ਐੱਨਸੀਈਆਰਟੀ ਦੀਆਂ ਕਿਤਾਬਾਂ ’ਚ ਉੱਚ ਪੱਧਰੀ ਕਮੇਟੀ ਵੱਲੋਂ ‘ਇੰਡੀਆ’ ਦੀ ਥਾਂ ’ਤੇ ‘ਭਾਰਤ’ ਲਿਖਣ ਦੀ ਸਿਫ਼ਾਰਸ਼

ਨਵੀਂ ਦਿੱਲੀ, 25 ਅਕਤੂੁਬਰ – ਕੌਮੀ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ (ਐੱਨਸੀਈਆਰਟੀ) ਵੱਲੋਂ ਸਕੂਲ ਪਾਠਕ੍ਰਮ ’ਚ ਸੁਧਾਈ ਲਈ ਸਮਾਜਿਕ ਵਿਗਿਆਨ ਸਬੰਧੀ ਬਣਾਈ ਗਈ ਉੱਚ ਪੱਧਰੀ ਕਮੇਟੀ ਨੇ ਸਾਰੀਆਂ ਜਮਾਤਾਂ ਦੀਆਂ ਸਕੂਲੀ ਕਿਤਾਬਾਂ ’ਚ ‘ਇੰਡੀਆ’ ਦੀ ਥਾਂ ’ਤੇ ‘ਭਾਰਤ’ ਲਿਖਣ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਦੇ ਚੇਅਰਪਰਸਨ ਸੀ ਆਈ ਇਸਾਕ ਮੁਤਾਬਕ ਕਮੇਟੀ ਨੇ ਪਾਠਕ੍ਰਮ ’ਚ ‘ਪੁਰਾਤਨ ਇਤਿਹਾਸ’ ਦੀ ਥਾਂ ’ਤੇ ‘ਕਲਾਸੀਕਲ ਇਤਿਹਾਸ’ ਅਤੇ ਸਾਰੇ ਸਿਲੇਬਸ ’ਚ ਭਾਰਤੀ ਗਿਆਨ ਪ੍ਰਣਾਲੀ (ਆਈਕੇਐੱਸ) ਸ਼ਾਮਲ ਕਰਨ ਦੀ ਵੀ ਵਕਾਲਤ ਕੀਤੀ ਹੈ।
ਉਂਜ ਐੱਨਸੀਈਆਰਟੀ ਦੇ ਚੇਅਰਮੈਨ ਦਿਨੇਸ਼ ਸਕਲਾਨੀ ਨੇ ਕਿਹਾ ਕਿ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਕਮੇਟੀ ਦੇ ਹੋਰ ਮੈਂਬਰਾਂ ’ਚ ਭਾਰਤੀ ਇਤਿਹਾਸ ਖੋਜ ਪਰਿਸ਼ਦ ਦੇ ਚੇਅਰਪਰਸਨ ਰਘੂਵੇਂਦਰ ਤੰਵਰ, ਜੇਐੱਨਯੂ ਦੀ ਪ੍ਰੋਫੈਸਰ ਵੰਦਨਾ ਮਿਸ਼ਰਾ, ਡੈਕਨ ਕਾਲਜ ਡੀਮਡ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਵਸੰਤ ਸ਼ਿੰਦੇ ਅਤੇ ਸਮਾਜ ਸ਼ਾਸਤਰ ਦੀ ਅਧਿਆਪਕਾ ਮਮਤਾ ਯਾਦਵ ਸ਼ਾਮਲ ਹਨ। ਇਸਾਕ ਨੇ ਖ਼ਬਰ ਏਜੰਸੀ ਨੂੰ ਕਿਹਾ ਕਿ ਕਮੇਟੀ ਨੇ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ ਹੈ ਕਿ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਕਿਤਾਬਾਂ ’ਚ ‘ਭਾਰਤ’ ਨਾਮ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ,‘‘ਭਾਰਤ ਪੁਰਾਣੇ ਸਮੇਂ ਤੋਂ ਚਲਿਆ ਆ ਰਿਹਾ ਨਾਮ ਹੈ। ਵਿਸ਼ਨੂੰ ਪੁਰਾਣ ਜਿਹੇ 7 ਹਜ਼ਾਰ ਸਾਲ ਪੁਰਾਣੇ ਗ੍ਰੰਥ ’ਚ ਵੀ ਭਾਰਤ ਨਾਮ ਦੀ ਵਰਤੋਂ ਕੀਤੀ ਗਈ ਹੈ।’’
ਸਰਕਾਰੀ ਤੌਰ ’ਤੇ ਪਹਿਲੀ ਵਾਰ ਭਾਰਤ ਦੀ ਵਰਤੋਂ ਉਸ ਸਮੇਂ ਹੋਈ ਸੀ ਜਦੋਂ ਸਰਕਾਰ ਨੇ ਜੀ-20 ਸੰਮੇਲਨ ਦੇ ਮਹਿਮਾਨਾਂ ਨੂੰ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਥਾਂ ’ਤੇ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੇ ਨਾਮ ’ਤੇ ਸੱਦੇ ਭੇਜੇ ਸਨ। ਬਾਅਦ ’ਚ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਨਾਮ ਅੱਗੇ ਲੱਗੀ ਪੱਟੀ ’ਤੇ ‘ਇੰਡੀਆ’ ਦੀ ਬਜਾਏ ‘ਭਾਰਤ’ ਲਿਖਿਆ ਹੋਇਆ ਸੀ। ਇਸਾਕ ਨੇ ਕਿਹਾ ਕਿ ਕਮੇਟੀ ਨੇ ਵੱਖ ਵੱਖ ਜੰਗਾਂ ’ਚ ‘ਹਿੰਦੂ ਜਿੱਤਾਂ’ ਨੂੰ ਉਚੇਚੇ ਤੌਰ ’ਤੇ ਕਿਤਾਬਾਂ ’ਚ ਪੜ੍ਹਾਉਣ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਠ-ਪੁਸਤਕਾਂ ’ਚ ਸਾਡੀਆਂ ਨਾਕਾਮੀਆਂ ਦਾ ਜ਼ਿਕਰ ਹੈ ਪਰ ਮੁਗਲਾਂ ਅਤੇ ਸੁਲਤਾਨਾਂ ’ਤੇ ਸਾਡੀਆਂ ਜਿੱਤਾਂ ਨੂੰ ਉਭਾਰਿਆ ਨਹੀਂ ਗਿਆ ਹੈ। ‘ਅੰਗਰੇਜ਼ਾਂ ਨੇ ਭਾਰਤੀ ਇਤਿਹਾਸ ਨੂੰ ਤਿੰਨ ਪੜਾਅ ਪੁਰਾਤਨ, ਮੱਧਕਾਲੀ ਅਤੇ ਆਧੁਨਿਕ ਕਾਲ ’ਚ ਵੰਡਿਆ ਸੀ ਜਿਸ ’ਚ ਭਾਰਤ ਨੂੰ ਹਨੇਰੇ ’ਚ ਦਿਖਾਇਆ ਗਿਆ ਸੀ ਜੋ ਵਿਗਿਆਨਕ ਗਿਆਨ ਅਤੇ ਪ੍ਰਗਤੀ ਤੋਂ ਅਣਜਾਣ ਸੀ। ਇਸ ਕਾਰਨ ਅਸੀਂ ਮੱਧਕਾਲੀ ਅਤੇ ਆਧੁਨਿਕ ਕਾਲ ਦੇ ਨਾਲ ਨਾਲ ਭਾਰਤੀ ਇਤਿਹਾਸ ਦੇ ਕਲਾਸੀਕਲ ਦੌਰ ਨੂੰ ਪੜ੍ਹਾਉਣ ਦਾ ਸੁਝਾਅ ਦਿੱਤਾ ਹੈ।’ ਐੱਨਸੀਈਆਰਟੀ ਵੱਲੋਂ ਕੌਮੀ ਸਿੱਖਿਆ ਨੀਤੀ 2020 ਤਹਿਤ ਪਾਠਕ੍ਰਮ ’ਚ ਸੁਧਾਈ ਕੀਤੀ ਜਾ ਰਹੀ ਹੈ। -ਪੀਟੀਆਈ
ਵਿਰੋਧੀ ਧਿਰ ਵੱਲੋਂ ਭਾਜਪਾ ਸਰਕਾਰ ਦੀ ਆਲੋਚਨਾ
ਐੱਨਸੀਈਆਰਟੀ ਦੀ ਕਮੇਟੀ ਵੱਲੋਂ ‘ਇੰਡੀਆ’ ਦੀ ਥਾਂ ’ਤੇ ‘ਭਾਰਤ’ ਨਾਮ ਵਰਤਣ ਦੀ ਸਿਫ਼ਾਰਿਸ਼ ਦੀ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਨਿਖੇਧੀ ਕਰਦਿਆਂ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਇਤਿਹਾਸ ਬਦਲਣਾ ਚਾਹੁੰਦੀ ਹੈ ਅਤੇ ਆਪਣੀ ਹਾਰ ਦੇ ਖ਼ਦਸ਼ੇ ਨੂੰ ਦੇਖਦਿਆਂ ਉਹ ਅਜਿਹੇ ਕਦਮ ਚੁੱਕ ਰਹੀ ਹੈ।
ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਹਾਕਮ ਧਿਰ ਲੋਕਾਂ ’ਚ ਇਕ ਸ਼ਬਦ ਪ੍ਰਤੀ ਨਫ਼ਰਤ ਫੈਲਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵੰਡੀਆਂ ਪਾਉਣ ਲਈ ਇਹ ਚਾਲ ਚੱਲੀ ਹੈ। ਇਕ ਹੋਰ ਕਾਂਗਰਸ ਆਗੂ ਅੰਬਿਕਾ ਸੋਨੀ ਨੇ ਕਿਹਾ ਕਿ ਸੰਵਿਧਾਨ ’ਚ ਵੀ ਦੋਵੇਂ ਸ਼ਬਦ ਇੰਡੀਆ ਅਤੇ ਭਾਰਤ ਹਨ। ਕਾਂਗਰਸ ਆਗੂ ਡੀ ਕੇ ਸ਼ਿਵਕੁਮਾਰ ਅਤੇ ਸਲਮਾਨ ਖੁਰਸ਼ੀਦ ਨੇ ਵੀ ਭਾਜਪਾ ਸਰਕਾਰ ਦੀ ਨਿਖੇਧੀ ਕੀਤੀ ਹੈ।
ਆਰਜੇਡੀ ਦੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਇੰਡੀਆ ਗੱਠਜੋੜ ਬਣਨ ਮਗਰੋਂ ਭਾਜਪਾ ਹਕੂਮਤ ਦਾ ਇਹ ਹਾਸੋ-ਹੀਣਾ ਪ੍ਰਤੀਕਰਮ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਨੇ ਗੱਠਜੋੜ ਦਾ ਨਾਮ ‘ਭਾਰਤ’ ਰੱਖ ਲਿਆ ਤਾਂ ਕੀ ਉਹ ਦੇਸ਼ ਦਾ ਨਾਮ ‘ਜੰਬੂਦਵੀਪ’ ਜਾਂ ਕੁਝ ਹੋਰ ਰੱਖਣਗੇ।
‘ਆਪ’ ਤਰਜਮਾਨ ਪ੍ਰਿਯੰਕਾ ਕੱਕੜ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਇੰਡੀਆ’ ਗੱਠਜੋੜ ਤੋਂ ਡਰ ਝਲਕਦਾ ਹੈ। ਡੀਐੱਮਕੇ ਤਰਜਮਾਨ ਸਰਵਨਨ ਅੰਨਾਦੁਰਾਈ ਨੇ ਕਿਹਾ ਕਿ ਆਪਣੇ ਗਲਤ ਕੰਮਾਂ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਭਾਜਪਾ ਅਜਿਹੀਆਂ ਹਰਕਤਾਂ ਕਰ ਰਹੀ ਹੈ।