‘ਏਕਤਾ ਐਨਜ਼ੈੱਡ’ ਦੇ ਅਭਿਸ਼ੇਕ ਸ਼ਰਮਾ ਨੂੰ ਪੋਰੀਰੂਆ ਸ਼ਹਿਰ ਦਾ ਸਰਵਉੱਚ ਸਨਮਾਨ ਸਿਵਿਕ ਐਵਾਰਡ ਪ੍ਰਾਪਤ ਕੀਤਾ

ਪੋਰੀਰੂਆ, 24 ਜੂਨ – ਇੱਥੇ 21 ਜੂਨ ਦਿਨ ਸੋਮਵਾਰ ਦੀ ਸ਼ਾਮ ਨੂੰ ਮੇਅਰ ਪਰੀਰੂਆ ਸਿਟੀ ਨੇ ਏਕਤਾ ਐਨਜ਼ੈੱਡ ਦੇ ਅਭਿਸ਼ੇਕ ਸ਼ਰਮਾ ਨੂੰ ਸ਼ਹਿਰ ਦੇ ਨਾਗਰਿਕ ਸਨਮਾਨ ਨਾਲ ਨਿਵਾਜਿਆ। ਇਹ ਐਵਾਰਡ ਅਭਿਸ਼ੇਕ ਸ਼ਰਮਾ ਵੱਲੋਂ ਸਮਾਜ ਸੇਵਾਵਾਂ ਦੇ ਖੇਤਰ ਵਿੱਚ ਸ਼ਹਿਰ ਲਈ ਪਾਏ ਯੋਗ ਸਵੈਇੱਛਕ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਇਹ ਪਹਿਲਾ ਮੌਕਾ ਹੈ ਕਿ ਜਦੋਂ ਪਰੀਰੂਆ ਦੇ ਕਿਸੇ ਭਾਰਤੀ ਭਾਈਚਾਰੇ ਦੇ ਆਗੂ ਨੂੰ ਅਜਿਹਾ ਐਵਾਰਡ ਦਿੱਤਾ ਗਿਆ ਹੈ, ਕਿਉਂਕਿ ਇਹ ਐਵਾਰਡ ਪਹਿਲੀ ਵਾਰ ਦਿੱਤਾ ਗਿਆ ਹੈ।
ਅਭਿਸ਼ੇਕ ਅਤੇ ਏਕਤਾ ਟੀਮ ਸ਼ਹਿਰ ਅਤੇ ਆਸ ਪਾਸ ਦੇ ਕਈ ਭਲਾਈ ਦੇ ਕੰਮਾਂ ਵਿੱਚ ਸ਼ਾਮਲ ਰਹੀ ਹੈ। ਜੁਲਾਈ 2020 ਤੋਂ ਅਭਿਸ਼ੇਕ ਅਤੇ ਉਸ ਦੀ ਟੀਮ ਹਰ ਸ਼ਨੀਵਾਰ ਨੂੰ 60-70 ਭੋਜਨ ਦੇ ਪੈਕਟ ਅਤੇ ਬ੍ਰੈੱਡ / ਪੇਸਟਰੀ ਦੇ ਰਹੀ ਹੈ। ਪਿਛਲੇ ਸਾਲ ਦਸੰਬਰ 20 ਤੋਂ ਹਰ ਸ਼ੁੱਕਰਵਾਰ ਨੂੰ ਏਕਤਾ ਐਨਜ਼ੈੱਡ ਨੇੜਲੇ ਕਮਿਊਨਿਟੀ ਸੈਂਟਰ ਨੂੰ ਤਕਰੀਬਨ 30-40 ਕਿੱਲੋ ਬ੍ਰੈੱਡ ਦੀ ਸਪਲਾਈ ਕਰਦੀ ਆ ਰਹੀ ਹੈ। ਏਕਤਾ ਨੇ ਪੋਰੀਰੂਆ ਵਿੱਚ ਨੌਰਟਸ ਕਿਡਜ਼ ਰਗਬੀ ਕਲੱਬ ਦਾ ਸਮਰਥਨ ਵੀ ਕੀਤਾ ਹੈ। ਪਿਛਲੇ ਸਾਲ ਅਭਿਸ਼ੇਕ ਅਤੇ ਟੀਮ ਨੇ ਪਹਿਲਾ ਦੀਵਾਲੀ ਸ਼ੋਅ ਇੱਕ ਸਥਾਨਕ ਮਾਲ ਵਿਖੇ ਕੀਤਾ, ਜਿੱਥੇ ਕਿਸੇ ਵੀਕੈਂਡ ਦੇ ਅੰਤ ਵਿੱਚ 25,000 ਤੋਂ ਵੱਧ ਲੋਕਾਂ ਦੀ ਭੀੜ ਹੁੰਦੀ ਹੈ। ਮਾਲ ਵਿਖੇ ਦੀਵਾਲੀ ਦਾ ਇਹ ਪਹਿਲਾ ਤਿਉਹਾਰ ਸੀ। ਜੁਲਾਈ ਦੇ ਸ਼ੁਰੂ ਵਿੱਚ ਅਭਿਸ਼ੇਕ ਅਤੇ ਉਸ ਦੇ ਏਕਤਾ ਵਲੰਟੀਅਰ ਨਿਯਮਤ ਭੋਜਨ ਅਤੇ ਬ੍ਰੈੱਡ ਤੋਂ ਇਲਾਵਾ ਸ਼ਹਿਰ ਦੇ ਕਮਜ਼ੋਰ ਲੋਕਾਂ ਨੂੰ 70 ਤੋਂ ਵੱਧ ਕੰਬਲ ਅਤੇ ਜੁਰਾਬਾਂ ਦੇਣਗੇ।
ਉਨ੍ਹਾਂ ਕਿਹਾ ਕਿ ਸ਼ਹਿਰ ਦੀ ਅਗਵਾਈ ਦੁਆਰਾ ਉਨ੍ਹਾਂ ਵਿੱਚੋਂ ਇੱਕ ਨੂੰ ਸਨਮਾਨਿਤ ਹੁੰਦੇ ਵੇਖਣਾ ਏਕਤਾ ਅਤੇ ਉਸ ਦੇ ਵਲੰਟੀਅਰਸ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਏਕਤਾ ਸ਼ਾਇਦ ਇਕਲੌਤਾ ਦੱਖਣੀ ਏਸ਼ੀਆਈ ਚੈਰੀਟੀ ਸੰਸਥਾ ਹੈ ਜਿਸ ਦਾ ਪੋਰੀਰੂਆ ਵਿੱਚ ਇੰਨਾ ਵੱਡਾ ਦਾਇਰਾ ਹੈ।