ਏਸ਼ੀਆ ਕੱਪ 2022: ਸੁਪਰ 4 ਦੇ ਮੁਕਾਬਲੇ ‘ਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ

ਦੁਬਈ, 4 ਸਤੰਬਰ – ਪਾਕਿਸਤਾਨ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਦੇ ਮੁਕਾਬਲੇ ਵਿੱਚ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਉਸ ਨੇ ਭਾਰਤ ਵੱਲੋਂ ਦਿੱਤੇ 182 ਦੌੜਾਂ ਦੇ ਟੀਚੇ ਨੂੰ 19.5 ਓਵਰਾਂ ਵਿੱਚ ਹਾਸਲ ਕਰ ਲਿਆ। ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖ਼ਰੀ ਓਵਰ ਵਿੱਚ ਸਟੀਕ ਗੇਂਦਬਾਜ਼ੀ ਕੀਤੀ ਅਤੇ ਇੱਕ ਵਿਕਟ ਵੀ ਲਈ। ਪਾਕਿਸਤਾਨ ਦੀ ਜਿੱਤ ਵਿੱਚ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦਾ ਅਹਿਮ ਯੋਗਦਾਨ ਰਿਹਾ, ਜਿਸ ਨੇ ਤੇਜ਼ ਤਰਾਰ ਬੱਲੇਬਾਜ਼ੀ ਕਰਦਿਆਂ 51 ਗੇਂਦਾਂ ਵਿੱਚ 71 ਦੌੜਾਂ ਬਣਾਈਆਂ। ਮੁਹੰਮਦ ਨਵਾਜ਼ ਨੇ 20 ਗੇਂਦਾਂ ਵਿੱਚ 42 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਗੇਂਦਬਾਜ਼ ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ, ਹਾਰਦਿਕ ਪਾਂਡਿਆ, ਯੁਜ਼ਵੇਂਦਰ ਚਾਹਲ ਤੇ ਅਰਸ਼ਦੀਪ ਸਿੰਘ ਨੇ ਇੱਕ ਇੱਕ ਵਿਕਟ ਲਈ।
ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਭਾਰਤ ਨੇ ਵਿਰਾਟ ਕੋਹਲੀ ਦੇ ਨੀਮ ਸੈਂਕੜੇ (44 ਗੇਂਦਾਂ ਵਿੱਚ 60 ਦੌੜਾਂ) ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 181 ਦੌੜਾਂ ਬਣਾਈਆਂ।
6 ਸਤੰਬਰ ਨੂੰ ਸੁਪਰ 4 ‘ਚ ਭਾਰਤ ਦਾ ਅਗਲਾ ਮੁਕਾਬਲਾ ਸ੍ਰੀਲੰਕਾ ਨਾਲ ਹੋਵੇਗਾ।