ਏਸ਼ੀਆ ਕੱਪ 2023: ਭਾਰਤ ਤੇ ਸ੍ਰੀਲੰਕਾ ਵਿਚਾਲੇ 17 ਸਤੰਬਰ ਨੂੰ ਫਾਈਨਲ ਮੁਕਾਬਲਾ, ਸ੍ਰੀਲੰਕਾ ਨੇ ਪਾਕਿਸਤਾਨ ਨੂੰ ਆਖ਼ਰੀ ਗੇਂਦ ‘ਤੇ ਹਰਾਇਆ

ਕੋਲੰਬੋ, 14 ਸਤੰਬਰ – ਦੁਨੀਆ ਦੀ ਨੰਬਰ-1 ਰੈਂਕਿੰਗ ਵਾਲੀ ਵਨਡੇ ਟੀਮ ਪਾਕਿਸਤਾਨ ਏਸ਼ੀਆ ਕੱਪ ਦੇ ਇਤਿਹਾਸ ਦਾ ਸਭ ਤੋਂ ਰੋਮਾਂਚਕ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਇਸ ਸੁਪਰ 4 ਦੇ ਆਖ਼ਰੀ ਮੈਚ ‘ਚ ਮਿਲੀ ਜਿੱਤ ਦੇ ਨਾਲ ਹੀ ਮੌਜੂਦਾ ਚੈਂਪੀਅਨ ਸ੍ਰੀਲੰਕਾ ਨੇ ਵੀ ਫਾਈਨਲ ਲਈ ਕੁਆਲੀਫ਼ਾਈ ਕਰ ਲਿਆ ਹੈ, ਜਿੱਥੇ ਉਸ ਦਾ ਸਾਹਮਣਾ 17 ਸਤੰਬਰ ਨੂੰ ਰਿਕਾਰਡ ਸੱਤ ਵਾਰ ਦੀ ਚੈਂਪੀਅਨ ਭਾਰਤੀ ਟੀਮ ਨਾਲ ਹੋਵੇਗਾ, ਜੋ ਕੋਲੰਬੋ ਦੇ ਇਸ ਆਰ. ਪ੍ਰੇਮਦਾਸਾ ਸਟੇਡੀਅਮ ‘ਚ ਖੇਡਿਆ ਜਾਵੇਗਾ।
ਸਾਹ ਰੋਕਣ ਵਾਲੇ ਰੋਮਾਂਚਕ ਮੈਚ ‘ਚ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਆਖ਼ਰੀ ਗੇਂਦ ‘ਤੇ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ। ਇਹ ਸ੍ਰੀਲੰਕਾ ਦੀ ਅੱਠ ਸਾਲ ਬਾਅਦ ਏਸ਼ੀਆ ਕੱਪ ਵਿੱਚ ਪਾਕਿਸਤਾਨ ਉੱਤੇ ਜਿੱਤ ਹੈ। ਮੀਂਹ ਕਾਰਣ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ ਮੈਚ 50 ਦੀ ਬਜਾਏ 42-42 ਓਵਰਾਂ ਦਾ ਖੇਡਿਆ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ ਖਿਡਾਰੀਆਂ ਨਾਲ ਜੂਝਦੇ ਹੋਏ 42 ਓਵਰਾਂ ‘ਚ 252/7 ਦਾ ਸਕੋਰ ਬਣਾਇਆ।
ਸ੍ਰੀਲੰਕਾ ਨੂੰ ਆਖ਼ਰੀ ਓਵਰ ‘ਚ ਅੱਠ ਦੌੜਾਂ ਬਣਾਉਣੀਆਂ ਸਨ ਅਤੇ ਆਖ਼ਰੀ ਗੇਂਦ ‘ਤੇ ਦੋ ਦੌੜਾਂ ਅਤੇ ਉਸ ਦੀਆਂ ਸੱਤ ਵਿਕਟਾਂ ਵੀ ਡਿਗ ਚੁੱਕੀਆਂ ਸਨ, ਪਰ ਚਰਿਥ ਅਸਾਲੰਕਾ (ਅਜੇਤੂ 49) ਨੇ ਆਪਣੇ ‘ਤੇ ਦਬਾਅ ਨਹੀਂ ਬਣਨ ਦਿੱਤਾ ਅਤੇ ਦੋ ਦੌੜਾਂ ਬਣਾ ਕੇ ਆਪਣੀ ਟੀਮ ਨੂੰ 11ਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰਵਾ ਦਿੱਤਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ‘ਤੇ 252 ਦੌੜਾਂ ਬਣਾਈਆਂ। ਬਾਅਦ ‘ਚ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਨੇ 8 ਵਿਕਟਾਂ ‘ਤੇ 252 ਦੌੜਾਂ ਹੀ ਬਣਾਈਆਂ। ਇਸ ਤੋਂ ਬਾਅਦ ਵੀ ਸ੍ਰੀਲੰਕਾਈ ਟੀਮ ਨੇ ਮੈਚ ਜਿੱਤ ਲਿਆ। ਸਕੋਰ ਕਾਰਡ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿ ਸ੍ਰੀਲੰਕਾਈ ਟੀਮ ਨੇ ਬਰਾਬਰ ਓਵਰਾਂ ‘ਚ ਬਰਾਬਰ ਦੌੜਾਂ ਬਣਾਉਣ ਦੇ ਬਾਵਜੂਦ ਮੈਚ ਕਿਵੇਂ ਜਿੱਤ ਲਿਆ। ਇਸ ਲਈ ਅਸੀਂ ਤੁਹਾਨੂੰ ਸਮਝਾਉਂਦੇ ਹਾਂ।
ਇਹ ਮੁਕਾਬਲਾ ਮੀਂਹ ਤੋਂ ਪ੍ਰਭਾਵਿਤ ਰਿਹਾ, ਜਿਸ ਕਰਕੇ ਮੈਚ ਦੇਰੀ ਨਾਲ ਸ਼ੁਰੂ ਹੋਣ ਕਾਰਨ ਇਸ ਨੂੰ 45-45 ਓਵਰਾਂ ਦਾ ਕਰ ਦਿੱਤਾ ਗਿਆ। ਪਾਕਿਸਤਾਨ ਦੀ ਪਾਰੀ ਦੇ 28ਵੇਂ ਓਵਰ ‘ਚ ਇੱਕ ਵਾਰ ਮੁੜ ਮੀਂਹ ਆ ਗਿਆ। ਇਸ ਕਾਰਨ ਕਰੀਬ 40 ਮਿੰਟ ਤੱਕ ਖੇਡ ਨੂੰ ਰੋਕਣਾ ਪਿਆ। ਇਸ ਮੀਂਹ ਕਾਰਣ ਮੈਚ ‘ਚ ਕੁੱਲ 6 ਹੋਰ ਓਵਰ ਕੱਟੇ ਗਏ। ਇਸ ਤੋਂ ਬਾਅਦ ਇਹ 42-42 ਓਵਰ ਰਹਿ ਗਏ। ਪਾਕਿਸਤਾਨ ਨੇ 42 ਓਵਰਾਂ ‘ਚ 7 ਵਿਕਟਾਂ ‘ਤੇ 252 ਦੌੜਾਂ ਬਣਾਈਆਂ। ਇੱਕ ਵਾਰ ਜਦੋਂ ਮੈਚ ਸ਼ੁਰੂ ਹੁੰਦਾ ਹੈ, ਜਦੋਂ ਮੀਂਹ ਆਉਂਦਾ ਹੈ ਅਤੇ ਓਵਰ ਕੱਟੇ ਜਾਂਦੇ ਹਨ, ਤਾਂ ਪਾਰੀ ਦੇ ਅੰਤ ਤੋਂ ਬਾਅਦ ਡਕਵਰਥ-ਲੁਈਸ ਨਿਯਮ ਦੇ ਤਹਿਤ ਟੀਚਾ ਨਿਰਧਾਰਿਤ ਕੀਤਾ ਜਾਂਦਾ ਹੈ। ਅਜਿਹੇ ‘ਚ ਸ੍ਰੀਲੰਕਾ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ 253 ਦੀ ਬਜਾਏ 252 ਦੌੜਾਂ ਦਾ ਟੀਚਾ ਮਿਲਿਆ। ਇਸ ਕਾਰਨ ਸ੍ਰੀਲੰਕਾ ਨੇ ਪਾਕਿਸਤਾਨ ਵਾਂਗ ਬਰਾਬਰ ਦੌੜਾਂ ਬਣਾ ਕੇ ਵੀ ਮੈਚ ਜਿੱਤ ਲਿਆ।