ਕੈਂਪ ਲਈ ਵਾਲੰਟੀਅਰਾਂ ਵਜੋਂ ਦਿਨ ਰਾਤ ਅਣਥੱਕ ਕੰਮ ਕਰਨ ਬਦਲੇ ਜਸਕਰਨ ਕੌਰ, ਅਮਨਜੋਤ ਕੌਰ ਅਤੇ ਦਿਲਪ੍ਰੀਤ ਸਿੰਘ ਖਾਲਸਾ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ।