ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਭਾਰਤ ਨੇ ਕਾਂਸੇ ਦਾ ਤਗਮਾ ਜਿੱਤਿਆ, ਪਾਕਿਸਤਾਨ ਨੂੰ 4-3 ਨਾਲ ਹਰਾਇਆ

ਢਾਕਾ, 22 ਦਸੰਬਰ – ਇੱਥੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਤੀਜੇ ਤੇ ਚੌਥੇ ਸਥਾਨ ਦੇ ਹੋਏ ਮੁਕਾਬਲੇ ਵਿੱਚ ਉਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਗਮਾ ਜੇਤੂ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਕਾਂਸੇ ਦਾ ਤਗਮਾ ਆਪਣੇ ਨਾਂਅ ਕੀਤਾ।
ਮੈਚ ਦੇ ਪਹਿਲੇ ਕੁਆਟਰ ‘ਚ ਦੋਵੇਂ ਟੀਮਾਂ ਨੇ ਸ਼ਾਨਦਾਰ ਖੇਡ ਵਿਖਾਈ ਅਤੇ ਤੀਸਰੇ ਹੀ ਮਿੰਟ ਵਿੱਚ ਭਾਰਤ ਦੇ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਦੀ ਮਦਦ ਨਾਲ ਟੀਮ ਲਈ ਪਹਿਲਾ ਗੋਲ ਦਾਗਿਆ ਅਤੇ ਭਾਰਤ ਨੂੰ 1-0 ਦਾ ਵਾਧਾ ਦਿਵਾ ਦਿੱਤਾ। ਇਸ ਦੇ ਬਾਅਦ ਪਾਕਿਸਤਾਨ ਨੇ ਵੀ ਜ਼ੋਰਦਾਰ ਵਾਪਸੀ ਕੀਤੀ ਅਤੇ ਇੱਕ ਗੋਲ ਦਾਗ਼ ਦਿੱਤਾ ਅਤੇ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਆ ਗਈਆਂ। ਪਾਕਿਸਤਾਨ ਲਈ ਇਹ ਗੋਲ ਅਫਰਾਜ ਨੇ ਕੀਤਾ।
ਦੂਜੇ ਕੁਆਟਰ ‘ਚ ਦੋਵੇਂ ਟੀਮਾਂ ਦੇ ਵਿੱਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ, ਪਰ ਕਿਸੇ ਵੀ ਟੀਮ ਨੇ ਗੋਲ ਨਹੀਂ ਕੀਤਾ। ਮੈਚ ਦੇ ਤੀਸਰੇ ਹਾਫ਼ ਵਿੱਚ ਪਾਕਿਸਤਾਨ ਵੱਲੋਂ ਦੂਜਾ ਗੋਲ ਅਬਦੁਲ ਰਾਣਾ ਨੇ ਕਰ ਟੀਮ ਨੂੰ 2-1 ਦਾ ਵਾਧਾ ਦਵਾ ਦਿੱਤਾ। ਤੀਜਾ ਕੁਆਟਰ ਖ਼ਤਮ ਹੋਣ ਤੋਂ ਠੀਕ ਪਹਿਲਾਂ ਭਾਰਤ ਨੇ ਵੀ ਮੈਚ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਸ਼ਾਨਦਾਰ ਖੇਡ ਵਿਖਾਈ ਅਤੇ ਸੁਮਿਤ ਨੇ ਕੁਆਟਰ ਖ਼ਤਮ ਹੋਣ ਤੋਂ ਪਹਿਲਾਂ ਭਾਰਤ ਲਈ ਗੋਲ ਕਰਕੇ ਮੁਕਾਬਲਾ 2-2 ਦੀ ਬਰਾਬਰੀ ‘ਤੇ ਲਿਆਂਦਾ।
ਆਖ਼ਰੀ ਕੁਆਟਰ ‘ਚ ਪਾਕਿਸਤਾਨ ਭਾਰਤ ਦੇ ਅੱਗੇ ਬੇਬਸ ਵਿਖਾਈ ਦਿੱਤਾ, ਕਿਉਂਕਿ ਕੁੱਝ ਦੇਰ ਬਾਅਦ ਹੀ ਵਰੁਣ ਕੁਮਾਰ ਨੇ ਪੈਨਲਟੀ ਕਾਰਨਰ ਦਾ ਫ਼ਾਇਦਾ ਚੁੱਕਦੇ ਹੋਏ ਭਾਰਤ ਲਈ ਤੀਜਾ ਗੋਲ ਕਰ ਮੈਚ ਵਿੱਚ ਭਾਰਤੀ ਟੀਮ ਨੂੰ 3-2 ਤੋਂ ਅੱਗੇ ਕਰ ਦਿੱਤਾ। ਇਸ ਦੇ ਬਾਅਦ ਆਕਾਸ਼ਦੀਪ ਸਿੰਘ ਨੇ ਚੌਥਾ ਗੋਲ ਦਾਗ਼ ਕੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਪਾਕਿਸਤਾਨ ਵੱਲੋਂ ਇੱਕ ਗੋਲ ਹੋਰ ਕੀਤਾ ਗਿਆ ਪਰ ਭਾਰਤ 4-3 ਦੇ ਸਕੋਰ ਨਾਲ ਕਾਂਸੇ ਦਾ ਤਗਮਾ ਜਿੱਤਣ ‘ਚ ਕਾਮਯਾਬ ਰਿਹਾ। ਜ਼ਿਕਰਯੋਗ ਹੈ ਕਿ ਮਸਕਟ ਵਿੱਚ ਪਿਛਲੀ ਵਾਰ ਹੋਏ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਸਾਂਝੇ ਜੇਤੂ ਰਹੇ ਸਨ।