ਏਸ਼ੀਆ ਕੱਪ 2022: ਭਾਰਤ ਸੁਪਰ 4 ਗੇੜ ਵਿੱਚ ਸ੍ਰੀਲੰਕਾ ਤੋਂ 6 ਵਿਕਟਾਂ ਨਾਲ ਦੂਜਾ ਮੈਚ ਵੀ ਹਾਰਿਆ

ਦੁਬਈ, 6 ਸਤੰਬਰ – ਭਾਰਤ ਅੱਜ ਇਥੇ ਸੁਪਰ 4 ਗੇੜ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਸ੍ਰੀਲੰਕਾ ਕੋਲੋਂ 6 ਵਿਕਟਾਂ ਨਾਲ ਹਾਰ ਗਿਆ। ਇਸ ਗੇੜ ਵਿਚ ਭਾਰਤ ਦੀ ਇਹ ਲਗਾਤਾਰ ਦੂਜੀ ਹਾਰ ਜਦੋਂ ਕਿ ਸ੍ਰੀਲੰਕਾ ਦੀ ਉਪਰੋਥੱਲੀ ਦੂਜੀ ਜਿੱਤ ਹੈ। ਇਸ ਹਾਰ ਨਾਲ ਭਾਰਤ ਦੇ ਸਿਰ ’ਤੇ ਟੂਰਨਾਮੈਂਟ ’ਚੋਂ ਬਾਹਰ ਹੋਣ ਦੀ ਤਲਵਾਰ ਲਟਕ ਗਈ ਹੈ। ਰਵਾਇਤੀ ਵਿਰੋਧੀ ਪਾਕਿਸਤਾਨ ਨੇ ਐਤਵਾਰ ਨੂੰ ਖੇਡੇ ਫਸਵੇਂ ਮੁਕਾਬਲੇ ਵਿੱਚ ਭਾਰਤ ਨੂੰ 5 ਵਿਕਟਾਂ ਨਾਲ ਸ਼ਿਕਸਤ ਦਿੱਤੀ ਸੀ।
ਭਾਰਤ ਨੇ ਅੱਜ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ਨਾਲ 173 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਨੇ 19.5 ਓਵਰਾਂ ਵਿੱਚ ਇਸ ਟੀਚੇ ਨੂੰ ਸਰ ਕਰ ਲਿਆ। ਸ੍ਰੀਲੰਕਾ ਲਈ ਸਲਾਮੀ ਬੱਲੇਬਾਜ਼ਾਂ ਪਾਥੁਮ ਨਿਸਾਂਕਾ ਨੇ 52 ਤੇ ਕੁਸ਼ਲ ਮੈਂਡਿਸ ਨੇ 57 ਦੌੜਾਂ ਨਾਲ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਭਾਨੁਕਾ ਰਾਜਪਕਸੇ ਤੇ ਦਾਸੁਨ ਸ਼ਨਾਕਾ ਕ੍ਰਮਵਾਰ 25 ਤੇ 33 ਦੌੜਾਂ ਨਾਲ ਨਾਬਾਦ ਰਹੇ। ਭਾਰਤ ਲਈ ਯੁਜ਼ਵੇਂਦਰ ਚਹਿਲ ਨੇ 3 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 72 ਦੌੜਾਂ ਬਣਾਈਆਂ। ਹੋਰਨਾਂ ਬੱਲੇਬਾਜ਼ਾਂ ਵਿੱਚ ਸੂਰਿਆਕੁਮਾਰ ਯਾਦਵ ਨੇ 34 ਜਦੋਂ ਕਿ ਰਿਸ਼ਭ ਪੰਤ ਤੇ ਹਾਰਦਿਕ ਪੰਡਿਆ ਨੇ 17-17 ਦੌੜਾਂ ਦਾ ਯੋਗਦਾਨ ਪਾਇਆ। ਰਵੀਚੰਦਰਨ ਅਸ਼ਵਿਨ 15 ਦੌੜਾਂ ਨਾਲ ਨਾਬਾਦ ਰਿਹਾ। ਪਾਕਿਸਤਾਨ ਖਿਲਾਫ਼ ਪਿਛਲੇ ਮੈਚ ਵਿੱਚ ਨੀਮ ਸੈਂਕੜਾ ਜੜਨ ਵਾਲਾ ਵਿਰਾਟ ਕੋਹਲੀ ਅੱਜ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਿਹਾ। ਸ੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ 3 ਜਦੋਂ ਕਿ ਚਾਮਿਕਾ ਕਰੁਣਾਰਤਨੇ ਤੇ ਦਾਸੁਨ ਸ਼ਨਾਕਾ ਨੇ 2-2 ਵਿਕਟਾਂ ਲਈਆਂ।