ਕਬੱਡੀ ਜਗਤ ਦੇ ਅਣਮੁੱਲੇ ਬੁਲਾਰੇ, ਖੇਡ ਮੈਦਾਨਾਂ ਦੀ ਜਿੰਦ ਜਾਨ ਸੰਧੂ ਭਰਾ

ਕੋਈ ਵੀ ਖੇਡ ਹੋਵੇ, ਕੁਮੈਂਟਰੀ ਤੋਂ ਬਿਨਾਂ ਉਸ ਦਾ ਸਵਾਦ ਨਹੀਂ ਆਉਂਦਾ। ਖਿਡਾਰੀ ਨੂੰ ਹੌਂਸਲੇ ਦੇ ਨਾਲ-ਨਾਲ ਤਾਕਤ ਵੀ ਮਿਲਦੀ ਹੈ, ਜੋਸ਼ ਜਾਗਦਾ ਹੈ ਖਿਡਾਰੀ ਅੰਦਰ ਕੁਮੈਂਟਰੀ ਦੇ ਬੋਲਾਂ ਨਾਲ..ਆਪਾਂ ਗੱਲ ਕਰਦੇ ਆ ਕਬੱਡੀ ਦੀ। ਕਬੱਡੀ ਦੀ ਰੀੜ੍ਹ ਦੀ ਹੱਡੀ ਕੁਮੈਂਟਰੀ। ਜਦੋਂ ਚੱਲਦੇ ਮੈਚ ਦੌਰਾਨ ਇਕ ਦੋ ਮਿੰਟ ਮਾਇਕ ਖ਼ਰਾਬ ਹੋ ਜਾਵੇ ਤਾਂ ਦਰਸ਼ਕ ਰੌਲਾ ਪਾਉਂਦੇ ਹਨ, ਕਿਉਂਕਿ ਕੁਮੈਂਟਰੀ ਨਾਲ ਚੱਲਦੇ ਮੈਚ ਦਾ ਸਵਾਦ ਦੁੱਗਣਾ-ਤਿੱਗਣਾ ਹੋ ਜਾਂਦਾ ਹੈ। ਹਰੇਕ ਬੁਲਾਰੇ ਦਾ ਆਪਣਾ-ਆਪਣਾ ਅੰਦਾਜ਼ ਹੁੰਦਾ ਬੋਲਣ ਦਾ। ਅੱਜ ਅਨੇਕਾਂ ਖੇਡ ਕਬੱਡੀ ਦੇ ਬੁਲਾਰੇ ਕਬੱਡੀ ਨੂੰ ਚਾਰ ਚੰਨ ਲਾਉਂਦੇ ਹਨ ਤੇ ਇਨ੍ਹਾਂ ਵਿਚੋਂ ਹੀ ਚੋਟੀ ਦੇ ਖੇਡ ਬੁਲਾਰਿਆਂ ‘ਚ ਨਾਮ ਆਉਂਦਾ ਸੰਧੂ ਭਰਾਵਾਂ ਦਾ। ਸੰਗਰੂਰ ਜ਼ਿਲ੍ਹੇ ਦੀ ਬੁੱਕਲ ਵਿੱਚ ਵੱਸਦੇ ਪਿੰਡ ਧੂਰਾ ਦੇ ਜੰਮਪਲ ਹਰਪ੍ਰੀਤ ਸੰਧੂ ਤੇ ਸਵਰਨ ਸੰਧੂ ਅੱਜ ਖੇਡ ਮੈਦਾਨਾਂ ਦੀ ਸ਼ਾਨ ਬਣੇ ਹੋਏ ਹਨ। ਖੇਡ ਦਾ ਮੈਦਾਨ ਹੋਵੇ, ਦਰਸ਼ਕਾਂ ਨਾਲ ਸਟੇਡੀਅਮ ਖੱਚਾਖੱਚ ਭਰਿਆ ਹੋਵੇ, ਮੈਚ ਹੋਵੇ ਪੂਰਾ ਫਸਵਾਂ ਤੇ ਮਾਇਕ ਹੋਵੇ ਸੰਧੂ ਭਰਾਵਾਂ ਦੇ ਹੱਥ..। ਜਦੋਂ ਹਰਪ੍ਰੀਤ ਕਹਿੰਦਾ ਲੈ ਬਈ ਸਵਰਨਿਆਂ ਛੇੜ ਕਹਾਣੀ ਇਸ ਗੱਭਰੂ ਦੀ। ਜਦੋਂ ਉਹ ਪੂਰੇ ਜੋਸ਼ ਵਾਲੇ ਟੋਟਕੇ ਬੋਲਦੇ ਆ..ਖਿਡਾਰੀਆਂ ਦੇ ਨਾਲ-ਨਾਲ ਉਹ ਟੋਟਕੇ ਸਿੱਧੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਲ ਜੀ ਦੇ ਰੌਂਦ ਵਾਂਗ ਵੱਜਦੇ ਆ। ਜਦੋਂ ਉਹ ਪੂਰੇ ਜੋਸ਼ ਨਾਲ ਰੇਡ ਪਾਉਣ ਗਏ, ਗੱਭਰੂ ‘ਤੇ ਅੱਗੋਂ ਜਾਫੀਆਂ ਨੂੰ ਲਲਕਾਰਦੇ ਆ..ਥੋਡਾ ਭਰਾ ਡੱਕ ਲਿਆ ਵਿਰੋਧੀਆਂ ਨੇ..ਹੁਣ ਕੁੱਝ ਕਰਨਾ ਪੈਣਾ..ਪਾਣੀ ਸਿਰ ਤੋਂ ਲੰਘ ਗਿਆ..ਵਿਖਾਓ ਹਿੰਮਤ, ਮੋੜੋ ਭਾਜੀ..ਤਾਂ ਖਿਡਾਰੀ ਪੂਰੇ ਜੋਸ਼ ਨਾਲ ਰੇਡਰ ਨੂੰ ਟੁੱਟ ਕੇ ਪੈ ਜਾਂਦਾ ਤੇ ਤਾੜੀਆਂ ਨਾਲ ਸਟੇਡੀਅਮ ਮੁੜ ਗੂੰਜ ਉੱਠਦਾ। ਇਸੇ ਲਈ ਕਹਿੰਦੇ ਹਨ ਸੰਧੂ ਭਰਾ ਖੇਡ ਮੈਦਾਨਾਂ ਦੀ ਸ਼ਾਨ ਹਨ। ਹਰਪ੍ਰੀਤ ਸੰਧੂ ਕੁੜਤੇ ਚਾਦਰੇ ਨਾਲ ਕੱਢਵੀਂ ਜੁੱਤੀ ਤੇ ਤੁਰਲੇ ਵਾਲੀ ਪੱਗ ਬੰਨ੍ਹ ਕੇ ਇਕ ਵੱਖਰੇ ਅੰਦਾਜ਼ ਵਿੱਚ ਗਰਾਊਂਡ ‘ਚ ਆਉਂਦਾ ਤਾਂ ਦਰਸ਼ਕ ਉਸ ਦਾ ਤਾੜੀਆਂ ਨਾਲ ਸਵਾਗਤ ਕਰਦੇ। ਦੇਸ਼ ਭਗਤ ਕਾਲਜ ਬਰੜਵਾਲ ਤੋਂ ਗਰੈਜੂਏਸ਼ਨ ਕਰਦਿਆਂ ਪ੍ਰੋਫੈਸਰ ਬਲਜੀਤ ਸਿੰਘ ਸਿੱਧੂ ਹੋਰਾਂ ਦੀ ਪ੍ਰੇਰਨਾ ਸਦਕਾ ਪੜ੍ਹਾਈ ਦੇ ਨਾਲ-ਨਾਲ ਉਹ ਕਬੱਡੀ ਖੇਡਣ ਲੱਗ ਪਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚੋਂ ਦੋ ਵਾਰ ਕਬੱਡੀ ਚੈਂਪੀਅਨਸ਼ਿਪ ਜਿੱਤੀ। ਫਿਰ ਪੰਜਾਬੀ ਯੂਨੀਵਰਸਿਟੀ ਦੀ ਮੁੱਖ ਟੀਮ ਵੱਲੋਂ ਖੇਡਦਿਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ।

ਖੇਡਾਂ ਬਾਰੇ ਖ਼ਾਸ ਕਰ ਕਬੱਡੀ ਬਾਰੇ ਭਰਪੂਰ ਜਾਣਕਾਰੀ ਹੋਣ ਕਰਕੇ ਪ੍ਰੋ. ਬਲਜੀਤ ਸਿੰਘ ਹੋਰਾਂ ਨੇ ਖੇਡ ਬੁਲਾਰੇ ਵਜੋਂ ਦੋਨਾਂ ਭਰਾਵਾਂ ਨੂੰ ਪ੍ਰੇਰਿਤ ਕੀਤਾ। ਫਿਰ ਕੀ ਸੀ ਸੰਧੂ ਭਰਾਵਾਂ ਨੇ ਟੇਕ ਕੇ ਧਰਤੀ ਮਾਂ ਨੂੰ ਮੱਥਾ ਆ ਵੜ੍ਹੇ ਖੇਡ ਮੈਦਾਨ ‘ਚ। ਪੜ੍ਹੇ-ਲਿਖੇ ਹੋਣ ਕਰਕੇ ਉਹ ਕਬੱਡੀ ਦੇ ਸ਼ੇਅਰ ਆਪ ਹੀ ਲਿਖਦੇ, ਪੜ੍ਹਦੇ ਸਮੇਂ ਉਹ ਕਾਲਜ ਵਿੱਚ ਨਾਟਕ ਵੀ ਖੇਡਦੇ ਰਹੇ, ਜਿਸ ਕਰਕੇ ਸੰਗ ਤਾਂ ਪਹਿਲਾਂ ਹੀ ਲੱਥੀ ਸੀ, ਜਿਸ ਕਰਕੇ ਗਰਾਊਂਡ ਵਿੱਚ ਵੜ੍ਹਦਿਆਂ ਬਿਨਾਂ ਝਿਜਕ ਉਹ ਦਰਸ਼ਕਾਂ ਅੱਗੇ ਠੇਠ ਸ਼ਬਦਾਵਲੀ ਨਾਲ ਖੁੱਲ੍ਹ ਕੇ ਬੋਲਦੇ। ਵੇਖਦੇ ਹੀ ਵੇਖਦੇ ਉਹ ਖੇਡ ਜਗਤ ਵਿੱਚ ਹਰਮਨ ਪਿਆਰੇ ਬੁਲਾਰੇ ਵਜੋਂ ਸਥਾਪਿਤ ਹੋ ਗਏ। ਕਬੱਡੀ ਸੀਜ਼ਨ ਦੌਰਾਨ ਉਹ ਆਪਣੀ ਮਰਜ਼ੀ ਨਾਲ ਬੇਸ਼ੱਕ ਇਕ ਦਿਨ ਘਰੇ ਆਰਾਮ ਕਰ ਲੈਣ, ਨਹੀਂ ਤਾਂ ਸਾਰਾ ਸੀਜ਼ਨ ਉਹ ਪੂਰੀ ਤਰ੍ਹਾਂ ਟੂਰਨਾਮੈਂਟ ਵਿੱਚ ਰੁੱਝੇ ਹੁੰਦੇ ਹਨ। ਖੇਡ ਮੇਲਿਆਂ ਵਿੱਚ ਸਾਊ ਸੁਭਾਅ, ਮਿੱਠੇ ਬੋਲਾਂ ਨਾਲ ਉਹ ਹਰ ਇਕ ਦਾ ਦਿਲ ਮੋਹ ਲੈਂਦੇ ਹਨ। ਹਰਪ੍ਰੀਤ ਸੰਧੂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਆਪਣੇ ਬੋਲਾਂ ਨਾਲ ਦੁਨੀਆ ਦੀਵਾਨੀ ਕਰ ਆਇਆ। ਕਾਫ਼ੀ ਸਮੇਂ ਤੋਂ ਉਹ ਮਲੇਸ਼ੀਆ ਦੀ ਧਰਤੀ ‘ਤੇ ਹੁੰਦੇ ਕਬੱਡੀ ਮੈਚਾਂ ਵਿੱਚ ਭਰਵੀਂ ਹਾਜ਼ਰੀ ਲਗਾਉਂਦੇ ਹਨ। ਉਹ ਇਕੱਲੇ ਇਕੱਲੇ ਖਿਡਾਰੀ ਬਾਰੇ ਦਰਸ਼ਕਾਂ ਨੂੰ ਦੱਸਦੇ ਹਨ, ਅਗਲੇ ਪਿਛਲੇ ਰਿਕਾਰਡ ਵੀ ਦਰਸ਼ਕਾਂ ਨਾਲ ਸਾਂਝੇ ਕਰਦੇ ਹਨ। ਇਸ ਸਮੇਂ ਖੇਡ ਮੇਲਿਆਂ ਵਿੱਚ ਪੂਰੀ ਤਰ੍ਹਾਂ ਰੁੱਝੇ ਹੋਏ ਸੰਧੂ ਭਰਾਵਾਂ ਦੇ ਜੇ ਮਾਣ-ਸਨਮਾਨ ਦੀ ਗੱਲ ਕਰਨੀ ਹੋਵੇ ਤਾਂ ਕਹਾਣੀ ਲੰਮੀ ਹੋਜੂ। ਪਰ ਕੁੱਝ ਕੁ ਵਿਸ਼ੇਸ਼ ਮਾਣ ਸਨਮਾਨ ਦਾ ਜ਼ਿਕਰ ਵੀ ਕਰਨਾ ਬਣਦਾ। ਧੂਰੀ ਦੇ ਕਬੱਡੀ ਕੱਪ ‘ਤੇ ਦੋ ਮੋਟਰਸਾਈਕਲ, ਦੋ ਬੁਲਟ ਮੋਟਰਸਾਈਕਲ, ਬੀਹਲੇ ਦੇ ਕਬੱਡੀ ਕੱਪ ‘ਤੇ ਇਕ ਬੁਲਟ ਮੋਟਰਸਾਈਕਲ, ਧੂਰੀ ਦੇ ਕੱਪ ‘ਤੇ ਇਕ ਮੋਟਰ ਸਾਈਕਲ, ਮਾੜੀ ਮੁਸਤਫਾ ਦੇ ਕਬੱਡੀ ਕੱਪ ‘ਤੇ ੫੦ ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ। ਹੁਸ਼ਿਆਰਪੁਰ ਵਿਖੇ ਹੋਏ ਕੱਪ ਅਤੇ ਮਠਿੱਡਾ ਕਲਾਂ ਦੇ ਕਬੱਡੀ ਕੱਪ ‘ਤੇ ਵੀ ਵੱਡੇ ਸਨਮਾਨ ਹਾਸਲ ਕੀਤੇ। ਕਈ ਟੂਰਨਾਮੈਂਟਾਂ ‘ਤੇ ਸੋਨੇ ਦੀ ਚੈਨ ਜਾਂ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ। ਕਪਿਆਲਾ ਦੇ ਕਬੱਡੀ ਕੱਪ ‘ਤੇ ਐਲਈਡੀ ਨਾਲ ਸਨਮਾਨਿਤ ਕੀਤਾ ਇਨ੍ਹਾਂ ਖੇਡ ਜਗਤ ਦੇ ਬੁਲਾਰਿਆਂ ਨੂੰ। ਹਰਪ੍ਰੀਤ ਸੰਧੂ ਤੇ ਸਵਰਨ ਸੰਧੂ ਹੋਰਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਸਨਮਾਨ ਸਾਡੇ ਲਈ ਖੇਡ ਪ੍ਰੇਮੀਆਂ ਦਾ ਹੈ, ਜੋ ਇਨ੍ਹਾਂ ਮਾਣ ਸਤਿਕਾਰ ਦਿੰਦੇ ਹਨ, ਪਰ ਫਿਰ ਵੀ ਖੇਡ ਕਲੱਬਾਂ ਦੇ ਨਾਲ-ਨਾਲ ਅਸੀਂ ਪ੍ਰਸਿੱਧ ਖੇਡ ਪ੍ਰਮੋਟਰ ਮੇਜਰ ਬਰਾੜ ਭਲੂਰ, ਲਾਲੀ ਢੇਸੀ, ਜਲੰਧਰ ਸਿੱਧੂ, ਜੋਤ ਚਹਿਲ, ਬੱਬਲੂ ਅਮਰੀਕਾ, ਲਾਡੀ ਨਿਊਜ਼ੀਲੈਂਡ, ਨਛੱਤਰ ਸਰਾਓ, ਗੁਰਮੀਤ, ਤੇਜਿੰਦਰ, ਦਲੇਰ, ਗੁਰਦੀਪ ਸਿੱਧੂ, ਬਘੇਲ ਢਿੱਲੋਂ, ਮੱਖਣ ਰਣੀਕੇ (ਸਾਰੇ ਅਮਰੀਕਾ ਵਾਸੀ), ਸੱਤਾ ਬਠਿੰਡਾ, ਜੱਸ ਔਕਲਾ, ਪਾਲਾ ਬੜਾ ਪਿੰਡ, ਗੋਪਾ ਬੈਂਸ ਨਿਊਜ਼ੀਲੈਂਡ, ਚਮਕੀਲਾ ਆਸਟਰੇਲੀਆ, ਗੋਲਡੀ ਸਹੋਤਾ ਨਿਊਜ਼ੀਲੈਂਡ, ਗਮਦੂਰ ਕੈਨੇਡਾ ਤੇ ਹੋਰ ਖੇਡ ਪ੍ਰੇਮੀਆਂ ਵੱਲੋਂ ਮਿਲੇ ਮਾਣ ਸਨਮਾਨ ਹਮੇਸ਼ਾ ਯਾਦ ਰੱਖਦੇ ਹਨ। ਖੇਡ ਮੇਲਿਆਂ ਦੀ ਜਿੰਦ ਜਾਨ ਸੰਧੂ ਭਰਾ ਇਸੇ ਤਰ੍ਹਾਂ ਹੀ ਚੜ੍ਹਦੀ ਕਲਾਂ ਵਿੱਚ ਰਹਿਣ। ਆਪਣੀ ਜੋਸ਼ ਭਰੀ ਤੇ ਜਾਨਦਾਰ ਕੁਮੈਂਟਰੀ ਨਾਲ ਖੇਡ ਮੇਲਿਆਂ ਵਿੱਚ ਰੰਗ ਭਰਦੇ ਰਹਿਣ।