ਐਲਕ ਗਰੋਵ ‘ਚ ਵੈਟਰਨਸ ਡੇਅ ਪਰੇਡ ਮੌਕੇ ਸਿੱਖਾਂ ਦਾ ਫਲੋਟ ਰਿਹਾ ਸਲਾਹੁਣਯੋਗ

veterans-dayਸੈਕਰਾਮੈਂਟੋ, ਕੈਲੇਫੋਰਨੀਆ, 16 ਨਵੰਬਰ (ਹੁਸਨ ਲੜੋਆ ਬੰਗਾ) – ਫ਼ੌਜ ਵਿੱਚ ਸੇਵਾ ਨਿਭਾ ਚੁੱਕੇ ਜਵਾਨਾਂ ਦੇ ਸਨਮਾਨ ਵਿੱਚ ਅਮਰੀਕਾ ਭਰ ਵਿੱਚ ਵੈਟਰਨਸ ਡੇਅ ਮਨਾਇਆ ਜਾਂਦਾ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਇਸ ਸੰਬੰਧੀ ਪਰੇਡਾਂ ਕੱਢੀਆਂ ਜਾਂਦੀਆਂ ਹਨ ਅਤੇ ਸਮਾਗਮ ਕਰਾਏ ਜਾਂਦੇ ਹਨ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਸ਼ਹਿਰ ਐਲਕ ਗਰੋਵ ਦੇ ਵਿੱਚ ਵੀ ਇਸ ਵਾਰ 16ਵਾਂ ਸਾਲਾਨਾ ਵੈਟਰਨਸ ਡੇਅ ਦਾ ਆਯੋਜਨ ਸਿਟੀ ਵੱਲੋਂ ਕੀਤਾ ਗਿਆ। ਇਸ ਮੌਕੇ ਕੱਢੀ ਗਈ ਪਰੇਡ ਵਿੱਚ ਜਿੱਥੇ ਅਮਰੀਕੀ ਫ਼ੌਜੀ ਟੁਕੜੀਆਂ, ਬੈਂਡ ਅਤੇ ਹੋਰ ਕਈ ਤਰ੍ਹਾਂ ਦੀਆਂ ਝਾਕੀਆਂ ਕੱਢੀਆਂ ਗਈਆਂ। ਉੱਥੇ ਸਿੱਖ ਕੌਮ ਵੱਲੋਂ ਵੀ ਇਸ ਪਰੇਡ ਵਿੱਚ ਆਪਣਾ ਫਲੋਟ ਸ਼ਾਮਲ ਕੀਤਾ ਗਿਆ। ਜੋ ਕਿ ਕਾਫੀ ਪ੍ਰਭਾਵਸ਼ਾਲੀ ਰਿਹਾ। ਇਸ ਝਾਂਕੀ ਵਿੱਚ ਜਿੱਥੇ ਅਮਰੀਕੀ ਫ਼ੌਜ ਵਿੱਚ ਉੱਚ ਅਹੁਦਿਆਂ ‘ਤੇ ਰਹੇ ਸਿੱਖ ਅਧਿਕਾਰੀਆਂ ਦੀਆਂ ਫ਼ੋਟੋਆਂ ਲਗਾਈਆਂ ਗਈਆਂ ਸਨ ਉੱਥੇ ਇੱਕ ਸਿੱਖ ਨੌਜਵਾਨ ਕਾਰਪੋਰਲ ਗੁਰਪ੍ਰੀਤ ਸਿੰਘ ਜਿਹੜਾ ਕਿ ਅਮਰੀਕੀ ਫ਼ੌਜ ਵੱਲੋਂ ਅਫ਼ਗ਼ਾਨਿਸਤਾਨ ਵਿੱਚ ਸ਼ਹੀਦ ਹੋ ਗਿਆ ਸੀ, ਦੀਆਂ ਵੱਖ-ਵੱਖ ਤਸਵੀਰਾਂ ਵੀ ਝਾਕੀਆਂ ‘ਚ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਫਲੋਟ ਦੇ ਨਾਲ-ਨਾਲ ਭਾਰੀ ਗਿਣਤੀ ਵਿੱਚ ਸਿੱਖ ਭਾਈਚਾਰੇ ਨੇ ਆਪਣੀ ਹਾਜ਼ਰੀ ਲਗਾਈ। ਪਰੇਡ ਦੇਖਣ ਆਏ ਲੋਕਾਂ ਨੇ ਇਸ ਫਲੋਟ ਨੂੰ ਸਲਾਹਿਆ ਅਤੇ ਖੜੇ ਹੋ ਕੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਅਜਿਹੇ ਫਲੋਟ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਸਥਾਨਕ ਸਿੱਖਾਂ ਵੱਲੋਂ ਸਿੱਖ ਸੋਸਾਇਟੀ ਆਫ਼ ਕੈਲੇਫੋਰਨੀਆ ਦੇ ਬੈਨਰ ਹੇਠ ਪਿਛਲੇ 8 ਸਾਲਾਂ ਤੋਂ ਇਸ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਥਾਨਕ ਅਮਰੀਕੀ ਆਗੂ ਅਤੇ ਅਧਿਕਾਰੀਆਂ ਨੇ ਇਸ ਫਲੋਟ ਦੀ ਪ੍ਰਸ਼ੰਸਾ ਕੀਤੀ ਅਤੇ ਸਿੱਖ ਕੌਮ ਨੂੰ ਇਸ ਕਾਰਜ ਲਈ ਵਧਾਈ ਦਿੱਤੀ। ਇਲਾਕੇ ਦੇ ਕਾਂਗਰਸਮੈਨ ਐਮੀ ਬੈਰਾ, ਅਸੈਂਬਲੀ ਮੈਂਬਰ ਜਿੰਮ ਕੂਪਰ, ਮੇਅਰ ਸਟੀਵ ਲੀ, ਕੌਂਸਲ ਸਟੀਵ ਡੈਟਰੀਕ, ਕੌਂਸਲ ਮੈਂਬਰ ਡੈਰਨ ਸਿਊਨ ਤੋਂ ਅਲਾਵਾ ਹੋਰ ਵੀ ਬਹੁਤ ਸਾਰੇ ਅਧਿਕਾਰੀ ਇਸ ਮੌਕੇ ਅਮਰੀਕੀ ਭਾਈਚਾਰੇ ਨੂੰ ਵਧਾਈ ਦੇਣ ਪਹੁੰਚੇ।