ਐੱਸਜੀਪੀਸੀ ਵੱਲੋਂ ਵਿੱਤੀ ਵਰ੍ਹੇ 2022-23 ਵਾਸਤੇ 988 ਕਰੋੜ ਰੁਪਏ ਤੋਂ ਵੱਧ ਦਾ ਬਜਟ ਪਾਸ

ਅੰਮ੍ਰਿਤਸਰ, 30 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਵਿੱਤੀ ਵਰ੍ਹੇ 2022-23 ਵਾਸਤੇ 988 ਕਰੋੜ 15 ਲੱਖ 53 ਹਜ਼ਾਰ 780 ਰੁਪਏ ਦਾ ਅਨੁਮਾਨਿਤ ਬਜਟ ਪਾਸ ਕਰ ਦਿੱਤਾ ਗਿਆ। ਜੋ ਲਗਭਗ 29 ਕਰੋੜ 70 ਲੱਖ ਰੁਪਏ ਦੇ ਘਾਟੇ ਦਾ ਬਜਟ ਹੈ। ਇਸ ਦੌਰਾਨ ਵਿਰੋਧੀ ਧਿਰ ਨਾਲ ਸਬੰਧਿਤ ਕੁੱਝ ਸ਼੍ਰੋਮਣੀ ਕਮੇਟੀ ਮੈਂਬਰ ਬਜਟ ਤੋਂ ਪਹਿਲਾਂ ਬੋਲਣ ਦੀ ਮੰਗ ਪੂਰੀ ਨਾ ਹੋਣ ‘ਤੇ ਬਜਟ ਇਜਲਾਸ ਦਾ ਬਾਈਕਾਟ ਕਰ ਕੇ ਚਲੇ ਗਏ।
ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਾਲਾਨਾ ਬਜਟ ਲਈ ਸੱਦੇ ਗਏ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਲਗਭਗ 101 ਮੈਂਬਰ ਹਾਜ਼ਰ ਸਨ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਬਜਟ ਮੈਂਬਰਾਂ ਅੱਗੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹੇ 2022-23 ਦੌਰਾਨ ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85 ਹੇਠ ਆਉਂਦੇ ਗੁਰਦੁਆਰੇ, ਵਿੱਦਿਅਕ ਅਦਾਰਿਆਂ, ਜਨਰਲ ਬੋਰਡ ਫ਼ੰਡ, ਪ੍ਰਿੰਟਿੰਗ ਪ੍ਰੈੱਸਾਂ ਆਦਿ ਤੋਂ 958 ਕਰੋੜ 45 ਲੱਖ 34 ਹਜ਼ਾਰ 985 ਰੁਪਏ ਦੀ ਸਾਲਾਨਾ ਆਮਦਨ ਹੋਣ ਦਾ ਅਨੁਮਾਨ ਹੈ ਜਦੋਂ ਕਿ ਵਿੱਤੀ ਵਰ੍ਹੇ ਦੌਰਾਨ ਕੁੱਲ ਖ਼ਰਚੇ 988 ਕਰੋੜ 15 ਲੱਖ 53 ਹਜ਼ਾਰ 780 ਰੁਪਏ ਹੋਣ ਦਾ ਅਨੁਮਾਨ ਹੈ। ਇਸ ਵਰ੍ਹੇ ਖ਼ਰਚੇ ਲਗਭਗ 29 ਕਰੋੜ 70 ਲੱਖ 18 ਹਜ਼ਾਰ 780 ਰੁਪਏ ਵਧੇਰੇ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਹ ਖ਼ਰਚੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਵਿੱਚ ਰੱਖੇ ਏਡਿਡ ਅਮਲੇ ਦੇ ਫ਼ੰਡ ਅਤੇ ਵਿਦਿਆਰਥੀਆਂ ਦੀ ਐੱਸਸੀ ਸਕਾਲਰਸ਼ਿਪ ਦੀ ਰਾਸ਼ੀ ਨਾ ਮਿਲਣ ਕਾਰਣ ਵਧਿਆ ਹੈ।
ਉਨ੍ਹਾਂ ਦੱਸਿਆ ਕਿ ਇਕੱਲੇ ਵਿੱਦਿਅਕ ਅਦਾਰਿਆਂ ਦਾ ਖ਼ਰਚ ਆਮਦਨ ਨਾਲੋਂ ਲਗਭਗ 28 ਕਰੋੜ 23 ਲੱਖ 18 ਹਜ਼ਾਰ 795 ਰੁਪਏ ਵੱਧ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਦਾ ਖ਼ਰਚਾ ਵੀ ਆਮਦਨ ਨਾਲੋਂ ਵਧੇਰੇ ਹੈ। ਇਸ ਵਰ੍ਹੇ ਪ੍ਰਿੰਟਿੰਗ ਪ੍ਰੈੱਸਾਂ ਤੋਂ ਆਮਦਨ ਨਾਲੋਂ ਖ਼ਰਚਾ ਲਗਭਗ 1 ਕਰੋੜ 47 ਲੱਖ ਰੁਪਏ ਵਧੇਰੇ ਹੋਣ ਦਾ ਅਨੁਮਾਨ ਹੈ ਜਿਸ ਕਾਰਨ ਕੁੱਲ ਆਮਦਨ ਨਾਲੋਂ ਖ਼ਰਚਾ ਲਗਭਗ 29 ਕਰੋੜ 70 ਲੱਖ ਰੁਪਏ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਬਜਟ ਦੇ ਪਹਿਲੇ ਭਾਗ ਵਿੱਚ ਜਨਰਲ ਬੋਰਡ ਫ਼ੰਡ, ਟਰੱਸਟ ਫ਼ੰਡ, ਵਿੱਦਿਆ ਫ਼ੰਡ ਅਤੇ ਪ੍ਰਿੰਟਿੰਗ ਪ੍ਰੈੱਸਾਂ ਦੀ ਆਮਦਨ ਅਤੇ ਖ਼ਰਚ ਦੱਸਿਆ ਗਿਆ ਹੈ ਜਦੋਂ ਕਿ ਦੂਜੇ ਭਾਗ ਵਿੱਚ ਧਰਮ ਪ੍ਰਚਾਰ ਕਮੇਟੀ ਦੀ ਆਮਦਨ 11 ਕਰੋੜ 12 ਲੱਖ ਰੁਪਏ ਅਤੇ ਖ਼ਰਚ ਵੀ ਲਗਭਗ ਇੰਨਾ ਹੀ ਦੱਸਿਆ ਗਿਆ ਹੈ। ਸੈਕਸ਼ਨ 85 ਦੇ ਗੁਰਦੁਆਰਿਆਂ ਦੇ ਬਜਟ ਵਿੱਚ ਸਮੂਹ ਗੁਰਦੁਆਰਿਆਂ ਤੋਂ ਆਮਦਨ 7 ਅਰਬ 18 ਕਰੋੜ 70 ਲੱਖ ਰੁਪਏ ਦੱਸੀ ਗਈ ਹੈ ਅਤੇ ਨਿਰੋਲ ਖ਼ਰਚਾ ਵੀ ਇੰਨਾ ਹੀ ਦੱਸਿਆ ਗਿਆ ਹੈ ਜਦੋਂ ਕਿ ਵਿੱਦਿਅਕ ਅਦਾਰਿਆਂ ਦੀ ਕੁੱਲ ਆਮਦਨ 2 ਅਰਬ 3 ਕਰੋੜ 60 ਲੱਖ 65 ਹਜ਼ਾਰ 385 ਰੁਪਏ ਦੱਸੀ ਹੈ, ਪਰ ਕੁੱਲ ਖ਼ਰਚਾ 2 ਅਰਬ 31 ਕਰੋੜ 83 ਲੱਖ 84 ਹਜ਼ਾਰ 180 ਰੁਪਏ ਦੱਸਿਆ ਗਿਆ ਹੈ। ਇਸੇ ਤਰ੍ਹਾਂ ਪ੍ਰਿੰਟਿੰਗ ਪ੍ਰੈੱਸਾਂ ਦੀ ਕੁੱਲ ਆਮਦਨ 6 ਕਰੋੜ 20 ਲੱਖ 25 ਹਜ਼ਾਰ ਰੁਪਏ ਅਤੇ ਖ਼ਰਚਾ 7 ਕਰੋੜ 67 ਲੱਖ 025 ਹਜ਼ਾਰ ਰੁਪਏ ਦੱਸਿਆ ਗਿਆ ਹੈ।
ਸ੍ਰੀ ਪੰਜੋਲੀ ਨੇ ਸੁਝਾਅ ਦਿੱਤਾ ਕਿ ਵਿੱਦਿਅਕ ਅਦਾਰਿਆਂ ਦਾ ਆਪਸੀ ਰਲੇਵਾਂ ਕਰ ਕੇ ਇਨ੍ਹਾਂ ਦੀ ਗਿਣਤੀ ਘਟਾਈ ਜਾਵੇ ਅਤੇ ਖ਼ਰਚਿਆਂ ‘ਤੇ ਕਾਬੂ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਸੰਸਥਾ ਵੱਲੋਂ 2 ਕਰੋੜ 54 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਇਸੇ ਤਰ੍ਹਾਂ ਲੋਕ ਭਲਾਈ ਕਾਰਜਾਂ ਲਈ ਲਗਭਗ 1 ਕਰੋੜ 66 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਹੈ। ਉਲੰਪਿਕ ਵਿੱਚ ਭਾਰਤੀ ਹਾਕੀ ਟੀਮ ਦਾ ਵਿਸ਼ੇਸ਼ ਸਨਮਾਨ ਕਰਦਿਆਂ ਹੌਸਲਾ-ਅਫ਼ਜ਼ਾਈ ਲਈ ਖਿਡਾਰੀਆਂ ਨੂੰ 90 ਲੱਖ 86 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ ਹਨ।