ਕਪਤਾਨ ਡਾ. ਲਕਸ਼ਮੀ ਸਹਿਗਲ ਦਾ ਦੇਹਾਂਤ

ਕਾਨਪੁਰ, 23 ਜੁਲਾਈ (ਏਜੰਸੀ) – ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਸਹਿਯੋਗੀ ਅਤੇ ਆਜ਼ਾਦ ਹਿੰਦ ਫੌਜ ਤੇ ਇੰਡੀਅਨ ਨੈਸ਼ਨਲ ਆਰਮੀ ਦੇ ਮਹਿਲਾ ਵਿੰਗ ‘ਰਾਣੀ ਆਫ਼ ਝਾਂਸੀ ਰੈਜੀਮੈਂਟ’ ਦੀ ਪਹਿਲੀ ਕਪਤਾਨ ਡਾ. ਲਕਸ਼ਮੀ ਸਹਿਗਲ ਦਾ ਅੱਜ ਦੇਹਾਂਤ ਹੋ ਗਿਆ। ਉਹ 98 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਆਪਣੀ ਰਿਹਾਇਸ਼ ‘ਤੇ ਸਵੇਰੇ 11.30 ਵਜੇ ਆਖਰੀ ਸਾਹ ਲਏ। ਲਕਸ਼ਮੀ ਸਹਿਗਲ ਨੂੰ ਦਿਲ ਦਾ ਦੌਰਾ ਪੈਣ ‘ਤੇ ਬੀਤੇ ਦਿਨੀਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਸੀ।
ਲਕਸ਼ਮ ਸਹਿਗਲ ਦੇ ਆਖਰੀ ਸਮੇਂ ਉਨ੍ਹਾਂ ਦੀ ਬੇਟੀ ਅਤੇ ਮਾਕਪਾ ਦੀ ਸੀਨੀਅਰ ਨੇਤਾ ਸੁਭਾਸ਼ਿਨੀ ਅਲੀ ਅਤੇ ਉਨ੍ਹਾਂ ਦੇ ਪੋਤਾ ਸ਼ਾਦ ਅਲੀ ਕਾਨਪੁਰ ਵਿੱਚ ਉਨ੍ਹਾਂ ਨਾਲ ਹੀ ਸਨ।
ਲਕਸ਼ਮੀ ਸਹਿਗਲ ਦਾ ਜਨਮ 24 ਅਕਤੂਬਰ 1914 ਨੂੰ ਹੋਇਆ ਸੀ। ਉਨ੍ਹਾਂ ਨੇ ਮਦਰਾਸ ਮੈਡੀਕਲ ਕਾਲਜ ਤੋਂ ਮੈਡੀਕਲ ਦੀ ਸਿੱਖਿਆ ਹਾਸਲ ਕੀਤੀ, ਫਿਰ ਉਹ ਸਿੰਗਾਪੁਰ ਚਲੀ ਗਈ। ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਜਾਪਾਨੀ ਸੈਨਾ ਨੇ ਸਿੰਗਾਪੁਰ ਵਿੱਚ ਬ੍ਰਿਟਿਸ਼ ਫੌਜ ‘ਤੇ ਹਮਲਾ ਕੀਤਾ ਤਾਂ ਲਕਸ਼ਮੀ ਸਹਿਗਲ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਵਿੱਚ ਸ਼ਾਮਿਲ ਹੋ ਗਈ ਸੀ। ਆਜ਼ਾਦ ਹਿੰਦ ਫੌਜ ਦੀ ਰਾਣੀ ਝਾਂਸੀ ਰੈਜੀਮੈਂਟ ਵਿੱਚ ਲਕਸ਼ਮੀ ਸਹਿਗਲ ਕਾਫੀ ਸਰਗਰਮ ਰਹੀ। ਬਾਅਦ ਵਿੱਚ ਉਨ੍ਹਾਂ ਨੂੰ ਕਰਨਲ ਦਾ ਅਹੁਦਾ ਦਿੱਤਾ ਗਿਆ, ਪਰ ਲੋਕਾਂ ਨੇ ਉਨ੍ਹਾਂ ਨੂੰ ਕੈਪਟਨ ਲਕਸ਼ਮੀ ਦੇ ਰੂਪ ਵਿੱਚ ਯਾਦ ਕੀਤਾ।
ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 1998 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਲਕਸ਼ਮੀ ਸਹਿਗਲ ਨੇ ਸਾਲ 2002 ਵਿੱਚ ਏ. ਪੀ. ਜੇ. ਅਬਦਲ ਕਲਾਮ ਖਿਲਾਫ਼ ਖੱਬੇ ਪੱਖੀ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਲੜੀ, ਪਰ ਉਨ੍ਹਾਂ ਨੂੰ ਇਸ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ।
ਇਸ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕੈਪਟਨ ਲਕਸ਼ਮੀ ਸਹਿਗਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
ਡਾ. ਲਕਸ਼ਮੀ ਸਹਿਗਲ ਦੇ ਦੇਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਡੂੰਘਾ ਦੁੱਖ ਤੇ ਅਫਸੋਸ ਜ਼ਾਹਰ ਕੀਤਾ ਹੈ।
ਇਕ ਸ਼ੋਕ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਡਾ. ਲਕਸ਼ਮੀ ਸਹਿਗਲ ਦੇ ਦੇਹਾਂਤ ਨਾਲ ਦੇਸ਼ ਇਕ ਅਜਿਹੀ ਉੱਘੀ ਸ਼ਖਸੀਅਤ ਤੋਂ ਵਿਰਵਾ ਹੋ ਗਿਆ ਜੋ ਮਨੁੱਖੀ ਕਦਰਾਂ-ਕੀਮਤਾਂ, ਉਤਸ਼ਾਹ, ਵਚਨਬੱਧਤਾ ਅਤੇ ਅਨੁਸ਼ਾਸਨ ਦੀ ਸਾਕਾਰ ਮੂਰਤ ਸਨ। ਉਨ੍ਹਾਂ ਨੂੰ ਮਿਸ਼ਨਰੀ ਭਾਵਨਾ ਤਹਿਤ ਸਮਾਜ ਦੇ ਦੱਬੇ-ਕੁਚਲੇ ਖਾਸ ਤੌਰ ‘ਤੇ ਔਰਤਾਂ ਦੇ ਅਧਿਕਾਰਾਂ ਪ੍ਰਤੀ ਉਠਾਈ ਆਵਾਜ਼ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼ੋਕ ਸੁਨੇਹੇ ਵਿੱਚ ਕਿਹਾ ਹੈ ਕਿ ਡਾ. ਲਕਸ਼ਮੀ ਸਹਿਗਲ ਦੇ ਦੇਹਾਂਤ ਨਾਲ ਅਸੀਂ ਸੁਤੰਤਰਤਾ ਸੰਗਰਾਮ ਦੇ ਯੁਗ ਨਾਲ ਇਕ ਅਹਿਮ ਸੰਪਰਕ ਤੋਂ ਵਿਰਵੇ ਹੋ ਗਏ ਹਾਂ। ਉਨ੍ਹਾਂ ਕਿਹਾ ਕਿ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਪ੍ਰੇਰਨਾ ਲਈ ਇਕ ਜਿੰਦਾ ਮਿਸਾਲ ਸਨ ਅਤੇ ਉਨ੍ਹਾਂ ਨੂੰ ਹਮੇਸ਼ਾ ਉਨ੍ਹਾਂ ਦੀ ਦ੍ਰਿੜਤਾ ਲਈ ਜਾਣਿਆ ਜਾਵੇਗਾ ਕਿਉਂਕਿ ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਹਿੱਤ ਮਹਿਲਾ ਰੈਜੀਮੈਂਟ ਦੀ ਸਥਾਪਨਾ ਕੀਤੀ ਸੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਪਟਨ ਲਕਸ਼ਮੀ ਸਹਿਗਲ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਜਿਨ੍ਹਾਂ ਦੇ ਦਿਹਾਂਤ ਨਾਲ ਦੇਸ਼ ਨੇ ਅਜਾਦੀ ਦੇ ਸੰਘਰਸ਼ ਦੀ ਇਕ ਮਹਾਨ ਸਖਸ਼ੀਅਤ ਗਵਾ ਦਿੱਤੀ ਹੈ।
ਸ਼ੋਕ ਸੁਨੇਹੇ ‘ਚ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸਵ. ਕੈਪਟਨ ਸਹਿਗਲ ਨੇ ਨਾ ਸਿਰਫ ਅੰਗਰੇਜ਼ਾਂ ਨੂੰ ਲਲਕਾਰਿਆ, ਬਲਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ ‘ਚ ਸ਼ਾਮਿਲ ਹੋ ਕੇ ਉਸ ਵੇਲੇ ਦੀਆਂ ਕੁਸੰਗਤੀਆਂ ਦਾ ਡੱਟ ਕੇ ਵਿਰੋਧ ਕੀਤਾ ਤੇ ਇਸ ਦੇ ਮਹਿਲਾ ਵਿੰਗ ਦੀ ਕਪਤਾਨੀ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਹਿਗਲ ਨੇ ਆਪਣੀ ਸੇਵਾ ਤੇ ਬਲਿਦਾਨ ਦੇ ਮਿਸ਼ਨ ਨੂੰ ਛੱਡਿਆ ਨਹੀਂ ਅਤੇ ਆਜ਼ਦੀ ਤੋਂ ਬਾਅਦ ਵੀ, ਇਥੋਂ ਤੱਕ ਕਿ ਆਪਣੀ ਉਮਰ ਦੇ ਆਖਿਰੀ ਦਿਨਾਂ ਤੱਕ ਸਰਗਰਮ ਰਹੀ।